ਪੱਤਰ ਪ੍ਰੇਰਕ

ਨਵੀਂ ਦਿੱਲੀ, 21 ਅਗਸਤ

ਦਿੱਲੀ ਨਗਰ ਨਿਗਮ ਦੀ ਅੱਜ ਦੀ ਬੈਠਕ ਦੌਰਾਨ ਵਿਰੋਧੀ ਧਿਰ ਭਾਜਪਾ ਨੇ ਖੂਬ ਸ਼ੋਰ ਮਚਾਇਆ ਅਤੇ ਭਾਜਪਾ ਦੇ ਤਿੰਨ ਕੌਂਸਲਰਾਂ ਨੂੰ ਮੇਅਰ ਨੇ ਸਦਨ ਵਿੱਚੋਂ ਮੁਅੱਤਲ ਕਰ ਦਿੱਤਾ। ਵਿਰੋਧੀ ਧਿਰ ਦੇ ਕੌਂਸਲਰ ਮੇਅਰ ਡਾ. ਸ਼ੈਲੀ ਓਬਰਾਏ ਦੇ ਦੇਰੀ ਨਾਲ ਸਦਨ ਵਿੱਚ ਪਹੁੰਚਣ ਤੋਂ ਵੀ ਔਖੇ ਸਨ ਅਤੇ ਉਨ੍ਹਾਂ ਨੇ ਮੇਅਰ ਦੇ ਆਉਂਦੇ ਹੀ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਦਨ ਨੂੰ ਦੋ ਵਾਰੀ ਮੁਲਤਵੀ ਕਰਨਾ ਪਿਆ।

ਦਿੱਲੀ ਦੇ ਮੇਅਰ ਅਤੇ ‘ਆਪ’ ਨੇਤਾ ਸ਼ੈਲੀ ਓਬਰਾਏ ਨੇ ਬਾਆਦ ਵਿੱਚ ਕਿਹਾ, ‘‘ਕੁਝ ਮਹੱਤਵਪੂਰਨ ਏਜੰਡੇ ਸਨ ਜਿਨ੍ਹਾਂ ’ਤੇ ਅਸੀਂ ਅੱਜ ਸਦਨ ਵਿੱਚ ਚਰਚਾ ਕਰਨਾ ਚਾਹੁੰਦੇ ਸੀ ਪਰ ਬਦਕਿਸਮਤੀ ਨਾਲ ਵਿਰੋਧੀ ਕੌਂਸਲਰਾਂ ਨੇ ਬਹੁਤ ਬੁਰਾ ਵਿਵਹਾਰ ਕੀਤਾ ਅਤੇ ਉਨ੍ਹਾਂ ਦਾ ਵਿਵਹਾਰ ਸਦਨ ਵਿੱਚ ਸਵੀਕਾਰਯੋਗ ਨਹੀਂ ਸੀ ਅਤੇ ਇਹ ਸਦਨ ਦੀ ਮਰਿਆਦਾ ਦੇ ਵਿਰੁੱਧ ਸੀ। ਭਾਜਪਾ ਦੇ ਕੌਂਸਲਰਾਂ ਨੇ ਅੱਜ ਫਿਰ ਸਦਨ ਵਿੱਚ ਹੰਗਾਮਾ ਕੀਤਾ ਅਤੇ ਉਨ੍ਹਾਂ ਨੇ ਮਾੜਾ ਵਿਵਹਾਰ ਕੀਤਾ। ਉਨ੍ਹਾਂ ਨੇ ਅਜਿਹਾ ਵਿਵਹਾਰ ਕੀਤਾ ਜਿਵੇਂ ਉਹ ਸਦਨ ਦੀਆਂ ਔਰਤਾਂ ਦੇ ਵਿਰੋਧੀ ਹੋਣ।’’

ਇਸ ਵਾਰ ਮੌਨਸੂਨ ਦੌਰਾਨ ਦਿੱਲੀ ਦੇ ਅਮੀਰ ਰਿਹਾਇਸ਼ੀ ਅਤੇ ਗਰੀਬ ਬਸਤੀਆਂ ਦੇ ਖੇਤਰਾਂ ਵਿੱਚ ਕਈ ਵਾਰ ਪਾਣੀ ਭਰਿਆ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਵਿਰੋਧੀ ਧਿਰ ਭਾਜਪਾ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਕੂੜਾ ਸਾਫ ਕਰਨ ਵਿੱਚ ਢਿੱਲ ਦਾ ਮੁੱਦਾ ਚੁੱਕਿਆ ਅਤੇ ਆਮ ਆਦਮੀ ਪਾਰਟੀ ਦੀ ਦਿੱਲੀ ਨੂੰ ਕੌਮਾਂਤਰੀ ਪੱਧਰ ਦਾ ਸ਼ਹਿਰ ਬਣਾਉਣ ਦੇ ਦਾਅਵੇ ਅਤੇ ਵਾਅਦਿਆਂ ਦੀ ਆਲੋਚਨਾ ਕੀਤੀ। ਐੱਮਸੀਡੀ ਹਾਊਸ ਵਿੱਚ ਉਸ ਸਮੇਂ ਹੰਗਾਮਾ ਹੋਇਆ ਜਦੋਂ ਵਿਰੋਧੀ ਕੌਂਸਲਰਾਂ ਨੇ ਮੇਅਰ ਦੇ ਦੇਰੀ ਨਾਲ ਪਹੁੰਚਣ ਅਤੇ ਕਾਰਵਾਈ ਦੇਰੀ ਨਾਲ ਸ਼ੁਰੂ ਹੋਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮੇਅਰ ਦੇ ਆਉਂਦੇ ਹੀ ਭਾਜਪਾ ਕੌਂਸਲਰਾਂ ਨੇ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ 15 ਮਿੰਟ ਲਈ ਸਦਨ ਮੁਲਤਵੀ ਕੀਤਾ ਗਿਆ। ਭਾਜਪਾ ਅਤੇ ਕਾਂਗਰਸ ਦੇ ਕੌਂਸਲਰ ਸਦਨ ਦੇ ਵਿਚਾਲੇ ਆ ਗਏ ਅਤੇ ਮੇਆਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅਸਤੀਫੇ ਦੀ ਮੰਗ ਕੀਤੀ। ਮੇਅਰ ਵੱਲੋਂ ਕੌਂਸਲਰਾਂ ਨੂੰ ਸ਼ਾਂਤ ਹੋਣ ਦੀਆਂ ਬਾਰ-ਬਾਰ ਕੀਤੀਆਂ ਅਪੀਲਾਂ ਦਾ ਜਦੋਂ ਅਸਰ ਨਾ ਹੋਇਆ ਤਾਂ ਸਦਨ ਨੂੰ ਦੂਜੀ ਵਾਰ 30 ਮਿੰਟ ਲਈ ਮੁਲਤਵੀ ਕਰਨਾ ਪਿਆ। ਉਨ੍ਹਾਂ ਕੌਂਸਲਰਾਂ ਪੰਕਜ ਲੂਥਰਾ, ਗਜਿੰਦਰ ਸਿੰਘ ਤੇ ਅਮਿਤ ਨਾਗਪਾਲ ਨੂੰ ਮੁਅੱਤਲ ਕਰ ਦਿੱਤਾ। ਭਾਜਪਾ ਵੱਲੋਂ ਮੀਟਿੰਗ ਹਾਲ ਦੇ ਬਾਹਰਵਾਰ ਧਰਨਾ ਵੀ ਦਿੱਤਾ ਗਿਆ ਤੇ ਦਿੱਲੀ ਸਰਕਾਰ ਅਤੇ ਐੱਮਸੀਡੀ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ।

LEAVE A REPLY

Please enter your comment!
Please enter your name here