ਜਸਵੰਤ ਸਿੰਘ ਥਿੰਦ
ਮਮਦੋਟ, 9 ਸਤੰਬਰ
ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਪੀਰ ਕੇ ਖਾਨਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਚੱਲ ਰਹੇ ਕੰਮ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਝੋਕ ਟਹਿਲ ਸਿੰਘ ਵਾਲਾ ਦੇ ਪ੍ਰਧਾਨ ਬੂਟਾ ਸਿੰਘ ਕਰੀਆ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਫੁੱਲਰ ਵਨ ਦੀ ਅਗਵਾਈ ਵਿੱਚ ਬੀਡੀਪੀਓ ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਹਾਲਾਤ ਨੂੰ ਦੇਖਦੇ ਹੋਏ ਬੀਡੀਪੀਓ ਵੱਲੋਂ ਮੌਕੇ ’ਤੇ ਪੁਲੀਸ ਵੀ ਬੁਲਾਈ ਗਈ ਜਿਸ ’ਤੇ ਐਸਐਚਓ ਗੁਰਜੰਟ ਸਿੰਘ ਪੁਲੀਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਆਗੂਆਂ ਨੇ ਦੱਸਿਆ ਕਿ ਪਿੰਡ ਪੀਰ ਕੇ ਖਾਨਗੜ੍ਹ ਵਿੱਚ ਚੱਲ ਰਹੇ ਸ਼ਮਸ਼ਾਨਘਾਟ ਦੇ ਕੰਮ ਨੂੰ ਲੈ ਕੇ ਯੂਨੀਅਨ ਦੇ ਆਗੂ ਬੀਡੀਪੀਓ ਮਮਦੋਟ ਨੂੰ ਮਿਲੇ ਜਿਨ੍ਹਾਂ ਨੇ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਅਤੇ ਜਥੇਬੰਦੀ ਦੇ ਆਗੂਆਂ ਨਾਲ ਗਲਤ ਵਿਹਾਰ ਕੀਤਾ। ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਬੀਡੀਪੀਓ ਦੇ ਉਕਤ ਵਿਹਾਰ ਕਾਰਨ ਜਥੇਬੰਦੀ ਵੱਲੋਂ ਉਨ੍ਹਾਂ ਦੇ ਦਫਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੇ ਦਬਾਅ ਕਾਰਨ ਬੀਡੀਪੀਓ ਨੇ ਸ਼ਮਸ਼ਾਨ ਘਾਟ ਦੇ ਚੱਲ ਰਹੇ ਕੰਮ ਨੂੰ ਤੁਰੰਤ ਬੰਦ ਕਰਵਾਇਆ ਤੇ ਇਹ ਵਿਸ਼ਵਾਸ ਦਿਵਾਇਆ ਕਿ ਜੋ ਪਿੰਡ ਦੀ ਮੰਗ ਹੈ ਉਹ ਕੰਮ ਕਰਵਾਇਆ ਜਾਵੇਗਾ।