ਪੱਤਰ ਪ੍ਰੇਰਕ

ਹੁਸ਼ਿਆਰਪੁਰ, 20 ਮਈ

ਹੁਸ਼ਿਆਰਪੁਰ ਦੇ ਸਾਬਕਾ ਐੱਮਪੀ ਆਵਿਨਾਸ਼ ਰਾਏ ਖੰਨਾ ਨਾਲ ਬਦਸਲੂਕੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਆਗੂ ਨਮਿਸ਼ਾ ਮਹਿਤਾ ਨੂੰ ਵਾਪਿਸ ਪਾਰਟੀ ’ਚ ਸ਼ਾਮਲ ਕਰਨ ਨਾਲ ਪਹਿਲਾਂ ਹੀ ਗੁੱਟਬੰਦੀ ਦੀ ਸ਼ਿਕਾਰ ਪਾਰਟੀ ਅੰਦਰ ਹੋਰ ਉਥਲ-ਪੁਥਲ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਨਮਿਸ਼ਾ ਨੂੰ ਪਿਛਲੇ ਸਾਲ ਸਤੰਬਰ ਮਹੀਨੇ ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਕੱਢ ਦਿੱਤਾ ਸੀ, ਮਹਿਤਾ ਦੇ ਪਾਰਟੀ ’ਚ ਆਉਣ ਨਾਲ ਜਿੱਥੇ ਖੰਨਾ ਨਰਾਜ਼ ਹਨ, ਉਥੇ ਉਨ੍ਹਾਂ ਦੇ ਸਮਰਥਕਾਂ ’ਚ ਵੀ ਰੋਸ ਹੈ। ਪਾਰਟੀ ਦੇ ਫ਼ੈਸਲੇ ਨਾਲ ਅਸਹਿਮਤੀ ਜਤਾਉਦਿਆਂ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਡਾ. ਰਮਨ ਘਈ ਦੇ ਅਸਤੀਫ਼ੇ ਤੋਂ ਬਾਅਦ ਤਿੰਨ ਹੋਰ ਆਗੂਆਂ ਨੇ ਪਾਰਟੀ ਤੋਂ ਕਿਨਾਰਾ ਕਰਨ ਦਾ ਐਲਾਨ ਕੀਤਾ ਹੈ। ਗੜ੍ਹਸ਼ੰਕਰ ਹਲਕੇ ’ਚ ਵੀ ਬਗਾਵਤੀ ਸੁਰਾਂ ਉਭਰ ਰਹੀਆਂ ਹਨ। ਪਾਰਟੀ ਆਗੂ ਤਰੰਭਕ ਕੁਮਾਰ ਸੋਨੀ ਨੇ ਪਾਰਟੀ ਦਾ ਫ਼ੈਸਲਾ ਅਪ੍ਰਵਾਨ ਕਰਦਿਆਂ ਕੱਲ੍ਹ ਹੀ ਅਸਤੀਫ਼ਾ ਦੇ ਦਿੱਤਾ ਸੀ ਤੇ ਆਪਣੇ ਘਰ ਦੇ ਬਾਹਰ ਆਮ ਆਦਮੀ ਪਾਰਟੀ ਦੇ ਬੈਨਰ ਲਗਾ ਦਿੱਤੇ ਹਨ। ਅਵਿਨਾਸ਼ ਰਾਏ ਖੰਨਾ ਦੇ ਵਿਰੋਧ ਬਾਵਜੂਦ ਕੱਲ੍ਹ ਨਮਿਸ਼ਾ ਮਹਿਤਾ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਸੁਭਾਸ਼ ਸ਼ਰਮਾ, ਨਮਿਸ਼ਾ ਮਹਿਤਾ ਨੂੰ ਪਾਰਟੀ ’ਚ ਲਿਆਉਣ ਲਈ ਉਤਸਕ ਸਨ ਤਾਂ ਕਿ ਉਨ੍ਹਾਂ ਨਾਲ ਜੁੜੇ ਵੋਟ ਬੈਂਕ ਨੂੰ ਹਾਸਿਲ ਕੀਤਾ ਜਾ ਸਕੇ। ਖੰਨਾ ਦੇ ਸਮਰਥਕ ਤਾਂ ਆਪਣਾ ਰੋਸ ਖੱਲ੍ਹ ਕੇ ਜ਼ਾਹਿਰ ਕਰ ਰਹੇ ਹਨ ਪਰ ਉਹ ਆਪ ਮੀਡੀਆ ਨਾਲ ਗੱਲ ਨਹੀਂ ਕਰ ਰਹੇ। ਦੱਸਣਯੋਗ ਹੈ ਕਿ ਸਾਂਪਲਾ ਦੀ ਤਰ੍ਹਾਂ ਖੰਨਾ ਨੇ ਵੀ ਆਪਣੇ ਫੇਸਬੁੱਕ ਪੇਜ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਲਿਖਿਆ ਹੈ,‘‘ ਆਪਣੀ ਵਫ਼ਾਦਾਰੀ ਨੂੰ ਗੁਲਾਮੀ ਨਾ ਬਣਨ ਦਿਓ ਅਤੇ ਸਵੈਮਾਣ ਨਾਲ ਸਮਝੌਤਾ ਨਾ ਕਰੋ।’’

ਭਾਜਪਾ ਦੇ ਤਿੰਨ ਹੋਰ ਆਗੂਆਂ ਵੱਲੋਂ ਪਾਰਟੀ ਤੋਂ ਅਸਤੀਫ਼ਾ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸੀਨੀਅਰ ਭਾਜਪਾ ਨੇਤਾ ਡਾ. ਰਮਨ ਘਈ ਦੇ ਅਸਤੀਫ਼ੇ ਤੋਂ ਬਾਅਦ ਅੱਜ ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਸਾਬਕਾ ਕੋ-ਕਨਵੀਨਰ ਅਤੇ ਸਾਬਕਾ ਜ਼ਿਲ੍ਹਾ ਉਪ ਪ੍ਰਧਾਨ ਗੌਰਵ ਵਾਲੀਆ, ਮੈਡੀਕਲ ਸੈੱਲ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਜ਼ਿਲ੍ਹਾ ਸਕੱਤਰ ਡਾ. ਰਾਜ ਕੁਮਾਰ ਸੈਣੀ ਅਤੇ ਸਪੋਰਟਸ ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੌਰਵ ਸ਼ਰਮਾ ਨੇ ਵੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ। ਗੌਰਵ ਵਾਲੀਆ ਨੇ ਕਿਹਾ ਕਿ ਭਾਜਪਾ ਅੰਦਰ ਕੁੱਝ ਕੁ ਨੇਤਾਵਾਂ ਵਲੋਂ ਪਾਰਟੀ ਦੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਇਮਾਨਦਾਰੀ ਤੇ ਤਨਦੇਹੀ ਨਾਲ ਪਾਰਟੀ ਦੀ ਸੇਵਾ ਕਰਨ ਵਾਲੇ ਵਰਕਰਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਾਰਟੀ ਹਾਈ ਕਮਾਨ ਵੀ ਸਭ ਕੁੱਝ ਜਾਣਦੇ ਹੋਏ ਵੀ ਮੂਕ ਦਰਸ਼ਕ ਬਣੀ ਹੋਈ ਹੈ ਜਿਸ ਦੇ ਚੱਲਦਿਆਂ ਪਾਰਟੀ ਵਰਕਰਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਚੱਲਦਿਆਂ ਉਨ੍ਹਾਂ ਨੇ ਵੀ ਪਾਰਟੀ ਤੋਂ ਅਸਤੀਫ਼ਾ ਲੈਣ ਦਾ ਫ਼ੈਸਲਾ ਲਿਆ।

LEAVE A REPLY

Please enter your comment!
Please enter your name here