ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 22 ਅਗਸਤ

ਥਾਨੇਸਰ ਦੇ ਵਿਧਾਇਕ ਤੇ ਰਾਜ ਮੰਤਰੀ ਸੁਭਾਸ਼ ਸੁਧਾ ਨੂੰ ਅੱਜ ਉਸ ਸਮੇਂ ਸਿਆਸੀ ਝਟਕਾ ਲੱਗਾ ਜਦੋਂ ਭਾਜਪਾ ਦੇ 8 ਸਾਬਕਾ ਕੌਂਸਲਰ ਤੇ ਪਿੰਡ ਘਰਾੜਸੀ ਦਾ ਸਰਪੰਚ ਕਰਮਬੀਰ ਆਪਣੇ ਸਾਥੀਆਂ ਸਣੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਨ੍ਹਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਅਰੋੜਾ ਨੇ ਇਨ੍ਹਾਂ ਨੂੰ ਪਾਰਟੀ ਦਾ ਝੰਡਾ ਪਹਿਨਾ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ। ਸ੍ਰੀ ਅਰੋੜਾ ਨੇ ਕਿਹਾ ਕਿ ਇਨ੍ਹਾਂ ਸਾਰੇ ਕੌਂਸਲਰਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਇਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਏਗਾ। ਇਸ ਮੌਕੇ ਆਲ ਇੰਡੀਆ ਸਾਰਸਵਤ ਬ੍ਰਾਹਮਣ ਸਭਾ ਤੇ ਧਰਮਸ਼ਾਲਾ ਦੇ ਕੌਮੀ ਪ੍ਰਧਾਨ ਨਰਿੰਦਰ ਸ਼ਰਮਾ ਨਿੰਦੀ ਜੋ ਕਿ ਨਗਰ ਕੌਂਸਲ ਵਿੱਚ ਚਾਰ ਵਾਰ ਕੌਂਸਲਰ ਰਹਿ ਚੁੱਕੇ ਨੇ ਇਨ੍ਹਾਂ ਸਾਰੇ ਕੌਂਸਲਰਾਂ ਦਾ ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਨੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ ਹੈ ਤੇ ਹੁਣ ਇਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਇਹ ਵੀ ਜ਼ਿਕਰਯੋਗ ਹੈ ਕਿ ਇਹ ਸਾਰੇ ਕੌਂਸਲਰ ਰਾਜ ਮੰਤਰੀ ਸੁਭਾਸ਼ ਸੁਧਾ ਦੇ ਵਿਸ਼ਵਾਸ਼ ਪਾਤਰ ਗਿਣੇ ਜਾਂਦੇ ਸਨ। ਇਹ ਵੀ ਦੱਸਣਯੋਗ ਹੈ ਕਿ ਰਾਜ ਮੰਤਰੀ ਦੀ ਪਤਨੀ ਪਿਛਲੇ 15 ਸਾਲਾਂ ਤੋਂ ਨਗਰ ਕੌਂਸਲ ਦੀ ਚੇਅਰਪਰਸਨ ਦੇ ਆਹੁਦੇ ਤੇ ਕਾਬਜ਼ ਹੈ।

ਕਾਂਗਰਸ ਦੇ ਆਗੂ ਅਸ਼ੋਕ ਅਰੋੜਾ ਨੇ ਕਿਹਾ ਕਿ ਅੱਜ ਸੂਬੇ ਵਿੱਚ ਬਦਲਾਅ ਦੀ ਲਹਿਰ ਚਲ ਰਹੀ ਹੈ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਲੰਮੀ ਲਾਈਨ ਹੈ। ਸੂਬੇ ਦੇ ਲੋਕ ਭਾਜਪਾ ਕੁਸ਼ਾਸਨ ਤੋਂ ਅੱਕੇ ਹੋਏ ਹਨ ਤੇ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਦਾ ਸਫਾਇਆ ਹੋਣਾ ਤੈਅ ਹੈ ਤੇ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੇਗੀ। ਇਸ ਤੋਂ ਇਲਾਵਾ ਪਿੰਡ ਘਰਾੜਸੀ ਦਾ ਸਾਬਕਾ ਸਰਪੰਚ ਕਰਮਬੀਰ ਵੀ ਆਪਣੇ ਸੈਂਕੜੇ ਸਾਥੀਆਂ ਸਣੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

LEAVE A REPLY

Please enter your comment!
Please enter your name here