ਗਗਨਦੀਪ ਅਰੋੜਾ
ਲੁਧਿਆਣਾ, 23 ਅਗਸਤ
ਗਊਸ਼ਾਲਾ ਰੋਡ ਵਾਸੀ ਸੰਨੀ ਕੁਮਾਰ (34) ਆਪਣੀ ਧੀ ਦਾ ਜਨਮ ਦਿਨ ਮਨਾਉਣ ਲਈ ਘਰੋਂ ਕੇਕ ਖਰੀਦਣ ਲਈ ਨਿਕਲਿਆ ਸੀ, ਪਰ ਉਸਦੀ ਲਾਸ਼ ਉਸ ਦੇ ਘਰ ਨੇੜੇ ਪੈਂਦੇ ਇੱਕ ਕੂੜੇ ਦੇ ਢੇਰ ਤੋਂ ਮਿਲੀ ਹੈ। ਉਹ ਤੁਰੰਤ ਸੰਨੀ ਨੂੰ ਸੀਐੱਮਸੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਕਿਸੇ ਨੇ ਸੰਨੀ ਦਾ ਕਤਲ ਕਰ ਕੇ ਲਾਸ਼ ਕੂੜੇ ਦੇ ਢੇਰ ’ਤੇ ਸੁੱਟ ਦਿੱਤੀ ਹੈ। ਹਸਪਤਾਲ ਤੋਂ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਪਹੁੰਚੀ ਤੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਸੰਨੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਨਗਰ ਨਿਗਮ ਵਿੱਚ ਚੌਥੇ ਦਰਜੇ ਦੇ ਮੁਲਾਜ਼ਮ ਵਜੋਂ ਕੰਮ ਕਰਦਾ ਸੀ। ਉਸ ਦੀ ਬੇਟੀ ਦਾ ਜਨਮ ਦਿਨ ਸੀ। ਸੰਨੀ ਨੇ ਪਰਿਵਾਰਕ ਮੈਂਬਰਾਂ ਨੂੰ ਬਾਕੀ ਦੀਆਂ ਤਿਆਰੀਆਂ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਕੁਝ ਸਮੇਂ ਬਾਅਦ ਕੇਕ ਲੈ ਕੇ ਆਵੇਗਾ ਜਿਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ। ਪਰਿਵਾਰ ਦੇਰ ਰਾਤ ਤੱਕ ਸੰਨੀ ਦੀ ਭਾਲ ਕਰਦਾ ਰਿਹਾ। ਉਨ੍ਹਾਂ ਰਿਸ਼ਤੇਦਾਰਾਂ ਅਤੇ ਸੰਨੀ ਦੇ ਦੋਸਤਾਂ ਤੋਂ ਉਸ ਬਾਰੇ ਪੁੱਛਗਿੱਛ ਕੀਤੀ, ਪਰ ਕਿਸੇ ਤੋਂ ਕੁਝ ਪਤਾ ਨਹੀਂ ਲੱਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਨੀ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਸਵੇਰੇ ਕੁਝ ਲੋਕਾਂ ਨੇ ਨਾਲ ਵਾਲੀ ਗਲੀ ਵਿੱਚ ਜਾ ਕੇ ਦੇਖਿਆ ਜਿੱਥੇ ਸੰਨੀ ਦਾ ਮੋਟਰਸਾਈਕਲ ਖੜ੍ਹਾ ਸੀ। ਭਾਲ ਕਰਨ ’ਤੇ ਨੇੜਲੀ ਇੱਕ ਗਲੀ ’ਚ ਸੰਨੀ ਕੂੜੇ ਦੇ ਢੇਰ ’ਤੇ ਪਿਆ ਹੋਇਆ ਸੀ। ਥਾਣਾ ਡਿਵੀਜ਼ਨ 3 ਦੇ ਐੱਸਐੱਚਓ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।