ਮੁਸ਼ਕਿਲ ਬੜਾ ਹੈ ਜੀਣਾ…

ਸੁਰਿੰਦਰ ਗੀਤ

ਮੁਸ਼ਕਿਲ ਬੜਾ ਹੈ ਜੀਣਾ, ਆਪੇ ਤੋਂ ਦੂਰ ਜਾ ਕੇ

ਆਪਣੇ ਹੀ ਪੇਟ ਖਾਤਿਰ, ਆਪਣਾ ਹੀ ਮਾਸ ਖਾ ਕੇ।

ਲੱਗਦੀ ਬੜੀ ਹੈ ਰੌਣਕ, ਤੇਰੇ ਮਹਾਂ ਨਗਰ ਵਿਚ

ਆ ਦੇਖ ਤੂੰ ਵਿਰਾਨਾ, ਸਾਡੇ ਘਰਾਂ ‘ਚ ਆ ਕੇ।

ਇਹ ਜੂਨ ਹੈ ਮਨੁੱਖਾ, ਜਾਂ ਹੋਰ ਕੋਈ ਨਾਂ ਹੈ

ਪੁੱਛੀਂ ਖੁਦਾ ਦੇ ਕੋਲੋਂ, ਨੈਣਾਂ ‘ਚ ਨੈਣ ਪਾ ਕੇ।

ਨਾ ਮਜ਼੍ਹਬ ਨੂੰ ਪਤਾ ਹੈ, ਨਾ ਧਰਮ ਕੋਈ ਜਾਣੇ

ਇਸ ਖੇਡ ਅੱਗ ਦੀ ਨੇ, ਮੁੱਕਣਾ ਕਿੱਥੇ ਕੁ ਜਾ ਕੇ।

ਕੀ ਖੱਟ ਰਿਹਾ ਹੈ ਲੋਕੋ, ਦੁਨੀਆਂ ਦਾ ਇਹ ਵਪਾਰੀ

ਅੱਜ ਤੇਲ ਤੇ ਲਹੂ ਦਾ, ਇਕੋ ਹੀ ਭਾਅ ਬਣਾ ਕੇ।

ਮੈਂ ਤਾਂ ਏਨਾ ਕਿਹਾ ਸੀ, ਇਹ ਰਾਜ ਨੇਰ੍ਹ ਦਾ ਹੈ

ਮੱਥੇ ‘ਚ ਮੇਰੇ ਮਾਰੇ, ਪੱਥਰ ਤੁਸੀਂ ਵਗਾ ਕੇ।

ਸੁਕਰਾਤ ਜੇ ਤੂੰ ਬਣਨਾ, ਕਰ ਪਾਰਖੂ ਨਜ਼ਰ ਤੂੰ

ਤੇ ਸੱਚ ਨੂੰ ਬਚਾਵੀਂ, ਹੋਠਾਂ ‘ਤੇ ਜ਼ਹਿਰ ਲਾ ਕੇ।

ਸ਼ਬਦਾਂ ਦਾ ਲੈ ਸਹਾਰਾ, ਮੈਂ ਆ ਸਕੀ ਹਾਂ ਏਥੇ

ਹੌਲਾ ਜਿਹਾ ਹੋ ਜਾਂਦੈ, ਮਨ ਗੀਤ ਆਪਣਾ ਗਾ ਕੇ।
(ਕੈਨੇਡਾ)


ਜ਼ਿੰਦਗੀ ਚਲਦੀ ਭਲੀ

ਗੁਰਮਲਕੀਅਤ ਸਿੰਘ ਕਾਹਲੋਂ

ਵਕਤ ਬਦਲਦਾ ਸਾਲ ਬਦਲਦੇ

ਬਦਲਣ ਮੌਸਮ ਵਾਰੋ ਵਾਰ।

ਵਹਿੰਦਾ ਪਾਣੀ ਚੰਗਾ ਲੱਗੇ

ਖੜ੍ਹ ਕੇ ਬਣ ਜਾਵੇ ਗੰਦੀ ਲਾਰ।

ਪਰ ਕੁਝ ਮਨੁੱਖੀ ਜਾਮੇ ਵਾਲੇ

ਰੁਕੇ ਰਹਿਣ ਬਣ ਧਰਤੀ ਭਾਰ।

ਜੱਦ ‘ਚ ਮਿਲੀ ਜੇ ਸੌੜੀ ਸੋਚ

ਲਾਏਗੀ ਨਹੀਂ ਜ਼ਿੰਦਗੀ ਪਾਰ।

ਆਓ, ਅੰਦਰ ਝਾਤ ਤਾਂ ਪਾਈਏ

ਕਰੀਏ ਆਪਣਾ ਆਪ ਉਦਾਰ।

ਨਾਲ ਸਮੇਂ ਦੇ ਬਦਲਦੇ ਰਹੀਏ

ਮਾਣੀਏ ਜ਼ਿੰਦਗੀ ਦਾ ਖੁਮਾਰ।

ਚੱਲਣਾ ਹੈ ਜ਼ਿੰਦਗੀ ਦਾ ਨਾਮ

ਚੱਲਦੇ ਰਹੀਏ ਸਵੇਰ ਤੋਂ ਰਾਤ।

ਚੱਲਦਾ ਪਹੀਆ ਚਮਕੇ ਬਹੁਤਾ

ਰੁਕ ਜਾਵੇ, ਫਿਰ ਬਣੇ ਨਾ ਬਾਤ।

ਸਮਝ ਲਿਆ ਜਿਸ ਭੇਦ ਜ਼ਿੰਦਗੀ

ਤਰ ਸਕਦਾ ਉਹ ਸੱਤ ਸਮੁੰਦਰ।

ਹੁਣ ਤਾਂ ਨੇ ਮੁੱਕ ਗਈਆਂ ਚਰਾਂਦਾਂ

ਥਾਂ ਨਈ ਹੈਗੀ ਚਾਰਨ ਲਈ ਡੰਗਰ।
(ਕੈਨੇਡਾ)


ਕਿੱਕਲੀ

ਦਲਜੀਤ ਕੌਰ ਨਿਜਰਾਨ

ਪਾਉਣੀ ਕਿੱਕਲੀ ਤੀਆਂ ਦੇ ਵਿਚ ਭੁੱਲ ਗਈ

ਨੀਂ ਕੁੜੀਏ ਪੰਜਾਬ ਦੀਏ

ਤੂੰ ਕਿਹੜੀਆਂ ਸ਼ੌਕੀਨੀਆਂ ‘ਤੇ ਡੁੱਲ੍ਹ ਗਈ

ਨੀਂ ਕੁੜੀਏ ਪੰਜਾਬ ਦੀਏ

ਸਿਰ ‘ਤੇ ਦੁਪੱਟਾ ਤੇਰੇ ਕਿੰਨਾ ਸੋਹਣਾ ਲੱਗਦਾ

ਸੰਗ ‘ਚ ਲੁਕਾਉਂਦੀ ਸੀ ਤੂੰ ਰੂਪ ਸਾਰੇ ਜੱਗ ਦਾ

ਸੁੱਟੇ ਸੱਗੀ ਫੁੱਲ ਹਾਰ, ਆਖੂ ਕੌਣ ਮੁਟਿਆਰ

ਗੁੱਤ ਕਿਹੜਿਆਂ ਰਿਵਾਜ ਵਿਚ ਖੁੱਲ੍ਹ ਗਈ

ਨੀਂ ਕੁੜੀਏ ਪੰਜਾਬ ਦੀਏ

ਸਾਉਣ ਦਾ ਮਹੀਨਾ ਤੂੰ ਕਲੱਬਾਂ ‘ਚ ਗੁਜ਼ਾਰਦੀ

ਸੁੰਨੀ ਪਈ ਪੀਂਘ ਨੀਂ ਆਵਾਜ਼ਾਂ ਤੈਨੂੰ ਮਾਰਦੀ

ਦੇਵੇ ਚਰਖਾ ਦੁਹਾਈ, ਕਦੇ ਬੋਲੀ ਨਾ ਤੂੰ ਪਾਈ

ਕੇਰੀ ਚੰਦਰੀ ਹਨੇਰੀ ਇੱਥੇ ਝੁੱਲ ਗਈ

ਨੀਂ ਕੁੜੀਏ ਪੰਜਾਬ ਦੀਏ

ਕਿੱਥੇ ਗਿਆ ਲੌਂਗ ਜਿਹੜਾ ਮਾਰੇ ਲਿਸ਼ਕਾਰੇ ਨੀਂ

ਹਲ ਵਾਹੁੰਦੇ ਹਾਲੀ ਜਿਹਨੂੰ ਤੱਕਦੇ ਸੀ ਸਾਰੇ ਨੀਂ

ਕਿਹੜੇ ਵਿਰਸੇ ਦੀ ਜਾਈ, ਉਹਨੂੰ ਜਾਨੀ ਏ ਭੁਲਾਈ

ਮਹਿੰਦੀ ਤਲੀਆਂ ਦੀ ਕਿਹੜੇ ਭਾਅ ਤੁੱਲ ਗਈ

ਨੀਂ ਕੁੜੀਏ ਪੰਜਾਬ ਦੀਏ

ਬੰਨ੍ਹ ਟੋਲੀਆਂ ਨਾ ਮੇਲਿਆਂ ‘ਤੇ ਆਉਂਦੀ ਤੂੰ

ਕੂਚ ਅੱਡੀਆਂ ਨਾ ਝਾਂਜਰਾਂ ਵੀ ਪਾਉਂਦੀ ਤੂੰ

ਸੁੰਨੀ ਪਿੰਡ ਦੀ ਏ ਰੂਹ, ਵੇਖੇ ਟਿੰਡਾਂ ਵਾਲਾ ਖੂਹ

ਕਿੱਥੇ ਪਾਣੀ ਵਾਲੀ ਉਹ ਗਾਗਰ ਡੁੱਲ੍ਹ ਗਈ

ਨੀਂ ਕੁੜੀਏ ਪੰਜਾਬ ਦੀਏ

ਪਾਉਣੀ ਕਿੱਕਲੀ ਤੀਆਂ ਦੇ ਵਿਚ ਭੁੱਲ ਗਈ

ਨੀਂ ਕੁੜੀਏ ਪੰਜਾਬ ਦੀਏ
(ਇੰਗਲੈਂਡ)


ਆਜ਼ਾਦ

ਜਸਵੰਤ ਗਿੱਲ ਸਮਾਲਸਰ

ਮੇਰੀ ਫਿਤਰਤ ਨਹੀਂ ਹੈ

ਉੱਡਦੇ ਪਰਿੰਦਿਆਂ ਨੂੰ

ਪਿੰਜਰੇ ਵਿਚ

ਕੈਦ ਕਰਨ ਦੀ

ਤੂੰ ਆਜ਼ਾਦ ਏ

ਤੇ ਇਹ ਧਰਤੀ

ਇਹ ਆਸਮਾਨ

ਸਭ ਤੇਰੇ ਨੇ

ਤੂੰ ਉਡਾਰੀ ਭਰ

ਤੇਰੇ ਪਰ ਕੱਟਾਂ

ਮੈਂ ਕੋਈ

ਸ਼ਿਕਾਰੀ ਨਹੀਂ।
ਸੰਪਰਕ: 97804-51878 (ਸਾਊਦੀ ਅਰਬ)

LEAVE A REPLY

Please enter your comment!
Please enter your name here