ਡਾ. ਬਲਵਿੰਦਰ ਸਿੰਘ

ਕੈਨੇਡਾ ਦੀ ਖੁਸ਼ਹਾਲੀ ਸੰਸਾਰ ਭਰ ਵਿਚ ਮਸ਼ਹੂਰ ਹੈ, ਪਰ ਇਸ ਦੇਸ਼ ਵਿਚ ਪੱਕੇ ਤੌਰ ’ਤੇ ਦਾਖਲ ਹੋਣ ਦਾ ਸੁਪਨਾ ਪਾਲ਼ੀ ਬੈਠੇ ਲੋਕ ਇਸ ਤੱਥ ਤੋਂ ਬੇਖ਼ਬਰ ਹਨ ਕਿ ਮੌਜੂਦਾ ਕੈਨੇਡਾ ਦਾ ਇਤਿਹਾਸਕ ਪਿਛੋਕੜ ਕੀ ਹੈ। ਬਾਹਰਲੇ ਲੋਕਾਂ ਨੂੰ ਤਾਂ ਛੱਡੋ, ਕੈਨੇਡਾ ਵਿਚ ਰਹਿ ਰਹੇ ਬਹੁ-ਗਿਣਤੀ ਲੋਕ ਵੀ ਉਨ੍ਹਾਂ ਜ਼ੁਲਮਾਂ ਤੋਂ ਅਣਜਾਣ ਹਨ ਜੋ ਇੱਥੋਂ ਦੇ ਮੂਲਵਾਸੀਆਂ ਨੇ ਆਪਣੇ ਪਿੰਡੇ ’ਤੇ ਹੰਢਾਏ ਹਨ ਅਤੇ ਅੱਜ ਤਕ ਉਸ ਸੰਤਾਪ ਨੂੰ ਭੋਗ ਰਹੇ ਹਨ। ਹਾਲ ਹੀ ਵਿਚ ਨਾਮਵਰ ਸੰਸਥਾਵਾਂ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਦੋ-ਤਿਹਾਈ ਕੈਨੇਡੀਅਨਾਂ ਨੂੰ ਕਈ ਦਹਾਕੇ ਪਹਿਲਾਂ ਸਰਕਾਰਾਂ ਵੱਲੋਂ ਚਲਾਏ ਗਏ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਮੂਲਵਾਸੀਆਂ ਦੇ ਬੱਚਿਆਂ ਨਾਲ ਕੀਤੇ ਦੁਰਵਿਹਾਰ ਬਾਰੇ ਕੁਝ ਵੀ ਪਤਾ ਨਹੀਂ ਸੀ।

ਹਰ ਸਾਲ ਪਹਿਲੀ ਜੁਲਾਈ ਨੂੰ ਕੈਨੇਡਾ ਦਿਵਸ ਵਜੋਂ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ, ਪਰ ਇਸ ਸਾਲ ਜਿੱਥੇ ਕਰੋਨਾ ਦੇ ਪ੍ਰਭਾਵ ਕਰਕੇ ਇਹ ਜਸ਼ਨ ਮੱਠੇ ਰਹੇ, ਉੱਥੇ ਇਸ ਦਾ ਦੂਜਾ ਵੱਡਾ ਕਾਰਨ ਸੀ ਪਿਛਲੇ ਕੁਝ ਮਹੀਨਿਆਂ ਤੋਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਨੇੜਿਓਂ ਮੂਲਵਾਸੀ ਬੱਚਿਆਂ ਦੇ ਪਿੰਜਰ ਮਿਲਣ ਦੀਆਂ ਦਿਲਕੰਬਾਊ ਘਟਨਾਵਾਂ। ਕੈਨੇਡਾ ਦੀ ਹੋਂਦ ਦੀ ਵਰ੍ਹੇ ਗੰਢ ਵਾਲੇ ਦਿਨ ਮੂਲਵਾਸੀਆਂ ਅਤੇ ਬਹੁਤੇ ਕੈਨੇਡੀਅਨਾਂ ਵੱਲੋਂ ਉਨ੍ਹਾਂ ਬੱਚਿਆਂ ਦੀ ਯਾਦ ਵਿਚ ਰੋਸ ਮਾਰਚ ਕੱਢੇ ਗਏ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ ਗਈ।

ਕਿਸੇ ਵੀ ਨਜ਼ਰੀਏ ਤੋਂ ਦੇਖਿਆਂ ਕੈਨੇਡਾ ਦੀ ਭੋਂਇ ਦੇ ਅਸਲੀ ਹੱਕਦਾਰ ਤਾਂ ਇੱਥੇ ਸਦੀਆਂ ਤੋਂ ਰਹਿ ਰਹੇ ਮੂਲਵਾਸੀ ਹੀ ਸਨ, ਜਿਨ੍ਹਾਂ ਨੂੰ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਰ ਕੈਨੇਡਾ ਦੀ ਅਮੀਰ ਧਰਤੀ ਦੀ ਮਲਕੀਅਤ ਨੂੰ ਹਥਿਆਉਣ ਲਈ ਯੂਰੋਪ ਵਿਚੋਂ ਪਹਿਲਾਂ ਫਰਾਂਸੀਸੀਆਂ ਤੇ ਬਾਅਦ ਵਿਚ ਅੰਗਰੇਜ਼ਾਂ ਨੇ ਮੂਲਵਾਸੀਆਂ ਨਾਲ ਬੇਹੱਦ ਵਧੀਕੀਆਂ ਕੀਤੀਆਂ। ਆਪਣੇ ਪੈਰ ਜਮਾਉਣ ਉਪਰੰਤ ਗੋਰਿਆਂ ਨੇ ਇਨ੍ਹਾਂ ਲੋਕਾਂ ਨੂੰ ਲਾਂਭੇ ਕਰਨ ਦੇ ਆਪਣੇ ਮਨਸੂਬਿਆਂ ਨੂੰ ਲਗਾਤਾਰ ਜਾਰੀ ਰੱਖਿਆ ਅਤੇ 1867 ਵਿਚ ‘ਕੈਨੇਡਾ’ ਦੀ ਹੋਂਦ ਤੋਂ ਬਾਅਦ ਪਾਰਲੀਮੈਂਟ ਵਿਚ ਵੀ ਮੂਲਵਾਸੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨ ਲਈ ਕਾਨੂੰਨ ਘੜੇ ਗਏ।

ਕੈਨੇਡਾ ਦੀਆਂ ਮੂਲਵਾਸੀ ਔਰਤਾਂ ਆਪਣੀ ਆਪਬੀਤੀ ਸੁਣਾਉਂਦੀਆਂ ਹੋਈਆਂ

ਦੁਖਾਂਤ ਇਹ ਹੈ ਕਿ ਇਹ ਸਾਰਾ ਕੁਝ ਧਰਮ ਦੀ ਆੜ ਵਿਚ ਕੀਤਾ ਗਿਆ। ਮੌਜੂਦਾ ਘਟਨਾਵਾਂ ਵਿਚ ਪਹਿਲਾਂ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ ਨੀਮ-ਪਹਾੜੀ ਇਲਾਕੇ ਕੈਮਲੂਪਸ, ਫਿਰ ਸਸਕੈਚਵਾਨ ਸੂਬੇ ਵਿਚ ਅਤੇ ਮੁੜ ਤੋਂ ਬੀ.ਸੀ. ਦੇ ਇਲਾਕੇ ਕਰੈਨਬਰੁੱਕ ਦੇ ਸੇਂਟ ਯੂਜੀਨ ਮਿਸ਼ਨ ਸਕੂਲ ਦੇ ਹਾਤਿਆਂ ਵਿਚੋਂ ਕਈ ਸੈਂਕੜੇ ਬੱਚਿਆਂ ਦੀਆਂ ਕਬਰਾਂ ਦਾ ਮਿਲਣਾ ਬੇਸ਼ੱਕ ਆਮ ਲੋਕਾਂ ਲਈ ਤਾਂ ਹੈਰਾਨੀਜਨਕ ਹੋਵੇ, ਪਰ ਮੂਲਵਾਸੀਆਂ ਲਈ ਨਹੀਂ; ਉਹ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਇਨ੍ਹਾਂ ਸਕੂਲਾਂ ਦੀਆਂ ਕਬਰਾਂ ਵਿਚ ਉਨ੍ਹਾਂ ਬੱਚਿਆਂ ਨੂੰ ਦਫ਼ਨਾਇਆ ਗਿਆ ਜਿਨ੍ਹਾਂ ਦੀ ਮੌਤ ਇਨ੍ਹਾਂ ਸਕੂਲਾਂ ਵਿਚ ਪੜ੍ਹਦਿਆਂ ਹੋਈ। ਮੈਨੀਟੋਬਾ ਦੇ ਇਕ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਕਬਰਾਂ ਉੱਪਰ ਤਾਂ ਮਨੋਰੰਜਨ ਵਾਸਤੇ ਇਮਾਰਤਾਂ ਤਕ ਬਣਾ ਦਿੱਤੀਆਂ ਗਈਆਂ।

ਵਿਨੀਪੈੱਗ ਦਾ ਰੈਜ਼ੀਡੈਂਸ਼ੀਅਲ ਸਕੂਲ

ਦਰਅਸਲ, ਧਰਤੀ ਥੱਲੇ ਦੱਬੀਆਂ ਹੋਈਆਂ ਇਨ੍ਹਾਂ ਲਾਸ਼ਾਂ ਦੀ ਭਾਲ ਨਵੀਂ ਤਕਨੀਕ ਨਾਲ ਤਿਆਰ ਕੀਤੀਆਂ ਮਸ਼ੀਨਾਂ ਸਦਕਾ ਸੰਭਵ ਹੋ ਸਕੀ ਹੈ, ਭਾਵੇਂ ਕਿ ਮੂਲਵਾਸੀਆਂ ਦੇ ਸੰਗਠਨਾਂ ਅਤੇ ਖੋਜੀਆਂ ਨੂੰ ਪਹਿਲਾਂ ਹੀ ਇਸ ਗੱਲ ਦਾ ਯਕੀਨ ਸੀ ਕਿ ਪਿਛਲੀ ਸਦੀ ਦੌਰਾਨ ਮੂਲਵਾਸੀ ਬੱਚਿਆਂ ਨੂੰ ਮੌਤ ਉਪਰੰਤ ਸਕੂਲਾਂ ਨੇੜਲੀਆਂ ਕਬਰਾਂ ਵਿਚ ਦੱਬ ਦਿੱਤਾ ਗਿਆ ਸੀ; ਇਨ੍ਹਾਂ ਬੱਚਿਆਂ ਵਿਚ ਇਕ ਤਿੰਨ ਸਾਲ ਦੀ ਉਮਰ ਦਾ ਬੱਚਾ ਵੀ ਸੀ। ਕੈਨੇਡਾ ਵਿਚ ਸਭ ਤੋਂ ਪਹਿਲਾ ਰੈਜ਼ੀਡੈਂਸ਼ੀਅਲ ਸਕੂਲ ਟੋਰਾਂਟੋ ਤੋਂ ਕਰੀਬ ਡੇਢ ਘੰਟੇ ਦੀ ਦੂਰੀ ’ਤੇ ਸ਼ਹਿਰ ਬਰੈਂਟਫੋਰਡ ਵਿਚ 1828 ਵਿਚ ਸ਼ੁਰੂ ਕੀਤਾ ਗਿਆ ਸੀ। ਬੇਸ਼ੱਕ ਕਿਹਾ ਤਾਂ ਇਹ ਗਿਆ ਸੀ ਕਿ ਜੰਗਲਾਂ ਵਿਚ ਰਹਿ ਰਹੇ ਮੂਲਵਾਸੀਆਂ ਦੇ ਕਬੀਲਿਆਂ ਦੇ ਬੱਚਿਆਂ ਨੂੰ ਚੰਗੇਰੀ ਸਿੱਖਿਆ ਦਿੱਤੀ ਜਾਵੇਗੀ, ਪਰ ਦਾਖਲੇ ਉਪਰੰਤ ਬੱਚਿਆਂ ਨੂੰ ਜਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਉਸ ਨੂੰ ਸੁਣ/ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।

ਇਕ ਰੈਜ਼ੀਡੈਂਸ਼ੀਅਲ ਸਕੂਲ ਵਿਚ ਪੜ੍ਹ ਰਹੇ ਬੱਚੇ

ਸਭ ਤੋਂ ਪਹਿਲੀ ਜ਼ਿਆਦਤੀ ਇਹ ਕੀਤੀ ਗਈ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲੋਂ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ, ਜਬਰੀ ਵਿਛੋੜਿਆ ਗਿਆ; ਨੱਕੋ ਨੱਕ ਭਰੇ ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨੂੰ ਗਲਿਆ ਹੋਇਆ ਖਾਣਾ ਦਿੱਤਾ ਜਾਂਦਾ ਸੀ; ਲੜਕੀਆਂ ਨੂੰ ਸਰਦੀਆਂ ਵਿਚ ਬਾਹਰ ਸੌਣ ਲਈ ਮਜਬੂਰ ਕੀਤਾ ਜਾਂਦਾ ਸੀ; ਬੱਚਿਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤਾਂ ਕਿ ਉਹ ਭੱਜ ਨਾ ਸਕਣ; ਬਿਸਤਰੇ ਵਿਚ ਹੀ ਪਿਸ਼ਾਬ ਕਰਨ ’ਤੇ ਬੱਚਿਆਂ ਨੂੰ ਕੁੱਟਿਆ ਜਾਂਦਾ ਸੀ; ਬਿਮਾਰੀ ਦੀ ਹਾਲਤ ਵਿਚ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਸੀ (ਜਿਸ ਕਰਕੇ ਬਹੁਤ ਬੱਚਿਆਂ ਦੀ ਟੀ.ਬੀ. ਨਾਲ ਵੀ ਮੌਤ ਹੋਈ); ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਕੁਝ ਬੱਚਿਆਂ ਨਾਲ ਜਿਸਮਾਨੀ ਤੌਰ ’ਤੇ ਬਦਸਲੂਕੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਸੀ। ਜਿਨ੍ਹਾਂ ਬੱਚਿਆਂ ਦੀ ਮੌਤ ਹੋ ਜਾਂਦੀ ਸੀ, ਉਨ੍ਹਾਂ ਨੂੰ ਸਕੂਲ ਦੇ ਹਾਤੇ ਵਿਚ ਹੀ ਦਫ਼ਨਾ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖ਼ਬਰ ਤਕ ਨਹੀਂ ਦਿੱਤੀ ਜਾਂਦੀ ਸੀ।

ਉਨੀਂਵੀਂ ਸਦੀ ਵਿਚ ਕੈਨੇਡਾ ਭਰ ਦੇ ਲਗਭਗ ਸਾਰੇ ਵੱਡੇ ਸੂਬਿਆਂ ਵਿਚ ਚੱਲ ਰਹੇ ਇਨ੍ਹਾਂ ਸਕੂਲਾਂ ਨੂੰ ਈਸਾਈ ਮੱਤ ਦੇ ਚਰਚਾਂ ਵੱਲੋਂ ਚਲਾਇਆ ਜਾਂਦਾ ਸੀ। ਇੱਥੇ ਇਹ ਕਹਿਣਾ ਗ਼ਲਤ ਨਹੀਂ ਕਿ ਇਹ ਸਕੂਲ ਸਮੇਂ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਚਲਾਏ ਜਾ ਰਹੇ ਸਨ। ਇਹੀ ਕਾਰਨ ਹੈ ਕਿ ਕੈਨੇਡਾ ਦੇ ਮੂਲਵਾਸੀਆਂ ਦੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਐਲਗਜ਼ੈਂਡਰ ਮੈਕਡੌਨਲਡ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਅਤੇ ਕਈ ਥਾਵਾਂ ਤੋਂ ਉਸ ਦੇ ਬੁੱਤਾਂ ਨੂੰ ਉਤਾਰ ਦਿੱਤਾ ਹੈ। ਇਸੇ ਤਰ੍ਹਾਂ ਉਸ ਵੇਲੇ ਦੇ ਸਿੱਖਿਆ ਦੀ ਉੱਨਤੀ ਦੇ ਅਲੰਬਰਦਾਰ ਸਮਝੇ ਜਾਂਦੇ ਅਤੇ ਰੈਜ਼ੀਡੈਂਸ਼ੀਅਲ ਸਕੂਲਾਂ ਨੂੰ ਸ਼ੁਰੂ ਕਰਨ ਵਿਚ ਆਪਣੀ ਭੂਮਿਕਾ ਨਿਭਾਉਣ ਵਾਲੇ ਐਗਰਟਨ ਰਾਇਰਸਨ ਵਿਰੁੱਧ ਵੀ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਰਾਇਰਸਨ ਦੀਆਂ ਨੀਤੀਆਂ ਖਿਲਾਫ਼ ਲੋਕਾਂ ਦਾ ਰੋਹ ਇਸ ਹੱਦ ਤਕ ਵਧ ਗਿਆ ਕਿ ਉਨ੍ਹਾਂ ਨੇ ਉਸ ਦੇ ਵੱਖ ਵੱਖ ਥਾਵਾਂ ’ਤੇ ਦਹਾਕਿਆਂ ਤੋਂ ਲੱਗੇ ਹੋਏ ਬੁੱਤਾਂ ਨੂੰ ਭੰਨ ਤੋੜ ਦਿੱਤਾ।

ਮੂਲਵਾਸੀਆਂ ਨੂੰ ਕਦੀ ਵੀ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਗਏ। ਸਗੋਂ ਉਨ੍ਹਾਂ ਨੂੰ ਬਦਤਰ ਹਾਲਾਤ ਵਿਚ ਰੱਖਣ ਦੀਆਂ ਕਾਰਵਾਈਆਂ ਨੂੰ ਜਾਰੀ ਰੱਖਿਆ ਗਿਆ ਹੈ। ਇਸੇ ਲਈ ਉਨ੍ਹਾਂ ਵੱਲੋਂ ਨਾ ਕੇਵਲ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਲਿਆਂਦੇ ਗਏ ਬੱਚਿਆਂ ਦੀਆਂ ਬੇਵਕਤੀ ਅਤੇ ਨਿਰਆਧਾਰ ਮੌਤਾਂ ’ਤੇ ਹੀ ਸਵਾਲੀਆਂ ਚਿੰਨ੍ਹ ਲਗਾਏ ਗਏ ਹਨ ਬਲਕਿ ਉਨ੍ਹਾਂ ਨਾਲ ਕੀਤੇ ਜਾ ਰਹੇ ਗ਼ੈਰ-ਮਨੁੱਖੀ ਵਰਤਾਰੇ ਵਿਰੁੱਧ ਵੀ ਇਨਸਾਫ਼ ਦੀ ਮੰਗ ਕੀਤੀ ਜਾਂਦੀ ਰਹੀ ਹੈ। ਇਸੇ ਕਰਕੇ ਸਰਕਾਰ ਵੱਲੋਂ ਟਰੂਥ ਐਂਡ ਰੀਕਨਸਿਲੀਏਸ਼ਨ ਦੇ ਨਾਮ ਹੇਠ 2008 ਵਿਚ ਇਕ ਕਮਿਸ਼ਨ ਬਿਠਾਇਆ ਗਿਆ ਸੀ ਜਿਸ ਨੇ 2015 ਵਿਚ ਦਿੱਤੀ ਆਪਣੀ ਰਿਪੋਰਟ ਵਿਚ ਕਈ ਸਿਫ਼ਾਰਸ਼ਾਂ ਕੀਤੀਆਂ ਸਨ, ਪਰ ਅਜੇ ਤਕ ਉਨ੍ਹਾਂ ਨੂੰ ਮੁਕੰਮਲ ਤੌਰ ’ਤੇ ਲਾਗੂ ਨਹੀਂ ਕੀਤਾ ਗਿਆ।

ਕਮਿਸ਼ਨ ਮੁਤਾਬਿਕ ਕੈਨੇਡਾ ਭਰ ਵਿਚ ਫੈਲੇ ਇਨ੍ਹਾਂ 138 ਸਕੂਲਾਂ ਵਿਚ ਫਰਸਟ ਨੇਸ਼ਨਜ਼, ਇਨੂਟ ਅਤੇ ਮੈਟੀਜ਼ ਵਰਗਾਂ ਦੇ ਲਗਭਗ 1,50,000 ਬੱਚੇ ਪੜ੍ਹੇ ਜਿਨ੍ਹਾਂ ਵਿਚੋਂ 4,000 ਦੇ ਕਰੀਬ ਬੱਚਿਆਂ ਦੀ ਮੌਤ ਹੋਈ। ਪਰ ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚਵਾਨ, ਦੋਹਾਂ ਸੂਬਿਆਂ ਵਿਚ ਹੀ ਦਫ਼ਨਾਏ ਗਏ ਇਨ੍ਹਾਂ ਬੱਚਿਆਂ ਦੀ ਗਿਣਤੀ 1,000 ਤੋਂ ਟੱਪ ਚੁੱਕੀ ਹੈ। ਅਲਬਰਟਾ ਸੂਬੇ ਦੇ ਬਰੈਂਡਨ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਕਬਰਾਂ ਵਿਚੋਂ ਮਿਲੇ 104 ਪਿੰਜਰਾਂ ਵਿਚੋਂ ਕੇਵਲ 78 ਦੀ ਹੀ ਸ਼ਨਾਖ਼ਤ ਕੀਤੀ ਗਈ ਹੈ ਜਦਕਿ ਬਾਕੀ ਬੇ-ਨਾਮੇ ਹੀ ਦੱਬ ਦਿੱਤੇ ਗਏ।

ਇਨ੍ਹਾਂ ਸਕੂਲਾਂ ਵਿਚ ਬੱਚਿਆਂ ਨਾਲ ਹੋਈਆਂ ਵਧੀਕੀਆਂ ਨੂੰ ਸਵੀਕਾਰ ਕਰਦਿਆਂ ਐਂਗਲੀਕਨ, ਪਰਿਸਬੀਟੇਰੀਅਨ ਅਤੇ ਯੂਨਾਈਟਡ ਚਰਚ ਨੇ ਸਮੇਂ ਦਰ ਸਮੇਂ ਮੁਆਫ਼ੀ ਮੰਗੀ ਹੈ, ਪਰ ਕੈਥੋਲਿਕ ਮੱਤ ਵੱਲੋਂ ਅਜੇ ਤਕ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ। ਚੇਤੇ ਰਹੇ ਕਿ ਕੈਨੇਡਾ ਦੇ 70 ਪ੍ਰਤੀਸ਼ਤ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਪ੍ਰਬੰਧ ਕੈਥੋਲਿਕ ਚਰਚ ਵੱਲੋਂ ਕੀਤਾ ਜਾਂਦਾ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖ਼ੁਦ ਪੋਪ ਫਰਾਂਸਿਸ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਆ ਕੇ ਈਸਾਈਆਂ ਵੱਲੋਂ ਮੂਲਵਾਸੀਆਂ ਨਾਲ ਕੀਤੇ ਗਏ ਮਾੜੇ ਸਲੂਕ ਨੂੰ ਕਬੂਲ ਕਰਨ ਅਤੇ ਮੁਆਫ਼ੀ ਮੰਗਣ। ਕੈਨੇਡਾ ਦੇ ਕੈਥੋਲਿਕ ਚਰਚਾਂ ਦੇ ਕੁਝ ਅਹੁਦੇਦਾਰ ਪਾਦਰੀਆਂ ਨੇ ਇਸ ਵਤੀਰੇ ਦੀ ਨਿੰਦਾ ਕੀਤੀ ਹੈ ਅਤੇ ਆਪਣੇ ਵਿਚਾਰ ਪੋਪ ਤਕ ਪੁੱਜਦੇ ਕੀਤੇ ਹਨ। ਇਹ ਤਾਂ ਪਤਾ ਨਹੀਂ ਕਿ ਪੋਪ ਵੱਲੋਂ ਮੁਆਫ਼ੀਨਾਮਾ ਆਵੇਗਾ ਜਾਂ ਨਹੀਂ ਅਤੇ ਜੇ ਆਵੇਗਾ ਵੀ ਤਾਂ ਕਦੋਂ, ਪਰ ਪਿਛਲੇ ਦੋ ਮਹੀਨਿਆਂ ਤੋਂ ਰੈਜ਼ੀਡੈਂਸ਼ੀਅਲ ਸਕੂਲਾਂ ਵਿਚੋਂ ਮਿਲੀਆਂ ਕਬਰਾਂ ਦੀ ਰੌਸ਼ਨੀ ਵਿਚ ਪੋਪ ਨੇ ਬੀਤੇ ਹਫ਼ਤੇ ਮੂਲਵਾਸੀਆਂ ਦੀਆਂ ਸੰਸਥਾਵਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਉਨ੍ਹਾਂ ਨੂੰ ਚਾਲੂ ਸਾਲ ਦੇ ਅਖੀਰ ਵਿਚ ਵੈਟੀਕਨ ਸਿਟੀ ਆ ਕੇ ਮਿਲਣ।

ਕੈਨੇਡਾ ਨੂੰ ਪਰਵਾਸੀਆਂ ਦਾ ਦੇਸ਼ ਸਮਝਿਆ ਜਾਂਦਾ ਹੈ ਅਤੇ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ। ਬਾਵਜੂਦ ਇਸ ਗੱਲ ਦੇ ਕਿ ਉਨ੍ਹਾਂ ਦਾ ਆਪਣਾ ਨਿੱਜੀ ਵਿਸ਼ਵਾਸ ਕਿਸ ਧਰਮ ਵਿਚ ਹੈ, ਲਗਭਗ ਸਭ ਨੇ ਇਕ ਆਵਾਜ਼ ਵਿਚ ਬੀਤੇ ਸਮੇਂ ਵਿਚ ਮੂਲਵਾਸੀਆਂ ਨਾਲ ਹੋਏ ਵਿਤਕਰੇ ਅਤੇ ਨਫ਼ਰਤ ਵਿਰੁੱਧ ਹਾਅ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਕੈਨੇਡਾ ਦੇ ਇਤਿਹਾਸਕ ਪਿਛੋਕੜ ’ਤੇ ਨਮੋਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ। ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਹਕੀਕਤ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦਾ ਵੀ ਦੁੱਖ ਹੋ ਰਿਹਾ ਹੈ ਕਿ ਉਹ ਜਿਸ ਕੈਨੇਡਾ ਦੀ ਖ਼ੁਸ਼ਹਾਲੀ ਦੀ ਧਾਂਕ ਨੂੰ ਮੁੱਖ ਰੱਖ ਕੇ ਇੱਥੇ ਆ ਕੇ ਵੱਸੇ ਸਨ, ਉਹ ਸੱਚਾਈ ਪੇਤਲੀ ਪੈ ਗਈ ਹੈ।

ਕੈਨੇਡਾ ਵਿਚ ਵੱਸ ਰਹੇ ਉਹ ਲੋਕ ਜਿਨ੍ਹਾਂ ਦਾ ਆਪਣਾ ਸਬੰਧ ਕਿਸੇ ਘੱਟ ਗਿਣਤੀ ਦੇ ਵਰਗ ਨਾਲ ਹੈ ਅਤੇ ਜਿਨ੍ਹਾਂ ਨੂੰ ਆਪਣੇ ਜੰਮਣ-ਮੁਲਕਾਂ ਵਿਚ ਕਿਸੇ ਸਿਆਸੀ ਤਾਕਤ ਦੀ ਧੌਂਸ ਦਾ ਸ਼ਿਕਾਰ ਹੋਣਾ ਪਿਆ ਹੈ, ਉਹ ਮੂਲਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੌਖਿਆਂ ਹੀ ਸਮਝ ਸਕਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਅਤੀਤ ਵਿਚ ਮੂਲਵਾਸੀਆਂ ਦੀ ਕੀਤੀ ਗਈ ਦੁਰਦਸ਼ਾ ਅਤੇ ਉਨ੍ਹਾਂ ਦੇ ਮੌਜੂਦਾ ਹਾਲਾਤ ਨੂੰ ਸੁਧਾਰਨ ਲਈ ਸਰਕਾਰਾਂ ਵੱਲੋਂ ਨਰੋਏ ਕਦਮ ਚੁੱਕਣ ਦੀ ਮੰਗ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਇਕ ਹੋਰ ਤੱਥ ਜਿਸ ਵੱਲ ਧਿਆਨ ਦੇਣ ਦੀ ਲੋੜ ਹੈ, ਉਹ ਹੈ ਮੂਲਵਾਸੀ ਔਰਤਾਂ ਅਤੇ ਲੜਕੀਆਂ ਦਾ ਗੁੰਮ ਹੋਣਾ ਅਤੇ ਕਤਲ ਹੋਣਾ। ਇਸ ਸਬੰਧ ਵਿਚ ਕੈਨੇਡੀਅਨ ਸਰਕਾਰ ਨੇ 2016 ਵਿਚ ਇਕ ਕੌਮੀ ਜਾਂਚ ਦਾ ਐਲਾਨ ਕੀਤਾ ਸੀ। ਇਸ ਦਾ ਵੱਡਾ ਕਾਰਨ ਉਹ ਅੱਖਾਂ ਖੋਲ੍ਹਣ ਵਾਲਾ ਅੰਕੜਾ ਸੀ ਜਿਸ ਅਨੁਸਾਰ 1980 ਅਤੇ 2012 ਵਿਚਕਾਰ ਔਰਤਾਂ ਦੇ ਕੁੱਲ ਕਤਲਾਂ ਵਿਚ ਮੂਲਵਾਸੀ ਔਰਤਾਂ ਦੀ ਗਿਣਤੀ 16 ਪ੍ਰਤੀਸ਼ਤ ਸੀ ਜਦੋਂਕਿ ਉਹ ਕੈਨੇਡਾ ਦੀਆਂ ਕੁੱਲ ਔਰਤਾਂ ਦਾ ਕੇਵਲ 4 ਪ੍ਰਤੀਸ਼ਤ ਹਿੱਸਾ ਬਣਦੀਆਂ ਹਨ। ਸਾਲ 2014 ਵਿਚ ਕੌਮੀ ਪੁਲੀਸ (ਆਰ.ਸੀ.ਐੱਮ.ਪੀ.) ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਬੀਤੇ 30 ਸਾਲਾਂ ਵਿਚ 1,000 ਤੋਂ ਵੱਧ ਮੂਲਵਾਸੀ ਔਰਤਾਂ ਦੇ ਕਤਲ ਹੋਏ ਜਦੋਂ ਕਿ 175 ਲਾਪਤਾ ਸਨ।

ਬੇਸ਼ੱਕ ਫੈਡਰਲ ਸਰਕਾਰ ਵੱਲੋਂ ਇਸ ਸਾਲ ਦੇ ਬਜਟ ਵਿਚ ਮੂਲਵਾਸੀਆਂ ਦੀ ਇਸ ਗੰਭੀਰ ਸਮੱਸਿਆ ਦੇ ਸਾਰਥਿਕ ਹੱਲ ਲਈ 2.2 ਬਿਲੀਅਨ ਡਾਲਰ ਦੀ ਰਾਸ਼ੀ ਰੱਖੀ ਗਈ ਹੈ ਅਤੇ ਗੁੰਮਸ਼ੁਦਾ ਔਰਤਾਂ ਨੂੰ ਲੱਭਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਕਦਮ ਪੁੱਟੇ ਜਾ ਰਹੇ ਹਨ, ਪਰ ਮੂਲਵਾਸੀਆਂ ਨਾਲ ਹੋਏ/ਹੋ ਰਹੇ ਜ਼ੁਲਮ ਨੂੰ ਰੋਕਣ/ਖ਼ਤਮ ਕਰਨ ਲਈ ਖਾਸਾ ਵਕਤ ਲੱਗੇਗਾ। ਮੂਲਵਾਸੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਮੰਗ ਹੈ ਕਿ ਮੂਲਵਾਸੀਆਂ ਦੇ ਨੇਸਤੋ ਨਾਬੂਦ ਨੂੰ ਨਸਲਕੁਸ਼ੀ ਗਰਦਾਨਿਆ ਜਾਵੇ, ਪਰ ਅਜੇ ਤਕ ਇਸ ਮੰਗ ਦੀ ਪੂਰਤੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉੱਧਰ ਰੈਜ਼ੀਡੈਂਸ਼ੀਅਲ ਸਕੂਲਾਂ ’ਚੋਂ ਮਿਲੀਆਂ ਕਬਰਾਂ ਅਤੇ ਕਬਰਾਂ ’ਚੋਂ ਮਿਲੇ ਮਾਸੂਮ ਬੱਚਿਆਂ ਦੇ ਪਿੰਜਰਾਂ ਤੋਂ ਭੈਅਭੀਤ ਹੋ ਕੇ ਸੂਬਾਈ ਸਰਕਾਰਾਂ ਵੱਲੋਂ ਬਾਕੀ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਨੇੜਲੀਆਂ ਕਬਰਾਂ ਨੂੰ ਵੀ ਪੁੱਟਣ ਲਈ ਕਈ ਮਿਲੀਅਨ ਡਾਲਰਾਂ ਦਾ ਐਲਾਨ ਕੀਤਾ ਗਿਆ ਹੈ।

ਨਿਰਸੰਦੇਹ, ਇਸ ਕਾਰਵਾਈ ਨਾਲ ਨੇੜਲੇ ਭਵਿੱਖ ਵਿਚ ਕੈਨੇਡਾ ਦੇ ਬਾਕੀ ਰੈਜ਼ੀਡੈਂਸ਼ੀਅਲ ਸਕੂਲਾਂ ਵਿਚੋਂ ਵੀ ਮੂਲਵਾਸੀ ਬੱਚਿਆਂ ਦੇ ਪਿੰਜਰਾਂ ਦਾ ਮਿਲਣਾ ਲਗਭਗ ਯਕੀਨੀ ਹੈ। ਇਨ੍ਹਾਂ ਸਕੂਲਾਂ ਦੇ ਘਿਨਾਉਣੇ, ਗ਼ੈਰ-ਮਨੁੱਖੀ, ਗ਼ੈਰ-ਇਖ਼ਲਾਕੀ ਅਤੇ ਗ਼ੈਰ-ਕਾਨੂੰਨੀ ਵਾਤਾਵਰਣ ਦੇ ਸ਼ਿਕਾਰ ਹੋਏ ਲਗਭਗ 80,000 ਮੂਲਵਾਸੀ ਹਾਲੇ ਵੀ ਜ਼ਿੰਦਾ ਹਨ ਜੋ ਕਿ ਉਸ ਵੇਲੇ ਦੇ ਜਿਸਮਾਨੀ ਤੇ ਮਾਨਸਿਕ ਤਸ਼ੱਦਦ ਦੀ ਜਿਉਂਦੀ ਜਾਗਦੀ ਮਿਸਾਲ ਹਨ। ਇਨ੍ਹਾਂ ਘਟਨਾਵਾਂ ਤੋਂ ਪਰਦਾ ਉੱਠਣ ਨਾਲ ਕੈਨੇਡਾ ਦੇ ਅਕਸ ਨੂੰ ਬਹੁਤ ਢਾਹ ਲੱਗੀ ਹੈ। ਇਸ ਦਾਗ ਨੂੰ ਸਾਫ਼ ਕਰਨ ਲਈ ਖਾਸਾ ਵਕਤ ਲੱਗੇਗਾ।

ਮੂਲਵਾਸੀਆਂ ਵੱਲੋਂ ਸਰਕਾਰਾਂ ਕੋਲੋਂ ਲਗਾਤਾਰ ਕੀਤੀ ਜਾ ਰਹੀ ਇਨਸਾਫ਼ ਦੀ ਜਾਇਜ਼ ਮੰਗ ਨੂੰ ਸੁਰਜੀਤ ਪਾਤਰ ਦਾ ਇਹ ਸ਼ਿਅਰ ਬਾਖ਼ੂਬੀ ਬਿਆਨ ਕਰਦਾ ਹੈ:

ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ

ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫ਼ਾਸਲਾ
ਸੰਪਰਕ: 416 737 6600

LEAVE A REPLY

Please enter your comment!
Please enter your name here