ਇਸਲਾਮਾਬਾਦ/ਕਰਾਚੀ, 25 ਅਗਸਤ
ਪਾਕਿਸਤਾਨ ਵਿਚ ਦੋ ਵੱਖੋ-ਵੱਖਰੇ ਬੱਸ ਹਾਦਸਿਆਂ ਵਿਚ 11 ਸ਼ਰਧਾਲੂਆਂ ਸਣੇ ਘੱਟੋ-ਘੱਟ 37 ਵਿਅਕਤੀ ਹਲਾਕ ਤੇ ਕਈ ਹੋਰ ਜ਼ਖ਼ਮੀ ਹੋ ਗਏ। ਪਹਿਲਾ ਹਾਦਸਾ ਬਲੋਚਿਸਤਾਨ ਸੂੁਬੇ ਦੇ ਮਕਰਾਨ ਸਾਹਿਲੀ ਸ਼ਾਹਰਾਹ ’ਤੇ ਹੋਇਆ, ਜਿੱਥੇ ਇਰਾਨ ਤੋ ਪੰਜਾਬ ਸੂਬੇ ਨੂੰ ਜਾ ਰਹੀ ਬੱਸ ਬੇਕਾਬੂ ਹੋ ਕੇ ਸ਼ਾਹਰਾਹ ਤੋਂ ਲੱਥ ਗਈ। ਬੱਸ ਵਿਚ 70 ਵਿਅਕਤੀ ਸਵਾਰ ਸਨ ਜਿਨ੍ਹਾਂ ਵਿਚੋਂ ਬਹੁਗਿਣਤੀ ਸ਼ੀਆ ਸ਼ਰਧਾਲੂਆਂ ਦੀ ਸੀ। ਬਹੁਤੇ ਯਾਤਰੀ ਲਾਹੌਰ ਜਾਂ ਗੁੱਜਰਾਂਵਾਲਾ ਨਾਲ ਸਬੰਧਤ ਸਨ। ਪੁਲੀਸ ਮੁਤਾਬਕ ਹਾਦਸੇ ਵਿਚ 35 ਵਿਅਕਤੀ ਜ਼ਖ਼ਮੀ ਹੋਏ ਹਨ। ਮਕਰਾਨ ਸਾਹਿਲੀ ਸ਼ਾਹਰਾਹ 653 ਕਿਲੋਮੀਟਰ ਲੰਮਾ ਕੌਮੀ ਸ਼ਾਹਰਾਹ ਹੈ, ਜੋ ਸਿੰਧ ਸੂਬੇ ਵਿਚ ਕਰਾਚੀ ਤੋਂ ਅੱਗੇ ਬਲੋਚਿਸਤਾਨ ਦੇ ਗਵਾਦਰ ਨੂੰ ਜਾਂਦਾ ਹੈ। ਦੂਜਾ ਹਾਦਸਾ ਮਕਬੂਜ਼ਾ ਕਸ਼ਮੀਰ ਵਿਚ ਹੋਇਆ, ਜਿੱਥੇ ਬੱਸ ਦੇ ਖੱਡ ਵਿਚ ਡਿੱਗਣ ਨਾਲ 26 ਵਿਅਕਤੀਆਂ ਦੀ ਮੌਤ ਹੋ ਗਈ। ਬੱਸ ਵਿਚ ਕੁੱਲ 35 ਵਿਅਕਤੀ ਸਵਾਰ ਸਨ। ਈਦੀ ਫਾਊਂਡੇਸ਼ਨ ਦੇ ਕਾਮਰ ਨਦੀਮ ਨੇ ਕਿਹਾ ਕਿ ਹੁਣ ਤੱਕ 26 ਮੌਤਾਂ ਦੀ ਪੁਸ਼ਟੀ ਹੋਈ ਹੈ ਤੇ 3 ਜ਼ਖ਼ਮੀ ਹਨ। ਮ੍ਰਿਤਕਾਂ ਵਿਚ ਬੱਚੇ ਤੇ ਮਹਿਲਾਵਾਂ ਵੀ ਸ਼ਾਮਲ ਹਨ। -ਪੀਟੀਆਈ