ਕੋਲਕਾਤਾ, 21 ਜੁਲਾਈ

ਪੈਗਾਸਸ ਜਾਸੂਸੀ ਵਿਵਾਦ ਦੇ ਸਬੰਧ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੇਂਦਰ ਦੀ ਮੋਤੀ ਸਰਕਾਰ ’ਤੇ ਦੇਸ਼ ਨੂੰ ‘ਨਿਗਰਾਨੀ ਵਾਲਾ ਰਾਸ਼ਟਰ’ ਬਣਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਭਾਜਪਾ ਦੀ ਤਾਨਾਸ਼ਾਹ ਸਰਕਾਰ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਵਿਚ ਇਕਜੁੱਟ ਹੋਣ ਦਾ ਹੋਕਾ ਦਿੱਤਾ।

ਉਨ੍ਹਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਪੈਗਾਸਸ ਜਾਸੂਸੀ ਮਾਮਲੇ ਦਾ ਨੋਟਿਸ ਲਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਪਾਈਵੇਅਰ ਦਾ ਇਸਤੇਮਾਲ ਕਰ ਕੇ ਕਿਸੇ ਖ਼ਾਸ ਮਕਸਦ ਤਹਿਤ ਕਾਰਕੁਨਾਂ, ਸਿਆਸਤਦਾਨਾਂ, ਪੱਤਰਕਾਰਾਂ ਤੇ ਇੱਥੋਂ ਤੱਕ ਕਿ ਜੱਜਾਂ ਤੱਕ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੋਲਕਾਤਾ ਵਿਚ ਸ਼ਹੀਦੀ ਦਿਵਸ ਸਬੰਧੀ ਇਕ ਰੈਲੀ ਨੂੰ ਆਨਲਾਈਨ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘‘ਭਾਜਪਾ ਇਕ ਲੋਕਤੰਤਰੀ ਦੇਸ਼ ਨੂੰ ਇਕ ਭਲਾਈ ਵਾਲੇ ਰਾਸ਼ਟਰ ਦੀ ਥਾਂ ਨਿਗਰਾਨੀ ਵਾਲੇ ਰਾਸ਼ਟਰ ਵਿਚ ਬਦਲਣਾ ਚਾਹੁੰਦੀ ਹੈ।’’ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਕੇਂਦਰ ’ਤੇ ਦੋਸ਼ ਲਗਾਇਆ ਕਿ ਪੈਟਰੋਲ-ਡੀਜ਼ਲ ਅਤੇ ਹੋਰ ਵਸਤਾਂ ’ਤੇ ਲਗਾਏ ਟੈਕਸਾਂ ਰਾਹੀਂ ਇਕੱਠਾ ਕੀਤੇ ਗਏ ਪੈਸੇ ਦਾ ਇਸਤੇਮਾਲ ਭਲਾਈ ਸਕੀਮਾਂ ਦੀ ਬਜਾਏ ਖ਼ਤਰਨਾਕ ਸਾਫ਼ਟਵੇਅਰ ਰਾਹੀਂ ਜਾਸੂਸੀ ਕਰਨ ਲਈ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, ‘‘ਸਾਡੇ ਫੋਨ ਟੈਪ ਕੀਤੇ ਜਾ ਰਹੇ ਹਨ। ਨਾ ਸਿਰਫ਼ ਟੈਪ ਬਲਕਿ ਇਕ ਤਰ੍ਹਾਂ ਨਾਲ ਰਿਕਾਰਡ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦੇ ਸਾਰੇ ਆਗੂ ਜਾਣਦੇ ਹਨ ਕਿ ਸਾਡੇ ਫੋਨ ਟੈਪ ਹੋ ਰਹੇ ਹਨ।’’ ਉਨ੍ਹਾਂ ਰੈਲੀ ਦੌਰਾਨ ਕਿਹਾ, ‘‘ਮੈਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ ਜੀ, ਚਿਦੰਬਰਮ ਜਾਂ ਹੋਰ ਕਿਸੇ ਵੀ ਵਿਰੋਧੀ ਪਾਰਟੀ ਦੇ ਆਗੂ ਜਾਂ ਮੁੱਖ ਮੰਤਰੀਆਂ ਨਾਲ ਗੱਲ ਨਹੀਂ ਕਰ ਸਕਦੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਸਾਡੀ ਜਾਸੂਸੀ ਕਰਵਾਈ ਜਾ ਰਹੀ ਹੈ ਪਰ ਸਾਡੀ ਜਾਸੂਸੀ ਕਰਵਾਉਣ ਨਾਲ ਉਹ 2024 ਦੀਆਂ ਲੋਕ ਸਭਾ ਚੋਣਾਂ ਵਿਚ ਬਚ ਨਹੀਂ ਸਕਣਗੇ।’’ ਉਨ੍ਹਾਂ ਆਪਣਾ ਮੋਬਾਈਲ ਫੋਨ ਉਠਾ ਕੇ ਦਿਖਾਇਆ ਜਿਸ ਦਾ ਕੈਮਰਾ ਢੱਕਿਆ ਹੋਇਆ ਸੀ। ਅਜਿਹਾ ਸਰਕਾਰ ਵੱਲੋਂ ਕਥਿਤ ਤੌਰ ’ਤੇ ਕਰਵਾਈ ਜਾ ਰਹੀ ਜਾਸੂਸੀ ਦੇ ਵਿਰੋਧ ਵਜੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਭਿਸ਼ੇਕ ਬੈਨਰਜੀ ਤੇ ਚੋਣਾਂ ਸਬੰਧੀ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਜਾਸੂਸੀ ਕਰਵਾਈ ਜਾ ਰਹੀ ਹੈ, ਇਸ ਵਾਸਤੇ ਉਨ੍ਹਾਂ ਨੇ ਆਪਣੇ ਫੋਨ ’ਤੇ ਪਲਾਸਟਰ ਲਗਾ ਲਿਆ ਹੈ। ਟੀਐੱਮਸੀ ਮੁਖੀ ਨੇ ਸੁਪਰੀਮ ਕੋਰਟ ਤੋਂ ਇਸ ਮਾਮਲੇ ਦਾ ਨੋਟਿਸ ਲੈ ਕੇ ਇਸ ਸਬੰਧੀ ਜਾਂਚ ਲਈ ਇਕ ਪੈਨਲ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਰਫ਼ ਨਿਆਂ ਪਾਲਿਕਾ ਹੀ ਦੇਸ਼ ਨੂੰ ਬਚਾਅ ਸਕਦੀ ਹੈ। -ਪੀਟੀਆਈ

 

 

LEAVE A REPLY

Please enter your comment!
Please enter your name here