ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂ ਵਾਲ ਦੇ ਨਾਵਲ ‘ਉਸ ਪਾਰ ਜ਼ਿੰਦਗੀ’ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕੀਤੀ ਜਿਸ ਵਿਚ ਡਾ. ਆਸਾ ਸਿੰਘ ਘੁੰਮਣ (ਪ੍ਰਧਾਨ ਸਿਰਜਣਾ ਕੇਂਦਰ, ਕਪੂਰਥਲਾ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਡਾ. ਭੁਪਿੰਦਰ ਕੌਰ, ਮੋਹਨ ਸਿੰਘ ਮੋਤੀ, ਪ੍ਰੋ. ਸੁਖਪਾਲ ਸਿੰਘ ਥਿੰਦ ਅਤੇ ਸਭਾ ਦੇ ਮੈਂਬਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

‌ਸਮਾਗਮ ਦੀ ਸ਼ੁਰੂਆਤ ਸਭਾ ਦੇ ਮੀਤ ਪ੍ਰਧਾਨ ਰਾਣਾ ਅਠੌਲਾ ਵੱਲੋਂ ਬਿੰਦਰ ਕੋਲੀਆਂ ਵਾਲ ਦੇ ਸਾਹਿਤਕ ਸਫ਼ਰ ਦਾ ਕਾਵਿਕ ਰੇਖਾ ਚਿੱਤਰ ਉਚਾਰਨ ਕਰਦਿਆਂ ਕੀਤੀ ਗਈ। ਉਪਰੰਤ ਬਲਵਿੰਦਰ ਸਿੰਘ ਚਾਹਲ ਨੇ ਬਿੰਦਰ ਦੀ ਸਾਹਿਤਕ ਸਿਰਜਣਾ ਤੇ ਉਸ ਦੀ ਸ਼ਖ਼ਸੀਅਤ ਵਾਰੇ ਵਿਚਾਰ ਸਾਂਝੇ ਕੀਤੇ। ਵਿਚਾਰ ਚਰਚਾ ਵਿਚ ਡਾ. ਭੁਪਿੰਦਰ ਕੌਰ (ਮੁਖੀ ਪੰਜਾਬੀ ਵਿਭਾਗ, ਹਿੰਦੂ ਕੰਨਿਆ ਕਾਲਜ, ਕਪੂਰਥਲਾ) ਨੇ ਬਿੰਦਰ ਨੂੰ ਇਸ ਨਾਵਲ ਲਈ ਵਧਾਈ ਦਿੰਦਿਆਂ ਕਿਹਾ ਕਿ ਬਿੰਦਰ ਧਰਤੀ ਨਾਲ ਜੁੜਿਆ ਮਾਨਵਵਾਦੀ ਗਲਪਕਾਰ ਹੈ ਜੋ ਸਮੁੰਦਰੋਂ ਪਾਰ ਰਹਿੰਦੀਆਂ ਵੀ ਆਪਣੀ ਬੋਲੀ, ਵਿਰਾਸਤ, ਲੋਕ ਤੇ ਉਨ੍ਹਾਂ ਦੇ ਦੁੱਖ ਸੁੱਖ ਦਾ ਸਾਂਝੀਦਾਰ ਹੈ। ਇਹੋ ਕਾਰਨ ਹੈ ਕਿ ਇਟਲੀ ਵਿਚ ਰਹਿੰਦਿਆਂ ਵੀ ਉਹ ਪੰਜਾਬ ਤੋਂ ਅਮਰੀਕਾ ਜਾਣ ਲਈ ਚੁਣੇ ਗਏ ਗ਼ੈਰ ਕਾਨੂੰਨੀ ਤਰੀਕਿਆਂ ਦੇ ਸਫ਼ਰ ਨੂੰ ਨਾਵਲੀ ਬਿਰਤਾਂਤ ਦੇਣ ਵਿਚ ਕਾਮਯਾਬ ਰਿਹਾ ਹੈ। ਚਰਚਾ ਦੀ ਲੜੀ ਨੂੰ ਅੱਗੇ ਤੋਰਦਿਆਂ ਮੋਹਣ ਸਿੰਘ ਮੋਤੀ (ਦਿੱਲੀ) ਨੇ ਨਾਵਲ ਦੀ ਕਹਾਣੀ ਨੂੰ ਕੇਂਦਰ ਵਿਚ ਰੱਖਦਿਆਂ ਇਸ ਵਿਚਲੇ ਸਫ਼ਰ ਦੇ ਦੁੱਖ ਦਰਦ, ਘਟਨਾਵਾਂ, ਮੁਸੀਬਤਾਂ ਤੇ ਭਾਵਾਂ ਦਾ ਜ਼ਿਕਰ ਕਰਦਿਆਂ ਲੇਖਕ ਨੂੰ ਵਧਾਈ ਦਿੰਦਿਆਂ ਕੁਝ ਸਵਾਲ ਵੀ ਖੜ੍ਹੇ ਕੀਤੇ।

ਪ੍ਰੋ. ਸੁਖਪਾਲ ਸਿੰਘ ਥਿੰਦ (ਮੁਖੀ ਪੰਜਾਬੀ ਵਿਭਾਗ, ਡਾ. ਭੀਮ ਰਾਓ ਅੰਬੇਡਕਰ ਸਰਕਾਰੀ ਕਾਲਜ, ਜਲੰਧਰ) ਨੇ ਇਸ ਵਿਚਾਰ ਚਰਚਾ ਨੂੰ ਸਿਖਰ ਵੱਲ ਲਿਜਾਂਦਿਆਂ ਪਰਤ ਦਰ ਪਰਤ ਨਾਵਲ ਦੀ ਕਹਾਣੀ, ਇਸ ਵਿਚਲੇ ਸਫ਼ਰ, ਵਿਧਾ ਵਿਧਾਨ, ਵਰਤਾਰਾ, ਸਮਾਂ- ਸਥਾਨ ਤੇ ਕਾਰਜ ਖੇਤਰ ’ਤੇ ਗੱਲ ਕਰਦਿਆਂ ਲੇਖਕ ਨੂੰ ਬਹੁਤ ਸਾਰੇ ਸੁਝਾਅ ਵੀ ਦਿੱਤੇ। ਅੰਤ ਵਿਚ ਬਿੰਦਰ ਕੋਲੀਆਂ ਵਾਲ ਨੇ ਭਵਿੱਖ ਵਿਚ ਹੋਰ ਵੀ ਸੁਚੇਤ ਰਹਿ ਕੇ ਸਾਹਿਤ ਪ੍ਰਤੀ ਨਿਰੰਤਰ ਕਾਰਜਸ਼ੀਲ ਰਹਿਣ ਦਾ ਵਾਅਦਾ ਕੀਤਾ। ਇਸ ਚਰਚਾ ਵਿਚ ਜਸਪਾਲ ਸਿੰਘ ਇਟਲੀ, ਪ੍ਰੋਮਿਲਾ ਅਰੋੜਾ, ਰਤਨ ਜੀ, ਲਾਲ ਸਿੰਘ, ਸੁਰਿੰਦਰ ਸਿੰਘ ਨੇਕੀ, ਸਹਿਬਾਜ਼ ਖਾਨ, ਪ੍ਰਤਾਪ ਸਿੰਘ ਰੰਧਾਵਾ, ਆਸ਼ੂ ਕੁਮਾਰ, ਵਾਸਦੇਵ ਇਟਲੀ, ਦਲਜਿੰਦਰ ਰਹਿਲ, ਯਾਦਵਿੰਦਰ ਸਿੰਘ ਬਾਗੀ ਇਟਲੀ, ਨਿਰਵੈਲ ਸਿੰਘ ਢਿੱਲੋਂ ਇਟਲੀ ਤੇ ਸਿੱਕੀ ਝੱਜੀ ਝੱਜੀ ਪਿੰਡ ਵਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

LEAVE A REPLY

Please enter your comment!
Please enter your name here