ਸਰਬਜੀਤ ਸਿੰਘ ਭੰਗੂ/ਮੁਖਤਿਆਰ ਸਿੰਘ ਨੌਗਾਵਾਂ
ਪਟਿਆਲਾ/ਦੇਵੀਗੜ੍ਹ , 21 ਜੁਲਾਈ

ਜ਼ਿਲ੍ਹਾ ਪਟਿਆਲਾ ਦੇ ਥਾਣਾ ਜੁਲਕਾਂ ਅਧੀਨ ਪਿੰਡ ਦੂਧਨਸਾਧਾਂ ਵਿੱਚ ਮੀਂਹ ਕਾਰਨ ਮਕਾਨ ਡਿੱਗਣ ਕਾਰਨ ਭੈਣ-ਭਰਾ ਦੀ ਮੌਤ ਹੋ ਗਈ, ਜਦਕਿ ਹਾਦਸੇ ਕਾਰਨ ਉਨ੍ਹਾਂ ਦੇ ਮਾਪੇ ਅਤੇ ਤਿੰਨ ਭਰਾ ਜ਼ਖ਼ਮੀ ਹੋ ਗਏ। ਅੱਜ ਸਵੇਰੇ ਪੰਜ ਵਜੇ ਮਕਾਨ ਦੇ ਪਿਛਲੇ ਪਾਸੇ ਵਧੇਰੇ ਪਾਣੀ ਭਰਨ ਕਾਰਨ ਮਕਾਨ ਦੀ ਨੀਂਹ ਦਬ ਗਈ, ਜਿਸ ਕਾਰਨ ਮਕਾਨ ਢਹਿ ਗਿਆ। ਹਾਦਸੇ ਦੌਰਾਨ ਜਾਨਾਂ ਗਵਾਉਣ ਵਾਲੇ ਬੱਚਿਆਂ ਵਿੱਚ ਸੱਤ ਸਾਲਾ ਸਚਿਨ ਪੁੱਤਰ ਬਿੱਟੂ ਅਤੇ ਬਿੱਟੂ ਦੀ ਪੰਜ ਸਾਲਾ ਬੇਟੀ ਤਾਨੀਆ ਸ਼ਾਮਲ ਹਨ। ਜ਼ਖ਼ਮੀਆਂ ਵਿੱਚ ਬਿੱਟੂ ਪੁੱਤਰ ਚਾਰੂ ਰਾਮ (38), ਉਸ ਦੀ ਪਤਨੀ ਨੀਲਮ (36) ਤਿੰਨ ਲੜਕੇ ਮਨੀਸ਼ (14), ਕਪਿਲ (9) ਅਤੇ ਅੰਸ਼ (3) ਸ਼ਾਮਲ ਹਨ।

ਫੋਟੋ: ਰਾਜੇਸ਼ ਸੱਚਰ

ਪਟਿਆਲਾ ਦੇ ਡੀਐੱਸਪੀ (ਦੇਹਾਤੀ) ਅਜੈ ਪਾਲ ਸਿੰਘ ਨੇ ਕਿਹਾ ਕਿ ਬੱਚਿਆਂ ਦੀਆਂ ਲਾਸ਼ਾਂ ਪੋਸਟ ਮਾਰਟਮ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਹੈ, ਜਦਕਿ ਪਰਿਵਾਰ ਦੇ ਪੰਜੇ ਜ਼ਖ਼ਮੀ ਮੈਂਬਰ ਵੀ ਰਾਜਿੰਦਰਾ ਹਸਪਤਾਲ ’ਚ ਦਾਖਲ ਹਨ। ਇਸੇ ਦੌਰਾਨ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹੈਰੀਮਾਨ ਬਲਾਕ ਸਮਿਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ ਅਤੇ ਸੀਨੀਅਰ ਕਾਂਗਰਸ ਆਗੂ ਜੋਗਿੰਦਰ ਸਿੰਘ ਕਾਕੜਾ, ਕਾਂਗਰਸ ਆਗੂ ਲਾਲਜੀਤ ਸਿੰਘ ਲਾਲੀ ਸਮੇਤ ਕਈ ਹੋਰਨਾਂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਸਨੌਰ ਤੋਂ ‘ਆਪ’ ਦੇ ਹਲਕਾ ਇੰਚਾਰਜ ਹਰਮੀਤ ਸਿੰਘ ਪਠਾਣਮਾਜਰਾ, ਇੰਦਰਜੀਤ ਸੰਧੂ, ਬਲਜਿੰਦਰ ਢਿੱਲੋਂ ਅਤੇ ਰਣਜੋਧ ਸਿੰਘ ਹੜਾਣਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਮੀਂਹ ਨਾਲ ਮਕਾਨ ਡਿੱਗਣ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਦੋ ਦਿਨਾਂ ਅੰਦਰ ਇਹ ਦੂਜੀ ਘਟਨਾ ਹੈ। ਪਾਤੜਾਂ ਵਿਖੇ ਵੀ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਮੈਂਬਰਾਂ ਮੌਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here