ਦੇਸ਼ ਨੂੰ ਪਹਿਲਾਂ ਕਦੇ ਫ਼ੈਸਲੇ ਲੈਣ ਵਾਲੀ ਸਰਕਾਰ ਨਹੀਂ ਮਿਲੀ: ਮੋਦੀ

2

ਨਵੀਂ ਦਿੱਲੀ, 11 ਅਕਤੂਬਰ

ਮੁੱਖ ਅੰਸ਼

  • ਪੁਲਾੜ ਐਸੋਸੀਏਸ਼ਨ ਨੀਤੀਆਂ ਬਣਾ ਕੇ ਹਿੱਤਧਾਰਕਾਂ ਨਾਲ ਕਰੇਗੀ ਤਾਲਮੇਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਆਪਕ ਸੁਧਾਰਾਂ ਲਈ ਕੰਮ ਕਰ ਰਹੀ ਹੈ, ਏਅਰ ਇੰਡੀਆ ਦਾ ਨਿੱਜੀਕਰਨ ਵੀ ਇਸੇ ਲੜੀ ਦਾ ਹਿੱਸਾ ਹੈ। ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਕਦੇ ਵੀ ਇਸ ਤਰ੍ਹਾਂ ‘ਫ਼ੈਸਲੇ ਲੈਣ ਵਾਲੀ ਸਰਕਾਰ’ ਨਹੀਂ ਮਿਲੀ। ਉਦਯੋਗਿਕ ਸੰਸਥਾ ‘ਇੰਡੀਅਨ ਸਪੇਸ ਐਸੋਸੀਏਸ਼ਨ’ ਨੂੰ ਲਾਂਚ ਕਰਦਿਆਂ ਮੋਦੀ ਨੇ ਕਿਹਾ ਕਿ ਖਣਨ, ਕੋਲਾ, ਰੱਖਿਆ ਤੇ ਪੁਲਾੜ ਸੈਕਟਰ ਪ੍ਰਾਈਵੇਟ ਕੰਪਨੀਆਂ ਲਈ ਖੋਲ੍ਹੇ ਗਏ ਹਨ। ਸਰਕਾਰ ਦੀ ਜਨਤਕ ਖੇਤਰ ਬਾਰੇ ਸਪੱਸ਼ਟ ਨੀਤੀ ਹੈ ਕਿ ਉਨ੍ਹਾਂ ਖੇਤਰਾਂ ਨੂੰ ਪ੍ਰਾਈਵੇਟ ਸਨਅਤ ਲਈ ਖੋਲ੍ਹਿਆ ਜਾਵੇ ਜਿਥੇ ਇਸ ਦੀ (ਸਰਕਾਰ) ਦੀ ਮੌਜੂਦਗੀ ਜ਼ਰੂਰੀ ਨਹੀਂ ਹੈ। ਇੰਡੀਅਨ ਸਪੇਸ ਐਸੋਸੀਏਸ਼ਨ ਕਾਇਮ ਕਰਨ ਦਾ ਮੰਤਵ ਇਸ ਨੂੰ ਦੇਸ਼ ਦੇ ਪੁਲਾੜ ਸੈਕਟਰ ਦੀ ਆਵਾਜ਼ ਬਣਾਉਣਾ ਹੈ। ਸਰਕਾਰ ਦਾ ਕਹਿਣਾ ਹੈ ਕਿ ਐਸੋਸੀਏਸ਼ਨ ਨੀਤੀਆਂ ਬਣਾਏਗੀ ਤੇ ਪੁਲਾੜ ਖੇਤਰ ਵਿਚ ਸਰਕਾਰੀ ਏਜੰਸੀਆਂ ਸਣੇ ਸਾਰੇ ਹਿੱਤਧਾਰਕਾਂ ਨਾਲ ਤਾਲਮੇਲ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਸੈਕਟਰ ਖੋਲ੍ਹਦਿਆਂ ਸਰਕਾਰ ਨੇ ਰੈਗੂਲੇਟਰੀ ਢਾਂਚਾ ਵੀ ਕਾਇਮ ਕੀਤਾ ਹੈ ਜਿਸ ਵਿਚ ਕੌਮੀ ਹਿੱਤਾਂ ਨੂੰ ਪਹਿਲ ਦਿੱਤੀ ਗਈ ਹੈ ਤੇ ਵੱਖ-ਵੱਖ ਹਿੱਤਧਾਰਕਾਂ ਦਾ ਖਿਆਲ ਵੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੁਲਾੜ ਖੇਤਰ ਬਾਰੇ ਬਣੀ ਮਾਨਸਿਕਤਾ ਨੂੰ ਵੀ ਤੋੜਨ ਦਾ ਯਤਨ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਪੁਲਾੜ ਖੇਤਰ ਵਿਚ ਸਰਕਾਰ ਦੀ ਪਹੁੰਚ ਚਾਰ ਪੱਖਾਂ ਉਤੇ ਅਧਾਰਿਤ ਹੈ। ਪ੍ਰਾਈਵੇਟ ਸੈਕਟਰ ਨੂੰ ਕਾਢ ਕੱਢਣ ਦੀ ਇਜਾਜ਼ਤ ਹੋਵੇਗੀ, ਸਰਕਾਰ ਸਮਰੱਥਾ ’ਚ ਵਾਧਾ ਕਰਨ ’ਚ ਸਹਿਯੋਗ ਦੇਵੇਗੀ। ਭਵਿੱਖ ਲਈ ਨੌਜਵਾਨਾਂ ਨੂੰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਕੋਲ ਤਕਨੀਕੀ ਮੁਹਾਰਤ ਦੀ ਕੋਈ ਘਾਟ ਨਹੀਂ ਹੈ। ‘ਕੌਮਾਂਤਰੀ ਬਾਲੜੀ ਦਿਵਸ’ ਦੇ ਸੰਦਰਭ ਵਿਚ ਮੋਦੀ ਨੇ ਕਿਹਾ ਕਿ ਔਰਤਾਂ ਭਵਿੱਖ ਵਿਚ ਪੁਲਾੜ ਖੇਤਰ ’ਚ ਅਹਿਮ ਯੋਗਦਾਨ ਦੇਣਗੀਆਂ। ਰੱਖਿਆ ਸਟਾਫ਼ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਹਥਿਆਰਬੰਦ ਬਲਾਂ ਨੂੰ ਪੁਲਾੜ ਤਕਨੀਕ ਮੁਹੱਈਆ ਕਰਵਾਉਣ ਲਈ ਭਾਰਤ ਦੀ ਪ੍ਰਾਈਵੇਟ ਸਨਅਤ ਨੂੰ ਅੱਗੇ ਆਉਣਾ ਚਾਹੀਦਾ ਹੈ। -ਪੀਟੀਆਈ

ਦੇਸੀ ਸੈਟੇਲਾਈਟ ਸਹੂਲਤਾਂ ਦਾ ਘੇਰਾ ਵਧਾਉਣਾ ਪਵੇਗਾ: ਅਜੀਤ ਡੋਵਾਲ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਭਾਰਤ ਨੂੰ ਸਵਦੇਸ਼ੀ ਸੈਟੇਲਾਈਟ ਸੰਚਾਰ ਸਹੂਲਤਾਂ ਦਾ ਘੇਰਾ ਵਿਸ਼ਾਲ ਕਰਨਾ ਪਏਗਾ। ਇਸ ਤੋਂ ਇਲਾਵਾ ਟਰੈਕਿੰਗ ਸਮਰੱਥਾ ਤੇ ਪੁਲਾੜ ਸੰਪਤੀਆਂ ਦੀ ਸੁਰੱਖਿਆ ਬਿਹਤਰ ਕਰਨੀ ਪਵੇਗੀ। ਡੋਵਾਲ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਦੇਸ਼ ਨਿਰਮਾਣ ਵਿਚ ਬਰਾਬਰ ਦਾ ਹਿੱਸੇਦਾਰ ਹੈ। ਐਨਐੱਸਏ ਨੇ ਕਿਹਾ ਕਿ ਪੁਲਾੜ ਖੇਤਰ ਵਿਚ ਪ੍ਰਾਈਵੇਟ ਨਿਵੇਸ਼ ਨਾਲ ਕਈ ਨਵੇਂ ਦਰਵਾਜ਼ੇ ਖੁੱਲ੍ਹਣਗੇ।  

Leave a Reply