ਪ੍ਰਭੂ ਦਿਆਲ

ਸਿਰਸਾ, 20 ਜੁਲਾਈ

ਦੇਸ਼ਧ੍ਰੋਹ ਦੇ ਦੋਸ਼ ਹੇਠ ਜੇਲ੍ਹਾਂ ’ਚ ਡੱਕੇ ਕਿਸਾਨਾਂ ਦੀ ਰਿਹਾਈ ਦੀ ਮੰਗ ਸਬੰਧੀ ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਅੱਜ ਦੇਰ ਸ਼ਾਮ ਹੋਈ ਤੀਜੇ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਭਲਕੇ ਦੋ ਘੰਟੇ ਲਈ ਇੱਥੇ ਦਿੱਲੀ-ਸਿਰਸਾ ਕੌਮੀ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਹੈ। ਉਧਰ, ਸੰਯੁਕਤ ਕਿਸਾਨ ਮੋਰਚਾ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਸਿਰਸਾ ਵੱਲੋਂ ਕਿਸਾਨਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਸਬੰਧੀ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਸਿਰਸਾ ਦੀ ਸਿਹਤ ਦੀ ਜਾਂਚ ਵੀ ਕੀਤੀ। ਡਾਕਟਰਾਂ ਅਨੁਸਾਰ ਸ੍ਰੀ ਸਿਰਸਾ ਦਾ ਭਾਰ ਘਟਣਾ ਸ਼ੁਰੂ ਹੋ ਗਿਆ ਹੈ।

ਕਿਸਾਨਾਂ ਦੀ ਰਿਹਾਈ ਲਈ ਅੱਜ ਦੇਰ ਸ਼ਾਮ ਸੰਯੁਕਤ ਕਿਸਾਨ ਮੋਰਚਾ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਵਫ਼ਦ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋਈ, ਜੋ ਬੇਨਤੀਜਾ ਰਹੀ। ਕਿਸਾਨ ਆਗੂ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਜੇਲ੍ਹ ’ਚ ਡੱਕੇ ਪੰਜਾਂ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਦੋਸ਼ਧ੍ਰੋਹ ਤੇ ਹੋਰ ਸੰਗੀਨ ਧਾਰਾਵਾਂ ਨੂੰ ਰੱਦ ਕਰਨ ’ਤੇ ਅੜੇ ਰਹੇ ਜਦਕਿ ਪ੍ਰਸ਼ਾਸਨਿਕ ਅਧਿਕਾਰੀ ਜੇਲ੍ਹ ਗਏ ਕਿਸਾਨਾਂ ਦੀਆਂ ਜ਼ਮਾਨਤਾਂ ਕਰਵਾਉਣ ਤੇ ਬਲਦੇਵ ਸਿੰਘ ਸਿਰਸਾ ਦਾ ਮਰਨ ਵਰਤ ਖਤਮ ਕਰਵਾਉਣ ’ਤੇ ਅੜੇ ਰਹੇ। ਮੀਟਿੰਗ ਮਗਰੋਂ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਗੱਲਬਾਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਦੱਸੀ ਜਾਵੇਗੀ ਤੇ ਉਨ੍ਹਾਂ ਦੇ ਫ਼ੈਸਲੇ ਮੁਤਾਬਕ ਰਣਨੀਤੀ ਬਣਾਈ ਜਾਵੇਗੀ। ਭਲਕੇ ਰੋਡ ਜਾਮ ਦੇ ਪ੍ਰੋਗਰਾਮ ’ਚ ਹਰਿਆਣਾ ਤੋਂ ਇਲਾਵਾ ਪੰਜਾਬ ਤੋਂ ਕਿਸਾਨ ਆਉਣਗੇ ਤੇ ਇੱਥੇ ਪੱਕੇ ਟੈਂਟ ਲਾਉਣਗੇ। ਵਫ਼ਦ ਵਿੱਚ ਸਵਰਨ ਸਿੰਘ ਵਿਰਕ, ਲਖਵਿੰਦਰ ਸਿੰਘ ਲੱਖਾ, ਪ੍ਰਹਿਲਾਦ ਸਿੰਘ, ਮੈਕਸ ਸਾਹੂਵਾਲਾ, ਪ੍ਰਕਾਸ਼, ਸਿਕੰਦਰ ਤੇ ਜਗਰੂਪ ਸਿੰਘ ਸ਼ਾਮਲ ਸਨ।

ਧਰਨਾਕਾਰੀ ਔਰਤਾਂ ਬਾਰੇ ਅਸ਼ਲੀਲ ਟਿੱਪਣੀ ਕਰਨ ਵਾਲੇ ਖ਼ਿਲਾਫ਼ ਕਾਰਵਾਈ ਮੰਗੀ 

ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਧਰਨੇ ’ਚ ਔਰਤਾਂ ਦੀ ਸ਼ਿਰਕਤ ਬਾਰੇ ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਅਸ਼ਲੀਲ ਟਿੱਪਣੀ ਕੀਤੀ ਹੈ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ। ਕਿਸਾਨਾਂ ਨੇ ਪੁਲੀਸ ਕੋਲ ਸ਼ਿਕਾਇਤ ਕਰ ਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਮੰਗੀ ਹੈ। 

LEAVE A REPLY

Please enter your comment!
Please enter your name here