ਕੋਲਕਾਤਾ, 20 ਜੁਲਾਈ

ਸਾਤਾਰਾ ਦੇ ਪ੍ਰਵੀਨ ਜਾਧਵ ਕੋਲ ਬਚਪਨ ਵਿੱਚ ਦੋ ਹੀ ਰਾਹ ਸਨ। ਉਹ ਜਾਂ ਤਾਂ ਆਪਣੇ ਪਿਤਾ ਨਾਲ ਦਿਹਾੜੀ ਮਜ਼ਦੂਰੀ ਕਰਦਾ ਜਾਂ ਬਿਹਤਰ ਜ਼ਿੰਦਗੀ ਲਈ ਟਰੈਕ ’ਤੇ ਦੌੜਦਾ। ਪਰ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਓਲੰਪਿਕ ਵਿੱਚ ਤੀਰਅੰਦਾਜ਼ੀ ਜਿਹੇ ਖੇਡ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ। ਸਾਤਾਰਾ ਦੇ ਸਰਾਡੇ ਪਿੰਡ ਦੇ ਇਸ ਮੁੰਡੇ ਦਾ ਸਫ਼ਰ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਉਹ ਆਪਣੇ ਪਿਤਾ ਨਾਲ ਮਜ਼ਦੂਰੀ ’ਤੇ ਵੀ ਜਾਣ ਲੱਗਾ ਸੀ, ਪਰ ਫਿਰ ਖੇਡਾਂ ਨੇ ਜਾਧਵ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ। ਜਾਧਵ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪਰਿਵਾਰ ਦੀ ਹਾਲਤ ਬਹੁਤ ਖ਼ਰਾਬ ਸੀ। ਮੇਰੇ ਪਰਿਵਾਰ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਸੱਤਵੀਂ ਜਮਾਤ ਮਗਰੋਂ ਸਕੂਲ ਛੱਡਣਾ ਪਏਗਾ ਤਾਂ ਕਿ ਪਿਤਾ ਨਾਲ ਮਜ਼ਦੂਰੀ ਕਰ ਸਕਾਂ।’’ ਜਾਧਵ ਦੇ ਸਕੂਲ ਵਿਚਲੇ ਖੇਡ ਅਧਿਆਪਕ ਵਿਕਾਸ ਭੁਜਬਲ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਅਥਲੈਟਿਕਸ ਵਿੱਚ ਹਿੱਸਾ ਲੈਣ ਨੂੰ ਕਿਹਾ। ਭੁਜਬਲ ਨੇ ਜਾਧਵ ਨੂੰ ਕਿਹਾ ਕਿ ਇਸ ਨਾਲ ਨਾ ਸਿਰਫ਼ ਜ਼ਿੰਦਗੀ ਬਦਲੇਗੀ ਬਲਕਿ ਦਿਹਾੜੀ ਮਜ਼ਦੂਰੀ ਵੀ ਨਹੀਂ ਕਰਨੀ ਪਏਗੀ। ਜਾਧਵ ਨੂੰ ਤੀਰਅੰਦਾਜ਼ ਬਣਨ ਦੀ ਚੇਟਕ ਉਦੋਂ ਲੱਗੀ ਜਦੋਂ ਉਸ ਨੇ ਅਹਿਮਦਨਗਰ ਦੇ ਹੋਸਟਲ ਵਿੱਚ ਅਭਿਆਸ ਦੌਰਾਨ ਦਸ ਮੀਟਰ ਦੀ ਦੂਰੀ ਤੋਂ ਦਸ ਦੀਆਂ ਦਸ ਗੇਂਦਾਂ ਰਿੰਗ ਦੇ ਅੰਦਰ ਪਾ ਦਿੱਤੀਆਂ। ਜਾਧਵ ਨੇ ਮਗਰੋਂ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਪਰਿਵਾਰ ਦੇ ਹਾਲਾਤ ਵੀ ਸੁਧਰ ਗਏ। ਜਾਧਵ ਨੇ ਪਹਿਲਾਂ ਕੌਮਾਂਤਰੀ ਤਗ਼ਮਾ 2016 ਵਿੱਚ ਏਸ਼ੀਆ ਕੱਪ ਵਿੱਚ ਕਾਂਸੇ ਦੇ ਰੂਪ ਵਿੱਚ ਜਿੱਤਿਆ। ਦੋ ਸਾਲ ਪਹਿਲਾਂ ਨੀਦਰਲੈਂਡ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤਣ ਵਾਲੀ ਤਿੱਕੜੀ ਵਿੱਚ ਜਾਧਵ ਵੀ ਸ਼ਾਮਲ ਸੀ। ਦੋ ਹੋਰਨਾਂ ਤੀਰਅੰਦਾਜ਼ਾਂ ਵਿੱਚ ਤਰੁਣਦੀਪ ਰਾੲੈ ਤੇ ਅਤਨੂ ਦਾਸ ਸਨ। ਆਪਣਾ ਪਹਿਲਾ ਓਲੰਪਿਕ ਖੇਡ ਰਹੇ ਜਾਧਵ ਨੇ ਕਿਹਾ ਕਿ ਉਹ ਹਰ ਦਬਾਅ ਦੇ ਟਾਕਰੇ ਲਈ ਤਿਆਰ ਹੈ। -ਪੀਟੀਆਈ

LEAVE A REPLY

Please enter your comment!
Please enter your name here