ਮਹਾਂਵੀਰ ਮਿੱਤਲ

ਜੀਂਦ, 9 ਜੂਨ

ਇੱਥੇ ਨਰਵਾਣਾ ਉਪ ਮੰਡਲ ਦੇ ਪਿੰਡ ਬੇਲਰਖਾਂ ਕੋਲ ਸਵੇਰੇ ਵਾਪਰੇ ਸੜਕ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਤੇ 14 ਜ਼ਖ਼ਮੀ ਹੋ ਗਏ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਾਧੂ ਰਾਮ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਦਿੱਲੀ-ਸੰਗਰੂਰ ਉੱਤੇ ਨਰਵਾਣਾ ਦੇ ਪਿੰਡ ਬੇਲਰਖਾਂ ਕੋਲ ਪੰਜਾਬ ਦੇ ਨਿੱਜੀ ਨੰਬਰ ਦੀ ਬੱਸ ਬੇਕਾਬੂ ਹੋ ਕੇ ਦਰੱਖਤਾਂ ਨਾਲ ਟਕਰਾਉਣ ਮਗਰੋਂ ਪਲਟ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਨਰਵਾਣਾ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਬੱਸ ਵਿਚਕਾਰ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਦੋ ਮਜ਼ਦੂਰ ਦਮ ਤੋੜ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਬੱਸ ਵਿੱਚ 74 ਸਵਾਰੀਆਂ ਸਨ।

ਜਾਣਕਾਰੀ ਮੁਤਾਬਿਕ ਇਹ ਬੱਸ ਬਿਹਾਰ ਦੇ ਸੁਪੋਲ ਜ਼ਿਲ੍ਹੇ ਤੋਂ ਝੋਨਾ ਲਗਾਉਣ ਵਾਲੇ 74 ਮਜ਼ਦੂਰਾਂ ਨੂੰ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਲੈ ਕੇ ਜਾ ਰਹੀ ਸੀ ਕਿ ਅਚਾਨਕ ਨਰਵਾਣਾ ਦੇ ਪਿੰਡ ਬੇਲਰਖਾਂ ਕੋਲ ਬੇਕਾਬੂ ਹੋ ਕੇ ਦਰੱਖ਼ਤਾਂ ਨਾਲ ਜਾ ਟਕਰਾਈ ਤੇ ਉਲਟ ਗਈ। ਪੁਲੀਸ ਮੁਤਾਬਿਕ ਮ੍ਰਿਤਕ ਮਜ਼ਦੂਰਾਂ ਦੀ ਪਛਾਣ ਸੁਰੇਸ਼ ਮੰਡਲ ਪੁੱਤਰ ਖੱਟਰ ਮੰਡਲ ਪਿੰਡ ਗੀਦਰਾਹੀ ਜ਼ਿਲ੍ਹਾ ਸੁਪੋਲ ਬਿਹਾਰ ਅਤੇ ਗਨੇਸ਼ੀ ਸਿੰਘ ਪੁੱਤਰ ਤੇਜੋ ਸਿੰਘ ਪਿੰਡ ਕਟਿਯਾ ਜ਼ਿਲ੍ਹਾ ਸੁਪੋਲ ਸ਼ਾਮਲ ਸਨ। ਡੀਐੱਸਪੀ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਨਾ ਭੇਜ ਦਿੱਤੀ ਹੈ।

LEAVE A REPLY

Please enter your comment!
Please enter your name here