ਚੈਟੋਰੌਕਸ, 4 ਅਗਸਤ

ਭਾਰਤੀ ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਅਤੇ ਰਾਏਜ਼ਾ ਢਿੱਲੋਂ ਅੱਜ ਇੱਥੇ ਪੈਰਿਸ ਓਲੰਪਿਕ ਖੇਡਾਂ ਦੇ ਮਹਿਲਾ ਸਕੀਟ ਮੁਕਾਬਲਿਆਂ ਵਿੱਚ ਕ੍ਰਮਵਾਰ 14ਵੇਂ ਅਤੇ 23ਵੇਂ ਸਥਾਨ ’ਤੇ ਰਹਿੰਦਿਆਂ ਫਾਈਨਲ ’ਚ ਜਗ੍ਹਾ ਬਣਾਉਣ ਵਿੱਚ ਨਾਕਾਮ ਰਹੀਆਂ। ਪੰਜ ਸੀਰੀਜ਼ ਦੇ ਕੁਆਲੀਫਿਕੇਸ਼ਨ ਦੀਆਂ ਆਖ਼ਰੀ ਦੋ ਸੀਰੀਜ਼ ਅੱਜ ਖੇਡੀਆਂ ਗਈਆਂ, ਜਿਸ ਮਗਰੋਂ ਮਹੇਸ਼ਵਰੀ ਦਾ ਕੁੱਲ ਸਕੋਰ 118 ਰਿਹਾ। ਉਸ ਨੇ ਪੰਜ ਸੀਰੀਜ਼ ਵਿੱਚ 23, 24, 24, 25 ਅਤੇ 22 ਅੰਕ ਜੋੜੇ। ਰਾਏਜ਼ਾ ਦਾ ਕੁੱਲ ਸਕੁੱਲ ਸਕੋਰ 113 ਸੀ ਅਤੇ ਉਸ ਨੇ ਪੰਜ ਸੀਰੀਜ਼ ਵਿੱਚ 21, 22, 23, 23, 24 ਅੰਕ ਬਣਾਏ। ਇਸ ਮੁਕਾਬਲੇ ਵਿੱਚ 29 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਸਿਖਰਲੇ ਛੇ ਨੇ ਫਾਈਨਲ ਵਿੱਚ ਜਗ੍ਹਾ ਬਣਾਈ। ਇਟਲੀ ਦੀ 2016 ਰੀਓ ਓਲੰਪਿਕ ਦੀ ਸੋਨ ਤਗ਼ਮਾ ਜੇਤੂ ਡਾਇਨਾ ਬਕੋਸੀ ਵੀ ਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਨਾਕਾਮ ਰਹੀ। ਉਹ 117 ਅੰਕ ਨਾਲ 15ਵੇਂ ਸਥਾਨ ’ਤੇ ਰਹੀ।

ਪਹਿਲੇ ਦਿਨ ਦੇ ਕੁਆਲੀਫਿਕੇਸ਼ਨ ਮਗਰੋਂ ਮਹੇਸ਼ਵਰੀ ਤਿੰਨ ਸੀਰੀਜ਼ ਵਿੱਚ 23, 24 ਅਤੇ 24 ਨਾਲ 71 ਅੰਕ ਜੋੜ ਕੇ ਅੱਠਵੇਂ ਸਥਾਨ ’ਤੇ ਚੱਲ ਰਹੀ ਸੀ ਅਤੇ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਦੌੜ ’ਚ ਸੀ। ਹਾਲਾਂਕਿ ਅੱਜ ਚੌਥੀ ਸੀਰੀਜ਼ ਵਿੱਚ ਪੂਰੇ 24 ਅੰਕ ਹਾਸਲ ਕਰਨ ਦੇ ਬਾਵਜੂਦ ਉਹ ਸਿਖਰਲੇ ਛੇ ਨਿਸ਼ਾਨੇਬਾਜ਼ਾਂ ਵਿੱਚ ਜਗ੍ਹਾ ਨਹੀਂ ਬਣਾ ਸਕੀ। ਇਸ ਤੋਂ ਪਹਿਲਾਂ ਭਾਰਤੀ ਨਿਸ਼ਾਨੇਬਾਜ਼ ਵਿਜੈਵੀਰ ਸਿੰਧੂ ਅਤੇ ਅਨੀਸ਼ ਭਾਨਵਾਲਾ ਕੁਆਲੀਫਿਕੇਸ਼ਨ ਵਿੱਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਆਖ਼ਰੀ ਸੀਰੀਜ਼ ਵਿੱਚ ਖਰਾਬ ਪ੍ਰਦਰਸ਼ਨ ਮਗਰੋਂ ਅੱਜ ਇੱਥੇ ਪੈਰਿਸ ਖੇਡਾਂ ਦੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਨਾਕਾਮ ਰਹੇ। ਵਿਜੈਵੀਰ ਅਤੇ ਅਨੀਸ਼ ਦੋ ਰਾਊਂਡ ਦੇ ਕੁਆਲੀਫਿਕੇਸ਼ਨ ਦੇ ਦੂਜੇ ਰੈਪਿਡ ਫਾਇਰ ਰਾਊਂਡ ਦੇ ਆਖਰੀ 10 ਸ਼ਾਟ ਤੱਕ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਦੌੜ ’ਚ ਸੀ ਪਰ ਕ੍ਰਮਵਾਰ 92 ਅਤੇ 93 ਅੰਕ ਜੋੜ ਕੇ ਨੌਵੇਂ ਅਤੇ 13ਵੇਂ ਸਥਾਨ ’ਤੇ ਰਹੇ। ਸਿਖਰਲੇ ਛੇ ਨਿਸ਼ਾਨੇਬਾਜ਼ਾਂ ਨੇ ਫਾਈਨਲ ਵਿੱਚ ਜਗ੍ਹਾ ਬਣਾਈ। ਦੋਵੇਂ ਨਿਸ਼ਾਨੇਬਾਜ਼ਾਂ ਨੇ ਪ੍ਰੀਸਿਜ਼ਨ ਰਾਊਂਡ ਵਿੱਚ 293 ਦਾ ਸਕੋਰ ਬਣਾਇਆ ਅਤੇ ਕ੍ਰਮਵਾਰ ਪੰਜਵੇਂ ਅਤੇ ਸੱਤਵੇਂ ਸਥਾਨ ’ਤੇ ਰਹੇ। ਰੈਪਿਡ ਫਾਇਰ ਰਾਊਂਡ ਵਿੱਚ ਵਿਜੈਵੀਰ ਨੇ ਪਹਿਲੀਆਂ ਦੋ ਸੀਰੀਜ਼ ਵਿੱਚ 100 ਅਤੇ 98 ਦਾ ਸਕੋਰ ਬਣਾਇਆ ਅਤੇ ਇੱਕ ਸਮੇਂ ਦੂਜੇ ਸਥਾਨ ’ਤੇ ਪਹੁੰਚ ਗਿਆ, ਜਦਕਿ ਅਨੀਸ਼ ਨੇ ਵੀ 99 ਅਤੇ 97 ਦਾ ਸਕੋਰ ਬਣਾਇਆ ਅਤੇ ਸਿਖਰਲੇ ਛੇ ਦੇ ਕਰੀਬ ਬਿਹਾ ਪਰ ਆਖ਼ਰੀ ਸੀਰੀਜ਼ ਨੇ ਸਭ ਕੁੱਝ ਬਦਲ ਦਿੱਤਾ।

ਹੁਣ ਮਹੇਸ਼ਵਰੀ ਮਿਕਸਡ ਟੀਮ ਸਕੀਟ ਲਈ ਅਨੰਤਜੀਤ ਸਿੰਘ ਨਾਰੂਕਾ ਨਾਲ ਰੇਂਜ ’ਤੇ ਉਤਰੇਗੀ। ਇਹ ਮੁਕਾਬਲਾ ਓਲੰਪਿਕ ਵਿੱਚ ਪਹਿਲੀ ਵਾਰ ਹੋ ਰਿਹਾ ਹੈ। -ਪੀਟੀਆਈ

LEAVE A REPLY

Please enter your comment!
Please enter your name here