ਇਸਲਾਮਾਬਾਦ, 4 ਸਤੰਬਰ

ਪਾਕਿਸਤਾਨ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ (ਪੁਰਾਣਾ ਨਾਂ ਸੂਬਾ ਸਰਹੱਦ ਜਾਂ ਸਰਹੱਦੀ ਸੂਬਾ) ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਖ਼ਿਲਾਫ਼ ਗ਼ੈਰਜ਼ਮਾਨੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।

ਉਨ੍ਹਾਂ ਖਿਲਾਫ਼ ਇਹ ਕੇਸ ਅਕਤੂਬਰ 2016 ਵਿਚ ਉਦੋਂ ਦਰਜ ਕੀਤਾ ਗਿਆ ਸੀ ਜਦੋਂ ਪੁਲੀਸ ਨੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਰਟੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ)’ ਦੇ ਆਗੂ ਗੰਡਾਪੁਰ ਕੋਲੋਂ ਪੰਜ ਕਲਾਸ਼ਨੀਕੋਵ (ਏਕੇ) ਰਾਈਫਲਾਂ, ਇਕ ਪਿਸਤੌਲ, ਛੇ ਮੈਗਜ਼ੀਨਾਂ, ਇਕ ਬੁਲੇਟ ਪਰੂਫ਼ ਜੈਕਟ, ਤਿੰਨ ਅੱਥਰੂ ਗੈਸ ਦੇ ਗੋਲੇ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਉਸ ਵਕਤ ਗੰਡਾਪੁਰ ਖ਼ੈਬਰ-ਪਖ਼ਤੂਨਖ਼ਵਾ ਵਿਚਲੀ ਪੀਟੀਆਈ ਸਰਕਾਰ ਵਿਚ ਸੂਬਾਈ ਵਜ਼ੀਰ ਸਨ।

ਜੱਜ ਸ਼ਾਇਸਤਾ ਖ਼ਾਨ ਕੁੰਡੀ ਨੇ ਵਾਰੰਟ ਜਾਰੀ ਕਰਦਿਆਂ ਪੁਲੀਸ ਨੂੰ ਹੁਕਮ ਦਿੱਤਾ ਹੈ ਕਿ ਗੰਡਾਪੁਰ ਨੂੰ ਗ੍ਰਿਫ਼ਤਾਰ ਕਰ ਕੇ ਇਸਲਾਮਾਬਾਦ ਸਥਿਤ ਉਸ ਦੀ ਅਦਾਲਤ ਅੱਗੇ ਪੇਸ਼ ਕੀਤਾ ਜਾਵੇ। -ਪੀਟੀਆਈ

LEAVE A REPLY

Please enter your comment!
Please enter your name here