ਡੀਸੀ ਦਫ਼ਤਰ ਕਾਮਿਆਂ ਦੀ ਸੂਬਾ ਸਰਕਾਰ ਨਾਲ ਮੀਟਿੰਗ ਬੇਸਿੱਟਾ

2


ਕੁਲਦੀਪ ਸਿੰਘ

ਚੰਡੀਗੜ੍ਹ, 9 ਅਕਤੂਬਰ

ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫ਼ਤਰ ਕਰਮਚਾਰੀ ਯੂਨੀਅਨ ਦੀ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ। ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਜਨਰਲ ਸਕੱਤਰ ਜੋਗਿੰਦਰ ਕੁਮਾਰ ਜੀਰਾ, ਚੇਅਰਮੈਨ ਓਮ ਪ੍ਰਕਾਸ਼ ਸਿੰਘ, ਮੀਤ ਪ੍ਰਧਾਨ ਸੰਦੀਪ ਸਿੰਘ ਅਤੇ ਕਾਰਜਕਾਰਨੀ ਮੈਂਬਰ ਬਲਬੀਰ ਸਿੰਘ ਨੇ ਸ਼ਮੂਲੀਅਤ ਕੀਤੀ। ਸੂਬਾ ਆਗੂਆਂ ਨੇ ਦੱਸਿਆ ਕਿ ਯੂਨੀਅਨ ਨੇ ਮੀਟਿੰਗ ਦੌਰਾਨ ਵਿਭਾਗੀ ਅਤੇ ਸਾਂਝੀਆਂ ਮੰਗਾਂ ਬਾਰੇ ਵਿਸਥਾਰ ਵਿੱਚ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਵੇਂ ਲੋਕ ਸਭਾ ਚੋਣਾਂ 2019 ਵਿੱਚ ਕੰਮ ਕਰਨ ਬਦਲੇ ਮਾਣ-ਭੇਟਾ ਮਨਜ਼ੂਰ ਕਰਨ ਬਾਰੇ ਆਖਿਆ ਹੈ ਪਰ 2017 ਚੋਣਾਂ ਦੀ ਮਾਣ-ਭੇਟਾ ਨਾ ਦੇਣ ਬਾਰੇ ਕਿਹਾ ਗਿਆ ਹੈ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਕੋਈ ਵੀ ਆਊਟਸੋਰਸ ਜਾਂ ਕੱਚਾ ਮੁਲਾਜ਼ਮ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ ਅਤੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਕਾਨੂੰਨ ਜਲਦੀ ਲਿਆਉਣ ਦੇ ਨਾਲ-ਨਾਲ ਇੱਕ ਲੱਖ ਮੁਲਾਜ਼ਮ ਹੋਰ ਰੈਗੂਲਰ ਭਰਤੀ ਕੀਤੇ ਜਾਣਗੇ।

ਇਸ ਤੋਂ ਇਲਾਵਾ ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪਰਿਵਾਰਕ ਪੈਨਸ਼ਨ ਦਾ ਪੱਤਰ ਵੀ ਜਾਰੀ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਸਰਕਾਰ ਦਾ ਪੱਖ ਯੂਨੀਅਨ ਨੂੰ ਸੰਤੋਖਜਨਕ ਨਹੀਂ ਲੱਗਿਆ। ਵਫ਼ਦ ਅਨੁਸਾਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ, ਇਸ ਲਈ ਉਨ੍ਹਾਂ ਵੱਲੋਂ ਅਣਮਿੱਥੇ ਸਮੇਂ ਦਾ ਵੱਡਾ ਸੰਘਰਸ਼ ਉਲੀਕਣ ਦੀ ਤਿਆਰੀ ਲਈ ਜਲਦੀ ਹੀ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ। ਫਿਲਹਾਲ ਮਨਿਸਟੀਰੀਅਲ ਯੂਨੀਅਨ ਦੀ ਹੜਤਾਲ ਕਾਰਨ ਡੀਸੀ ਦਫ਼ਤਰਾਂ ਵਿੱਚ ਕੰਮਕਾਜ ਠੱਪ ਪਿਆ ਹੈ ਅਤੇ ਇਹ ਹੜਤਾਲ 17 ਅਕਤੂਬਰ ਤੱਕ ਜਾਰੀ ਰਹੇਗੀ। 


Leave a Reply