ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜੁਲਾਈ

ਮੁੱਖ ਅੰਸ਼

  • ਜਲੰਧਰ ਵਿੱਚ ਕਾਂਗਰਸੀ ਵਰਕਰਾਂ ਨੂੰ ਨਿਰ-ਸਵਾਰਥ ਹੋ ਕੇ ਸੂਬੇ ਨਾਲ ਖੜ੍ਹਨ ਦਾ ਸੱਦਾ

ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਅੱਜ ਅੰਮ੍ਰਿਤਸਰ ਪੁੱਜੇ ਨਵਜੋਤ ਸਿੱਧੂ ਦਾ ਕਾਂਗਰਸੀ ਸਮਰਥਕਾਂ ਨੇ ਪਟਾਕੇ ਚਲਾ ਕੇ, ਢੋਲ ਵਜਾ ਕੇ, ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰੋਪੇ ਪਾ ਕੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਕੈਪਟਨ ਧੜੇ ਨਾਲ ਸਬੰਧਤ ਕਈ ਆਗੂਆਂ ਨੇ ਸਿੱਧੂ ਤੋਂ ਦੂਰੀ ਬਣਾ ਕੇ ਰੱਖੀ। ਅੱਜ ਬਾਅਦ ਦੁਪਹਿਰ ਜਦੋਂ ਸ੍ਰੀ ਸਿੱਧੂ ਦਾ ਕਾਫ਼ਲਾ ਅੰਮ੍ਰਿਤਸਰ ਪੁੱਜਾ ਤਾਂ ਮੀਂਹ ਦੇ ਬਾਵਜੂਦ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਬਾਈਪਾਸ ਨੇੜੇ ਗੋਲਡਨ ਗੇਟ ਕੋਲ ਪੁੱਜੇ ਹੋਏ ਸਨ। ਇਹ ਸਮਰਥਕ ਦੂਰ ਤੱਕ ਸੜਕ ’ਤੇ ਖੜ੍ਹੇ ਸਨ, ਜਿਸ ਕਾਰਨ ਇਲਾਕੇ ਵਿੱਚ ਆਵਾਜਾਈ ਜਾਮ ਹੋ ਗਈ। ਵੱਡੀ ਗਿਣਤੀ ਸਮਰਥਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਅਤੇ ਗੁਲਦਸਤੇ ਭੇਟ ਕੀਤੇ, ਕੁਝ ਨੇ ਫੁੱਲ ਪੱਤੀਆਂ ਦੀ ਵਰਖਾ ਕੀਤੀ ਅਤੇ ਕਈਆਂ ਨੇ ਨੋਟ ਵੀ ਸੁੱਟੇ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਜਤਿੰਦਰ ਸੋਨੀਆ ਉਨ੍ਹਾਂ ਦੇ ਵਾਹਨ ਦੇ ਬੋਨਟ ’ਤੇ ਚੜ੍ਹ ਗਈ, ਜਿਸ ਨੇ ਫੁੱਲਾਂ ਦਾ ਹਾਰ ਤੇ ਸਿਰੋਪਾ ਭੇਟ ਕੀਤਾ। ਇੱਕ ਵਿਅਕਤੀ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਅਤੇ ਇੱਕ ਔਰਤ ਨੇ ਆਰਤੀ ਵਾਲੀ ਥਾਲੀ ਭੇਟ ਕਰਦਿਆਂ ਸ੍ਰੀ ਸਿੱਧੂ ਨੂੰ ‘ਜੀ ਆਇਆਂ’ ਆਖਿਆ।

ਇਸ ਭਰਵੇਂ ਸਵਾਗਤ ਤੋਂ ਸ੍ਰੀ ਸਿੱਧੂ ਖੁਸ਼ ਨਜ਼ਰ ਆਏ। ਸ੍ਰੀ ਸਿੱਧੂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਸਵਾਗਤੀ ਬੋਰਡ ਵੀ ਲਾਏ ਗਏ ਸਨ। ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਤੇ ਉੁਨ੍ਹਾਂ ਦੇ ਸਾਥੀਆਂ ਨੇ ਵੀ ਸ੍ਰੀ ਸਿੱਧੂ ਨੂੰ ਮਿਲ ਕੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਭਲਕੇ 21 ਜੁਲਾਈ ਨੂੰ ਉਹ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਣਗੇ। ਇਸ ਸਬੰਧ ਵਿੱਚ ਕਾਂਗਰਸੀ ਮੰਤਰੀ ਤੇ ਵਿਧਾਇਕ ਪਹਿਲਾਂ ਸ੍ਰੀ ਸਿੱਧੂ ਦੀ ਰਿਹਾਇਸ਼ ’ਤੇ ਪੁੱਜਣਗੇ ਅਤੇ ਇਕੱਠੇ ਹੋ ਕੇ ਸ਼ੁਕਰਾਨੇ ਵਜੋਂ ਨਤਮਤਕ ਹੋਣ ਲਈ ਰਵਾਨਾ ਹੋਣਗੇ।

ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਖਟਕੜ ਕਲਾਂ ਤੋਂ ਬਾਅਦ ਵਰ੍ਹਦੇ ਮੀਂਹ ’ਚ ਜਲੰਧਰ ਪਹੁੰਚੇ ਤਾਂ ਕਾਂਗਰਸੀ ਵਰਕਰਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸ੍ਰੀ ਸਿੱਧੂ ਨੇ ਗੁਰੂ ਗੋਬਿੰਦ ਸਿੰਘ ਐਵੇਨਿਊ ਰੁਕਣਾ ਸੀ, ਜਿੱਥੇ ਕਾਂਗਰਸੀ ਵਰਕਰ ਵਰ੍ਹਦੇ ਮੀਂਹ ਵਿੱਚ ਪਹਿਲਾਂ ਹੀ ਉਨ੍ਹਾਂ ਦੀ ਉਡੀਕ ’ਚ ਖੜ੍ਹੇ ਸਨ। ਨੌਜਵਾਨ ਕਾਂਗਰਸੀ ਵਰਕਰ ਆਪਣੇ ਮੋਬਾਈਲਾਂ ਨਾਲ ਵੀਡੀਓ ਬਣਾ ਰਹੇ ਸਨ ਤੇ ਕੁਝ ਦੂਰੋਂ ਹੀ ਸੈਲਫੀਆਂ ਲੈਣ ਲੱਗੇ ਹੋਏ ਸਨ। ਸ੍ਰੀ ਸਿੱਧੂ ਦਾ ਸਵਾਗਤ ਕਰਨ ਲਈ ਹਲਕਾ ਵਿਧਾਇਕ ਬਾਵਾ ਹੈਨਰੀ ਵੀ ਮੌਜੂਦ ਸਨ। ਸ੍ਰੀ ਸਿੱਧੂ ਨੇ ਕਾਂਗਰਸੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਨਿਰਸਵਾਰਥ ਹੋ ਕੇ ਪੰਜਾਬ ਨਾਲ ਖੜ੍ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੰਜਾਬ ਮਾਡਲ ਲਾਗੂ ਹੋਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਹੱਕ-ਸੱਚ ਦੀ ਲੜਾਈ ਜ਼ਮੀਨੀ ਪੱਧਰ ’ਤੇ ਨੈਤਿਕਤਾ ਦੇ ਆਧਾਰ ’ਤੇ ਹੋਵੇਗੀ। ਗੱਲਬਾਤ ਦੌਰਾਨ ਕਾਂਗਰਸੀ ਵਰਕਰਾਂ ਨੇ ਇਸ ਗੱਲ ਨੂੰ ਕਬੂਲ ਕੀਤਾ ਕਿ ਸਾਢੇ ਚਾਰ ਸਾਲਾਂ ਬਾਅਦ ਉਨ੍ਹਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਿਹਾ ਹੈ ਕਿ ਕਾਂਗਰਸ ਦਾ ਪ੍ਰਧਾਨ ਉਨ੍ਹਾਂ ਨਾਲ ਸਿੱਧਾ ਰਾਬਤਾ ਰੱਖ ਰਿਹਾ ਹੈ।

ਨਵਜੋਤ ਸਿੱਧੂ ਦੇ ਪੈਰ ’ਤੇ ਸੱਟ ਲੱਗੀ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੈਰ ’ਤੇ ਖਟਕੜ ਕਲਾਂ ਵਿੱਚ ਸੱਟ ਲੱਗੀ ਜਿਸ ਦਾ ਇਲਾਜ ਉਨ੍ਹਾਂ ਅੰਮ੍ਰਿਤਸਰ ਪੁੱਜ ਕੇ ਕਰਵਾਇਆ। ਜਾਣਕਾਰੀ ਮੁਤਾਬਕ ਜਦੋਂ ਉਨ੍ਹਾਂ ਦਾ ਕਾਫ਼ਲਾ ਅੰਮ੍ਰਿਤਸਰ ਦਾਖ਼ਲ ਹੋਇਆ ਅਤੇ ਘਰ ਵੱਲ ਜਾ ਰਿਹਾ ਸੀ ਤਾਂ ਉਨ੍ਹਾਂ ਅਮਨਦੀਪ ਹਸਪਤਾਲ ਨੇੜੇ ਕਾਫ਼ਲਾ ਰੁਕਵਾਇਆ ਜਿੱਥੇ ਉਨ੍ਹਾਂ ਡਾਕਟਰਾਂ ਕੋਲੋਂ ਆਪਣੇ ਪੈਰ ਦਾ ਇਲਾਜ ਕਰਵਾਇਆ। ਉਨ੍ਹਾਂ ਦੇ ਪੈਰ ’ਤੇ ਦਬਾਅ ਆਉਣ ਕਾਰਨ ਸੱਟ ਲੱਗੀ ਹੈ।

ਕੈਪਟਨ ਸਮਰਥਕ ਕਾਂਗਰਸੀ ਆਗੂਆਂ ਨੇ ਦੂਰੀ ਬਣਾਈ

ਇਸ ਕਾਫ਼ਲੇ ਵਿੱਚ ਸ੍ਰੀ ਸਿੱਧੂ ਦੇ ਨਾਲ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਰਾਜ ਕੁਮਾਰ ਵੇਰਕਾ ਤੋਂ ਇਲਾਵਾ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਚੰਡੀਗੜ੍ਹ ਤੋਂ ਹੀ ਨਾਲ ਆਏ ਸਨ ਪਰ ਇੱਥੇ ਸ਼ਹਿਰ ਵਿੱਚ ਦਾਖ਼ਲ ਹੋਣ ਸਮੇਂ ਉਨ੍ਹਾਂ ਨੂੰ ‘ਜੀ ਆਇਆਂ’ ਕਹਿਣ ਵੇਲੇ ਕੋਈ ਵੀ ਕਾਂਗਰਸੀ ਵਿਧਾਇਕ ਹਾਜ਼ਰ ਨਹੀਂ ਸੀ। ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਓ ਪੀ ਸੋਨੀ, ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਗਰ ਸੁਧਾਰ ਟਰੱਸਟ ਦੇ ਚੈਅਰਮੈਨ ਦਿਨੇਸ਼ ਬੱਸੀ ਤੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਆਦਿ ਨੇ ਦੂਰੀ ਬਣਾ ਕੇ ਰੱਖੀ ਜਦਕਿ ਬਾਕੀ ਕਈ ਆਗੂ ਅਤੇ ਕਾਂਗਰਸੀ ਮੰਤਰੀਆਂ ਨੇ ਚੰਡੀਗੜ੍ਹ ਵਿੱਚ ਹੀ ਉਨ੍ਹਾਂ ਨਾਲ ਮਿਲ ਕੇ ਵਧਾਈ ਦੇ ਦਿੱਤੀ ਸੀ। ਕਿ ਸ੍ਰੀ ਸਿੱਧੂ ਅਤੇ ਸ੍ਰੀ ਸੋਨੀ ਵਿਚਾਲੇ ਪਹਿਲਾਂ ਵੀ ਮਨ ਮੁਟਾਵ ਰਿਹਾ ਹੈ। ਇਸੇ ਤਰ੍ਹਾਂ ਮੇਅਰ ਰਿੰਟੂ ਵੱਲੋਂ ਹਾਲ ਹੀ ਵਿੱਚ ਹੋਰਡਿੰਗ ਜੰਗ ਦੌਰਾਨ ਕੈਪਟਨ ਦੇ ਹੱਕ ਵਿੱਚ ਹੋਰਡਿੰਗ ਲਾਏ ਗਏ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਕੈਪਟਨ ਕਰਾਰ ਦਿੱਤਾ ਸੀ। ਇਨ੍ਹਾਂ ਕਾਂਗਰਸੀ ਆਗੂਆਂ ਨਾਲ ਗੱਲ ਕਰਨ ਦਾ ਯਤਨ ਕੀਤਾ ਗਿਆ, ਪਰ ਸੰਪਰਕ ਨਹੀਂ ਹੋ ਸਕਿਆ।

ਸਿੱਧੂ ਵੱਲੋਂ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸਜਦਾ

ਖਟਕੜ ਕਲਾਂ ਵਿੱਚ ਨਵਜੋਤ ਸਿੱਧੂ ਦੇ ਪੁੱਜਣ ਮੌਕੇ ਕਿਸਾਨ ਕਾਲੀਆਂ ਝੰਡੀਆ ਦਿਖਾ ਕੇ ਵਿਰੋਧ ਕਰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ

ਬੰਗਾ: ਨਵਜੋਤ ਸਿੰਘ ਸਿੱਧੂ ਪਿੰਡ ਖਟਕੜ ਕਲਾਂ ਪੁੱਜੇ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦਿੰਦੇ ਰਹਿਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਦੀ ਜਿੰਦ ਜਾਨ ਹੈ ਜਿਸ ਦੀ ਸ਼ਾਨ ਦੀ ਬਹਾਲੀ ਲਈ ਉਹ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੁਆਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੀ ਲੀਹ ਪਾਉਣ ਲਈ ਵੱਡੇ ਪੱਧਰ ’ਤੇ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦੇ ਹੱਕ ਸੁਰੱਖਿਅਤ ਕਰਨ ਲਈ ਕਾਂਗਰਸ ਹਰ ਵੇਲੇ ਯਤਨਸ਼ੀਲ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਨੈਤਿਕਤਾ ਅਤੇ ਸੱਚ ਦੀ ਧਰਾਤਲ ’ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਿਆਂ ਪੰਜਾਬੀਅਤ ਦੀ ਸੇਵਾ ’ਚ ਡਟ ਜਾਣ। -ਪੱਤਰ ਪ੍ਰੇਰਕ

ਕਿਸਾਨਾਂ ਦੇ ਸਵਾਲਾਂ ਤੋਂ ਭੱਜੇ ਸਿੱਧੂ

ਬੰਗਾ: ਮੋਹਲੇਧਾਰ ਮੀਂਹ ’ਚ ਸਵੇਰ ਤੋਂ ਹੀ ਪਿੰਡ ਖਟਕੜ ਕਲਾਂ ’ਚ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਸਵਾਲ ਦੇ ਜਵਾਬ ਦਿੱਤੇ ਬਿਨਾਂ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਾਪਸ ਚਲੇ ਗਏ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਨਵਜੋਤ ਸਿੱਧੂ ਨਾਲ ਗੱਲ ਕਰਵਾਈ ਜਾਵੇਗੀ, ਪਰ ਮੌਕੇ ’ਤੇ ਅਜਿਹਾ ਨਾ ਹੋਣ ਕਾਰਨ ਕਿਸਾਨਾਂ ਨੇ ਮੁੜ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਬੈਰੀਕੇਡ ਤੋੜ ਕੇ ਚੰਡੀਗੜ੍ਹ-ਜਲੰਧਰ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ। ਇਸ ਮੌਕੇ ਕਿਸਾਨ ਆਗੂ ਬੀਬੀ ਗੁਰਬਖ਼ਸ਼ ਕੌਰ ਸੰਘਾ ਪ੍ਰਧਾਨ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਉਹ ਅੱਜ ਵਿਰੋਧ ਕਰਨ ਨਹੀਂ ਸਗੋਂ ਕੁਝ ਸਵਾਲ ਲੈ ਕੇ ਆਏ ਸਨ, ਪਰ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਕੀਤਾ ਵਾਅਦਾ ਨਹੀਂ ਨਿਭਾਇਆ।

ਸਿੱਧੂ ਦੇ ਸਵਾਗਤ ਲਈ ਖੜ੍ਹੇ ਕਾਂਗਰਸੀ ਆਗੂ ਆਪਸ ’ਚ ਉਲਝੇ

ਚੌਧਰੀ ਤਰਲੋਚਨ ਸਿੰਘ ਸੂੰਢ ਤੇ ਚੌਧਰੀ ਮੋਹਣ ਲਾਲ ਬਹਿਰਾਮ ਆਪੋ ਆਪਣੇ ਸਮਰਥਕਾਂ ਨਾਲ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।

ਬੰਗਾ (ਸੁਰਜੀਤ ਮਜਾਰੀ): ਪਿੰਡ ਖਟਕੜ ਕਲਾਂ ’ਚ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕਰਨ ਆਏ ਦੋ ਸਾਬਕਾ ਵਿਧਾਇਕ ਆਪਸ ’ਚ ਹੀ ਉਲਝ ਗਏ। ਚੌਧਰੀ ਤਰਲੋਚਨ ਸਿੰਘ ਸੂੰਢ ਅਤੇ ਚੌਧਰੀ ਮੋਹਣ ਲਾਲ ਬਹਿਰਾਮ ਆਪੋ-ਆਪਣੇ ਸਮਰਥਕਾਂ ਨਾਲ ਆਪਣੇ ਪ੍ਰਧਾਨ ਦਾ ਸਵਾਗਤ ਕਰਨ ਲਈ ਖੜ੍ਹੇ ਸਨ। ਦੇਖਦਿਆਂ ਹੀ ਦੇਖਦਿਆਂ ਦੋਵਾਂ ਦੇ ਸਮਰਥਕਾਂ ਨੇ ਇੱਕ-ਦੂਜੇ ਖਿਲਾਫ਼ ਤੋਹਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੀਡੀਆ ਨਾਲ ਗੱਲ ਕਰਦਿਆਂ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਕਿਹਾ ਕਿ ਉਹ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਜਦੋਂਕਿ ਪਾਰਟੀ ਤੋਂ ਬਾਹਰੋਂ ਆਏ ਆਗੂ ਪਾਰਟੀ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਦੂਜੇ ਬੰਨ੍ਹੇ ਚੌਧਰੀ ਮੋਹਣ ਲਾਲ ਬਹਿਰਾਮ ਨੇ ਕਿਹਾ ਕਿ ਦੂਜਿਆਂ ਨੂੰ ਮਾੜਾ ਕਹਿਣ ਵਾਲਿਆਂ ਨੂੰ ਪਹਿਲਾਂ ਆਪਣੀ ਪੀੜੀ ਹੇਠ ਸੋਟਾਂ ਮਾਰਨ ਦੀ ਲੋੜ ਹੈ।

LEAVE A REPLY

Please enter your comment!
Please enter your name here