ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੇ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬਲਦੇਵ ਸਿੰਘ ਨਿਹਾਲਗੜ੍ਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਕੇਂਦਰ ਸਰਕਾਰ ਵੱਲੋਂ ਝੋਨੇ ਤੇ ਸਾਉਣੀ ਦੀਆਂ ਹੋਰ ਫ਼ਸਲਾਂ ਦੇ ਭਾਅ ਵਿੱਚ ਨਿਗੂਣੇ ਵਾਧੇ ਨੂੰ ਰੱਦ ਕਰਦਿਆਂ ਮੰਗ ਕੀਤੀ ਗਈ ਕਿ ਕੁੱਲ 23 ਫ਼ਸਲਾਂ ਦਾ ਭਾਅ ਸਵਾਮੀਨਾਥਨ ਫਾਰਮੂਲੇ ਸੀ2 ਪਲੱਸ 50 ਫ਼ੀਸਦੀ ਦੇ ਰੇਟ ਦੇ ਕੇ ਮੁਕੰਮਲ ਖਰੀਦ ਕੀਤੀ ਜਾਵੇ। ਇਸ ਮੌਕੇ ਤਰਕ ਦਿੱਤਾ ਗਿਆ ਕਿ ਡੀਜ਼ਲ ਦੀਆਂ ਵਧੀਆਂ ਕੀਮਤਾਂ ਅਤੇ ਫ਼ਸਲਾਂ ਦੀਆਂ ਲਾਗਤ ਕੀਮਤਾਂ ਵਿੱਚ ਹੋ ਰਿਹਾ ਵਾਧਾ ਸਰਕਾਰੀ ਐਲਾਨੇ ਰੇਟ ਤੋਂ ਕਿਤੇ ਵੱਧ ਹੈ। ਇਸ ਮੌਕੇ ਸਰਬਸੰਮਤੀ ਨਾਲ ਪੰਜਾਬ ਤੇ ਹਰਿਆਣਾ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਆਪਸੀ ਸਹਿਮਤੀ ਨਾਲ ਲਵਾਈ ਦਾ ਰੇਟ ਤੈਅ ਕਰਨ ਦੀ ਅਪੀਲ ਕੀਤੀ ਗਈ। ਜਥੇਬੰਦੀਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਏਕਤਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਤੇ ਮਤਾ ਪਾਉਣ ਵਾਲੀ ਕਾਰਵਾਈ ਭਾਜਪਾ ਦੀ ਫੁੱਟਪਾਊ ਨੀਤੀ ਨੂੰ ਬਲ ਬਖਸ਼ ਸਕਦੀ ਹੈ। ਖੇਤੀਬਾੜੀ ਮੰਤਰੀ ਸ੍ਰੀ ਤੋਮਰ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਆਗੂਆਂ ਨੇ ਕਿਹਾ ਕੇ ਉਹ ਹਮੇਸ਼ਾ ਬਿਨਾ ਸ਼ਰਤ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਰਹੇ ਹਨ ਤੇ ਜੇਕਰ ਅੱਗੇ ਵੀ ਸਰਕਾਰ ਖੁੱਲ੍ਹੇ ਮਨ ਨਾਲ ਸੱਦਾ ਦਿੰਦੀ ਹੈ ਤਾਂ ਉਹ ਗੱਲ ਕਰਨ ਲਈ ਤਿਆਰ ਹਨ। ਕਿਸਾਨ ਆਗੂਆਂ ਨੇ ਟਰੈਕਟਰ ਤੋਂ ਟਵਿੱਟਰ ਅਕਾਊਂਟ ਚਲਾਉਣ ਵਾਲਿਆਂ ’ਤੇ ਇੱਕ ਟੀਵੀ ਚੈਨਲ ਵੱਲੋਂ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਨ੍ਹਾਂ ਦੀ ਕਾਨੂੰਨੀ ਸਹਾਇਤਾ ਕਰਨ ਦਾ ਫ਼ੈਸਲਾ ਲਿਆ। ਆਗੂਆਂ ਨੇ ਅਗਲੇ ਦਿਨਾਂ ਵਿੱਚ ਦਿੱਲੀ ਮੋਰਚਿਆਂ ਨੂੰ ਝੋਨੇ ਦੀ ਲਵਾਈ ਦੇ ਦਿਨਾਂ ’ਚ ਮਜ਼ਬੂਤ ਕਰਨ ਲਈ ਭਰਾਤਰੀ ਜਥੇਬੰਦੀਆਂ, ਟਰੇਡ ਯੂਨੀਅਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਖਾਸ ਕਰਕੇ ਬੀਬੀਆਂ ਨੂੰ ਵਹੀਰਾਂ ਘੱਤਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿੱਚ ਪ੍ਰੇਮ ਸਿੰਘ ਭੰਗੂ, ਰਮਿੰਦਰ ਪਟਿਆਲਾ, ਬੂਟਾ ਸਿੰਘ ਬੁਰਜਗਿੱਲ, ਮਨਜੀਤ ਰਾਏ, ਡਾ. ਸਤਨਾਮ ਅਜਨਾਲਾ, ਹਰਮੀਤ ਕਾਦੀਆਂ, ਮੇਜਰ ਪੁੰਨਾਵਾਲ, ਬੋਘ ਸਿੰਘ ਮਾਨਸਾ, ਤੇ ਬਲਦੇਵ ਸਿਰਸਾ ਸਮੇਤ ਸਮੁੱਚੇ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here