ਪੁਲਾੜ ਦਾ ਵੀ ਨਿੱਜੀਕਰਨ!

4


ਸੁਖਵੰਤ ਹੁੰਦਲ

ਜੁਲਾਈ 12 ਨੂੰ ਵਰਜਿਨ ਗੈਲੈਕਟਿਕ ਦੇ ਮਾਲਕ ਰਿਚਰਡ ਬਰੈਨਸਨ ਨੇ ਅਤੇ ਫਿਰ 20 ਜੁਲਾਈ ਨੂੰ ਬਲੂ ਓਰੀਜਨ ਦੇ ਮਾਲਕ ਜੈੱਫ ਬੈਜ਼ੋੋਸ ਨੇ ਆਪਣੀ ਆਪਣੀ ਕੰਪਨੀ ਦੇ ਰਾਕਟਾਂ ’ਤੇ ਪੁਲਾੜ ਵਿੱਚ ਉਡਾਣਾਂ ਭਰੀਆਂ ਹਨ। ਰਿਚਰਡ ਬਰੈਨਸਨ ਸਮੁੰਦਰ ਦੇ ਤਲ ਤੋਂ 53.5 ਮੀਲ ਦੀ ਉਚਾਈ ਤੱਕ ਗਿਆ ਹੈ। ਇਹ ਉਚਾਈ ਉਸ ਉਚਾਈ ਤੋਂ ਸਾਢੇ-ਤਿੰਨ ਮੀਲ ਉੱਪਰ ਹੈ ਜਿਸ ਨੂੰ ਨਾਸਾ (ਨੈਸ਼ਨਲ ਐਰੋਨੌਟਿਕ ਐਂਡ ਸਪੇਸ ਐਡਮਨਿਸਟ੍ਰੇਸ਼ਨ) ਪੁਲਾੜ ਦੀ ਹੇਠਲੀ ਹੱਦ ਸਮਝਦੀ ਹੈ। ਉੱਪਰ ਜਾ ਕੇ ਬਰੈਨਸਨ ਅਤੇ ਉਸ ਦੇ ਸਾਥੀਆਂ ਨੇ ਤਿੰਨ ਮਿੰਟ ਦੇ ਸਮੇਂ ਲਈ ਭਾਰ-ਰਹਿਤ ਹੋਣ ਦਾ ਅਨੁਭਵ ਕੀਤਾ ਅਤੇ ਉਸ ਉਚਾਈ ਤੋਂ ਆਲੇ ਦੁਆਲੇ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ। ਜੈੱਫ ਬੈਜ਼ੋਸ ਸਮੁੰਦਰ ਦੇ ਤਲ ਤੋਂ 66 ਕੁ ਮੀਲ ਦੀ ਉਚਾਈ ਤੱਕ ਗਿਆ। ਇਹ ਉਚਾਈ ਉਸ ਉਚਾਈ ਤੋਂ ਕੁੱਝ ਕੁ ਮੀਲ ਉੱਪਰ ਹੈ ਜਿਸ ਨੂੰ ਵਰਲਡ ਏਅਰ ਸਪੋਰਟਸ ਫੈਡਰੇਸ਼ਨ ਪੁਲਾੜ ਦੀ ਹੇਠਲੀ ਹੱਦ ਸਮਝਦੀ ਹੈ। ਇਸ ਉਚਾਈ ’ਤੇ ਜਾ ਕੇ ਬੈਜ਼ੋਸ ਅਤੇ ਉਸ ਦੇ ਸਾਥੀਆਂ ਨੇ ਵੀ ਤਿੰਨ ਕੁ ਮਿੰਟ ਦੇ ਸਮੇਂ ਲਈ ਭਾਰ-ਰਹਿਤ ਹੋਣ ਦਾ ਅਨੁਭਵ ਕੀਤਾ ਅਤੇ ਆਲੇ ਦੁਆਲੇ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਮਾਣਿਆ।

ਇਨ੍ਹਾਂ ਉਡਾਣਾਂ ਦੀ ਕਾਮਯਾਬੀ ਤੋਂ ਬਾਅਦ ਬਰੈਨਸਨ, ਬੈਜ਼ੋਸ ਅਤੇ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਤਾੜੀਆਂ ਮਾਰਨ ਵਾਲੇ ਲੋਕਾਂ ਨੇ ਬਿਆਨ ਦਿੱਤੇ ਹਨ ਕਿ ਇਨ੍ਹਾਂ ਉਡਾਣਾਂ ਨਾਲ ਪੁਲਾੜ ਦੀ ਯਾਤਰਾ ਵਿੱਚ ਇਕ ‘ਨਵੇਂ ਯੁੱਗ’ ਦੀ ਸ਼ੁਰੂਆਤ ਹੋ ਗਈ ਹੈ। ਇਹ ਨਵਾਂ ਯੁੱਗ ਮਨੁੱਖਤਾ ਲਈ ਬਹੁਤ ਸਾਰੇ ਫਾਇਦੇ ਲੈ ਕੇ ਆਵੇਗਾ। ਬਰੈਨਸਨ, ਬੈਜ਼ੋਜ ਅਤੇ ਐਲਨ ਮਸਕ ਦੀਆਂ ਕੰਪਨੀਆਂ ਵੱਲੋਂ ਵਿਕਸਤ ਕੀਤੀ ਜਾ ਰਹੀ ਤਕਨਾਲੌਜੀ ਪੁਲਾੜ ਤਕਨਾਲੌਜੀ ਵਿੱਚ ਸੁਧਾਰ ਕਰੇਗੀ। ਇਸ ਨਾਲ ਪੁਲਾੜ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਇਹ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਵਿੱਚ ਆ ਜਾਵੇਗਾ। ਪੁਲਾੜ ਵਿੱਚ ਖਣਿਜ ਪਦਾਰਥਾਂ ਦੇ ਬਹੁਤ ਵੱਡੇ ਭੰਡਾਰ ਹਨ ਅਤੇ ਸਾਨੂੰ ਉਨ੍ਹਾਂ ਨੂੰ ਕੱਢਣ (ਮਾਈਨ ਕਰਨ) ਦੇ ਮੌਕੇ ਮਿਲਣਗੇ। ਅਸੀਂ ਭਵਿੱਖ ਵਿੱਚ ਖਾਣਾਂ ’ਚੋਂ ਖਣਿਜ ਕੱਢਣ ਦੇ ਕਾਰਜ ਅਤੇ ਭਾਰੀ ਸਨਅਤ (ਹੈਵੀ ਇੰਡਸਟਰੀ) ਨੂੰ ਪੁਲਾੜ ਵਿੱਚ ਲੈ ਜਾਵਾਂਗੇ, ਜਿਸ ਨਾਲ ਧਰਤੀ ਤੋਂ ਪ੍ਰਦੂਸ਼ਣ ਘਟੇਗਾ ਅਤੇ ਜਲਵਾਯੂ ਤਬਦੀਲੀ ਵਰਗੀਆਂ ਵਾਤਾਵਰਨ ਦੇ ਸੰਕਟ ਨਾਲ ਸਬੰਧਿਤ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ।

ਦੂਸਰੇ ਪਾਸੇ ਇਨ੍ਹਾਂ ਉਡਾਣਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਣ ਵਾਲੇ ਲੋਕ ਇਨ੍ਹਾਂ ਉਡਾਣਾਂ ਦੀ ਕਾਮਯਾਬੀ ’ਤੇ ਤਾੜੀਆਂ ਮਾਰਨ ਦੀ ਥਾਂ ਇਨ੍ਹਾਂ ਉਡਾਣਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਹ ਖਰਬਾਂਪਤੀ ਅੱਜ ਪੁਲਾੜ ਦੀ ਹੇਠਲੀ ਹੱਦ ਤੱਕ ਇਸ ਲਈ ਜਾ ਸਕੇ ਹਨ, ਕਿਉਂਕਿ ਪਿਛਲੇ 60-70 ਸਾਲਾਂ ਦੇ ਸਮੇਂ ਦੌਰਾਨ ਸਰਕਾਰਾਂ ਵੱਲੋਂ ਖ਼ਰਚੇ ਕਰਕੇ ਪੁਲਾੜ ਨਾਲ ਸਬੰਧਿਤ ਇਕ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਸੀ, ਜਿਹੜੀ ਤਕਨਾਲੌਜੀ ਦੇ ਘਨੇੜੀ ਚੜ੍ਹ ਕੇ ਇਹ ਖਰਬਾਂਪਤੀ ਪੁਲਾੜ ਵਿੱਚ ਪਹੁੰਚੇ ਹਨ, ਉਹ ਪਹਿਲਾਂ ਹੀ ਸਰਕਾਰੀ ਖ਼ਰਚੇ ’ਤੇ ਤਿਆਰ ਹੋ ਚੁੱਕੀ ਸੀ। ਪੁਲਾੜ ਦੇ ਸੈਰ ਸਪਾਟੇ ਲਈ ਇਹ ਜਿਹੜੀ ਦੌੜ ਸ਼ੁਰੂ ਹੋਈ ਹੈ, ਇਸ ਦੇ ਵਾਤਾਵਰਨ ਦੇ ਸੰਕਟ ਨਾਲ ਸਬੰਧਿਤ ਆਲਮੀ ਤਪਸ਼ ’ਤੇ ਕੀ ਅਸਰ ਪਏਗਾ? ਪੁਲਾੜ ਵਿੱਚ ਮਾਈਨਿੰਗ ਦੇ ਕਾਰਜ ਨਾਲ ਕਿਸ ਤਰ੍ਹਾਂ ਦਾ ਪ੍ਰਦੂਸ਼ਣ ਫੈਲੇਗਾ? ਸਾਨੂੰ ਇਨ੍ਹਾਂ ਸਵਾਲ ’ਤੇ ਗੌਰ ਕਰਨਾ ਪਵੇਗਾ। ਸਭ ਤੋਂ ਵੱਡੀ ਗੱਲ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਪੁਲਾੜ ਨੂੰ ਸਾਰੀ ਮਨੁੱਖਤਾ ਦੀ ਸਾਂਝੀ ਮਲਕੀਅਤ ਮੰਨਿਆ ਗਿਆ ਹੈ। ਹੁਣ ਜਦੋਂ ਪ੍ਰਾਈਵੇਟ ਕਾਰਪੋਰੇਸ਼ਨਾਂ ਪੁਲਾੜ ’ਤੇ ਮਾਈਨਿੰਗ ਕਰਨ ਅਤੇ ਬਸਤੀਆਂ ਵਸਾਉਣ ਦੀ ਗੱਲ ਕਰ ਰਹੀਆਂ ਹਨ, ਤਾਂ ਇਸ ਨਾਲ ‘ਪੁਲਾੜ ਮਨੁੱਖਤਾ ਦੀ ਸਾਂਝੀ ਮਲਕੀਅਤ ਹੈ’ ਦੇ ਦਾਅਵੇ ’ਤੇ ਕੀ ਅਸਰ ਪਏਗਾ? ਇਹ ਲੋਕ ਇਹ ਗੱਲ ਤਾਂ ਮੰਨਦੇ ਹਨ ਕਿ ਪ੍ਰਾਈਵੇਟ ਕਾਰਪੋਰੇਸ਼ਨਾਂ ਵੱਲੋਂ ਪੁਲਾੜ ਨਾਲ ਸਬੰਧਿਤ ਇਨ੍ਹਾਂ ਸਰਗਰਮੀਆਂ ਨਾਲ ਇਕ ‘ਨਵੇਂ ਯੁੱਗ’ ਦੀ ਸ਼ੁਰੂਆਤ ਹੋ ਰਹੀ ਹੈ, ਪਰ ਇਸ ‘ਨਵੇਂ ਯੁੱਗ’ ਦਾ ਨਤੀਜਾ ਸਮੁੱਚੀ ਮਨੁੱਖਤਾ ਦੀ ਭਲਾਈ ਵਿੱਚ ਨਿਕਲੇ, ਇਸ ਬਾਰੇ ਉਹ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ।

ਇਨ੍ਹਾਂ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਅਸੀਂ ਪੁਲਾੜ ਨਾਲ ਸਬੰਧਿਤ ਇਨ੍ਹਾਂ ਸਰਗਰਮੀਆਂ ਨਾਲ ਜੁੜੇ ਕੁਝ ਪੱਖਾਂ ਬਾਰੇ ਗੱਲ ਕਰਾਂਗੇ। ਪੁਲਾੜ ਦੀ ਸੈਰ ਬਾਰੇ ਤਿੰਨ ਤਰ੍ਹਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲੀ ਵਿੱਚ ਪੁਲਾੜ ਦੀ ਹੇਠਲੀ ਹੱਦ ਤੱਕ ਰਾਕਟ ਦੇ ਝੂਟੇ ਬਾਰੇ ਕਿਹਾ ਜਾ ਰਿਹਾ ਹੈ ਜਿਸ ਤਰ੍ਹਾਂ ਰਿਚਰਡ ਬਰੈਨਸਨ ਅਤੇ ਜੈੱਫ ਬੈਜ਼ੋਸ ਨੇ ਕੀਤਾ ਹੈ। ਇਸ ਝੂਟੇ ਦੀ ਕੀਮਤ ਪ੍ਰਤੀ ਵਿਅਕਤੀ 2 ਤੋਂ 3 ਲੱਖ ਡਾਲਰ ਵਿਚਕਾਰ ਦੱਸੀ ਜਾ ਰਹੀ ਹੈ। ਦੂਸਰੀ ਪੇਸ਼ਕਸ਼ ਵਿੱਚ ਧਰਤੀ ਦੇ ਆਰਬਿਟ ਤੱਕ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਵਿੱਚ ਜਾਣ ਵਾਲੇ ਲੋਕ ਧਰਤੀ ਦੇ ਆਰਬਿਟ ਵਿੱਚ ਕੁਝ ਦਿਨ ਲੰਘਾਉਣਗੇ। ਇਸ ਦਾ ਟੈਸਟ ਕਰਨ ਲਈ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਇਸ ਸਾਲ ਦੇ ਸਤੰਬਰ ਵਿੱਚ ਉਡਾਣ ਭਰੇਗੀ। ਇਸ ਤੋਂ ਬਿਨਾਂ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਦਾ ਪ੍ਰਾਈਵੇਟ ਟਰਿੱਪ ਵੀ ਪੇਸ਼ ਕਰੇਗੀ ਅਤੇ ਚੰਦ ਦੁਆਲੇ ਗੇੜਾ ਕੱਢਣ ਦਾ ਵੀ। ਇਸ ਉਡਾਣ ’ਤੇ ਜਾਣ ਦਾ ਖ਼ਰਚਾ ਲੱਖਾਂ ਤੋਂ ਕਰੋੜਾਂ ਡਾਲਰਾਂ ਵਿਚਕਾਰ ਹੋਵੇਗਾ। ਉਦਾਹਰਨ ਲਈ 2001 ਵਿੱਚ ਇਕ ਅਮਰੀਕਨ ਬਿਜ਼ਨਸਮੈਨ ਡੈਨਿਸ ਟੀਟੋ ਨੇ ਸਪੇਸ ਐਡਵੈਂਚਰ ਕੰਪਨੀ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ’ਤੇ ਜਾਣ ਲਈ 2 ਕਰੋੜ (20 ਮਿਲੀਅਨ) ਡਾਲਰ ਦੇ ਕਰੀਬ ਪੈਸੇ ਦਿੱਤੇ ਸਨ। ਸਪੇਸ ਐਡਵੈਂਚਰ ਨੇ ਉਸ ਸਮੇਂ ਰੂਸੀ ਸਪੇਸ ਏਜੰਸੀ ਰੌਸਕੌਸਮੋਸ ਦੇ ਰਾਕੇਟ ’ਤੇ ਟੀਟੋ ਨੂੰ ਸਪੇਸ ਸਟੇਸ਼ਨ ਵਿੱਚ ਭੇਜਿਆ ਸੀ। ਉਸ ਤੋਂ ਬਾਅਦ ਸਪੇਸ ਐਡਵੈਂਚਰ 6 ਹੋਰ ਲੋਕਾਂ ਨੂੰ ਸਪੇਸ ਸਟੇਸ਼ਨ ਤੱਕ ਲੈ ਕੇ ਗਈ ਸੀ ਅਤੇ ਇਨ੍ਹਾਂ ਸਾਰਿਆਂ ਨੇ ਆਪਣੇ ਆਪਣੇ ਟਰਿੱਪ ਲਈ 2 ਕਰੋੜ (20 ਮਿਲੀਅਨ) ਤੋਂ ਲੈ ਕੇ 4 ਕਰੋੜ (40 ਮਿਲੀਅਨ) ਡਾਲਰ ਤੱਕ ਕੀਮਤ ਦਿੱਤੀ ਸੀ। ਕੁੱਝ ਸਾਲ ਪਹਿਲਾਂ ਅਮਰੀਕਾ ਦੀ ਸਿਲੀਕੌਨ ਵੈਲੀ ਵਿਚਲੀ ਇਕ ਕੰਪਨੀ ਓਰੀਅਨ ਸਪੈਨ ਨੇ ਪੁਲਾੜ ਯਾਤਰਾ ਬਾਰੇ ਆਪਣੀਆਂ ਯੋਜਨਾਵਾਂ ਦੱਸਦਿਆਂ ਦਾਅਵਾ ਕੀਤਾ ਸੀ ਕਿ ਉਹ ਬਹੁਤ ਛੇਤੀ ਧਰਤੀ ਤੋਂ 200 ਮੀਲ ਦੀ ਉਚਾਈ ਉੱਤੇ ਇਕ ਅਰੋਰਾ ਨਾਂ ਦਾ ਸਪੇਸ ਸਟੇਸ਼ਨ ਸਥਾਪਤ ਕਰੇਗੀ। ਕੰਪਨੀ ਅਨੁਸਾਰ ਇਹ ਸਪੇਸ ਸਟੇਸ਼ਨ ਇਕ ‘ਲਗਜ਼ਰੀ ਹੋਟਲ’ ਵਰਗਾ ਹੋਵੇਗਾ। ਇਸ ਸਟੇਸ਼ਨ ’ਤੇ ਜਾਣ ਲਈ ਕੰਪਨੀ 12 ਦਿਨਾਂ ਦੇ ਇਕ ਟਰਿੱਪ ਦਾ ਪੈਕੇਜ ਦੇਵੇਗੀ, ਜਿਸ ਦੀ ਕੀਮਤ 95 ਲੱਖ (9.5 ਮਿਲੀਅਨ) ਡਾਲਰ ਹੋਵੇਗੀ। ਉਨ੍ਹਾਂ ਦੇ ਇਸ ਦਾਅਵੇ ਬਾਰੇ ਬਹੁਤ ਸਾਰੇ ਲੋਕਾਂ ਨੇ ਸ਼ੰਕਾ ਜ਼ਾਹਰ ਕੀਤਾ ਸੀ ਕਿ 95 ਲੱਖ ਡਾਲਰ ਵਿੱਚ ਇਕ ਵਿਅਕਤੀ ਨੂੰ 12 ਦਿਨਾਂ ਲਈ ਪੁਲਾੜ ਵਿੱਚ ਰੱਖਣਾ ਸੰਭਵ ਨਹੀਂ ਹੈ। ਫਿਰ ਵੀ ਉਨ੍ਹਾਂ ਦਾ ਦਾਅਵਾ, ਸਾਨੂੰ ਧਰਤੀ ਦੇ ਆਰਬਿਟ ਤੱਕ ਪੁਲਾੜ ਯਾਤਰਾਵਾਂ ਦੀਆਂ ਸੰਭਾਵਨਾਵਾਂ ਦੇ ਦਰਸ਼ਨ ਜ਼ਰੂਰ ਕਰਵਾ ਦਿੰਦਾ ਹੈ। ਪੁਲਾੜ ਯਾਤਰਾ ਬਾਰੇ ਤੀਜੀ ਪੇਸ਼ਕਸ਼ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਅਗਾਂਹ ਪੁਲਾੜ ਦੇ ਧੁਰ ਅੰਦਰ ਚੰਦ ਤੱਕ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਪੁਲਾੜ ਦੀ ਇਸ ਤਰ੍ਹਾਂ ਦੀ ਯਾਤਰਾ ਦੀ ਪੇਸ਼ਕਸ਼ ਕਰਨ ਵਾਲੀ ਇਕ ਕੰਪਨੀ ਸਪੇਸ ਐਡਵੈਂਚਰ ਦਾ ਕਹਿਣਾ ਹੈ ਕਿ ਉਹ ਇਸ ਯਾਤਰਾ ਦੀ ਪਹਿਲੀ ਉਡਾਣ ਲਈ 15-15 ਕਰੋੜ (150-150 ਮਿਲੀਅਨ) ਡਾਲਰ ਦੀਆਂ ਦੋ ਟਿਕਟਾਂ ਵੇਚ ਚੁੱਕੀ ਹੈ।

ਜੁਲਾਈ ਵਿੱਚ ਭਰੀਆਂ ਗਈਆਂ ਉਡਾਣਾਂ ਤੋਂ ਬਾਅਦ ਆ ਰਹੀਆਂ ਖ਼ਬਰਾਂ ਅਨੁਸਾਰ ਉਪਰੋਕਤ ਬਿਆਨੀ ਪਹਿਲੀ ਤਰ੍ਹਾਂ ਦੀ ਯਾਤਰਾ ਲਈ ਲੋਕ ਟਿਕਟਾਂ ਖ਼ਰੀਦ ਰਹੇ ਹਨ। ਵਰਜਿਨ ਗੈਲੈਕਟਿਕ ਦੇ ਸੀਈਓ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਕੋਲੋਂ 2.5 ਲੱਖ ਡਾਲਰ ਪ੍ਰਤੀ ਟਿਕਟ ਦੇ ਹਿਸਾਬ ਨਾਲ 600 ਲੋਕਾਂ ਨੇ ਟਿਕਟਾਂ ਖ਼ਰੀਦੀਆਂ ਹੋਈਆਂ ਹਨ। ਉਹ ਦੋ ਹੋਰ ਟੈਸਟ ਉਡਾਣਾਂ ਭਰਨਗੇ ਅਤੇ 2022 ਵਿੱਚ ਰੈਗੂਲਰ ਕਮਰਸ਼ੀਅਲ ਫਲਾਈਟਾਂ ਸ਼ੁਰੂ ਕਰਨਗੇ। ਇਸ ਸਮੇਂ ਉਨ੍ਹਾਂ ਦਾ ਇਰਾਦਾ ਸਾਲ ਵਿੱਚ 400 ਫਲਾਈਟਾਂ ਸ਼ੁਰੂ ਕਰਨ ਦਾ ਹੈ। ਇਕ ਅੰਦਾਜ਼ੇ ਅਨੁਸਾਰ ਅਗਲੇ ਦਹਾਕੇ ਦੌਰਾਨ ਸਪੇਸ ਟੂਰਿਜ਼ਮ ਇੰਡਸਟਰੀ ਵਿੱਚ ਹਰ ਸਾਲ 17.15 ਫੀਸਦੀ ਦਾ ਵਾਧਾ ਹੋਵੇਗਾ ਅਤੇ 2031 ਤੱਕ ਇਹ ਇੰਡਸਟਰੀ 2.58 ਅਰਬ (ਬਿਲੀਅਨ) ਡਾਲਰ ਸਾਲਾਨਾ ਦੀ ਸਨਅਤ ਤੱਕ ਪਹੁੰਚ ਜਾਵੇਗੀ।

ਜੇ ਅਸੀਂ ਵੱਖ ਵੱਖ ਪੁਲਾੜ ਯਾਤਰਾਵਾਂ ਦੀਆਂ ਕੀਮਤਾਂ ਨੂੰ ਦੇਖੀਏ ਤਾਂ ਇਹ ਗੱਲ ਸਪਸ਼ੱਟਤਾ ਨਾਲ ਕਹਿ ਸਕਦੇ ਹਾਂ ਕਿ ਇਹ ਯਾਤਰਾਵਾਂ ਆਮ ਬੰਦੇ ਲਈ ਨਹੀਂ ਸਗੋਂ ਅਰਬਾਂ/ਖਰਬਾਂ ਪਤੀਆਂ ਲਈ ਹਨ। ਇਸ ਲਈ ਆਮ ਬੰਦੇ ਦਾ ਇਸ ਨਾਲ ਕੀ ਸਬੰਧ। ਉਹ ਇਸ ਬਾਰੇ ਕਿਉਂ ਸੋਚੇ? ਪਰ ਆਲੋਚਨਾਤਮਕ ਨਜ਼ਰੀਏ ਨਾਲ ਦੇਖਣ ਵਾਲੇ ਲੋਕ ਇਹ ਗੱਲ ਉਭਾਰ ਰਹੇ ਹਨ ਕਿ ਬੇਸ਼ੱਕ ਪੁਲਾੜ ਸੈਰ-ਸਪਾਟੇ ਦੀ ਇਹ ਖੇਡ ਦੇਖਣ ਨੂੰ ਕੁਝ ਅਰਬਾਂ/ਖਰਬਾਂ ਪਤੀਆਂ ਦੀ ਹੀ ਲੱਗੇ, ਪਰ ਇਸ ਤੋਂ ਨਿਕਲਣ ਵਾਲੇ ਨਤੀਜੇ ਆਮ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਉਦਾਹਰਨ ਲਈ ਉਹ ਇਨ੍ਹਾਂ ਯਾਤਰਵਾਂ ਕਾਰਨ ਵਾਤਾਵਰਨ ਨੂੰ ਨੁਕਸਾਨ, ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਿੱਚ ਵਾਧੇ ਅਤੇ ਜਲਵਾਯੂ ਤਬਦੀਲੀ ਵਿੱਚ ਵਾਪਰਨ ਵਾਲੀਆਂ ਬਦਤਰ ਸੰਭਾਵਨਾਵਾਂ ਵੱਲ ਧਿਆਨ ਦਿਵਾ ਰਹੇ ਹਨ। ਵਾਤਾਵਰਨ ਨਾਲ ਸਬੰਧਿਤ ਇਹ ਤਬਦੀਲੀਆਂ ਵਿਸ਼ਵ ਪੱਧਰ ’ਤੇ ਗਰਮੀ ਦੀਆਂ ਲਹਿਰਾਂ, ਸੋਕਿਆਂ, ਹੜ੍ਹਾਂ, ਜੰਗਲਾਂ ਦੀਆਂ ਅੱਗਾਂ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦੇ ਜੀਵਨ ਨੂੰ ਹੋਰ ਬਦਤਰ ਬਣਾ ਸਕਦੀਆਂ ਹਨ।

ਇਹ ਨਵਾਂ ਸ਼ੁਰੂ ਹੋਇਆ ਪੁਲਾੜ ਮੁਕਾਬਲਾ ਵਾਤਾਵਰਨ ’ਤੇ ਕਿਸ ਤਰ੍ਹਾਂ ਅਸਰ ਪਾ ਸਕਦਾ ਹੈ, ਇਸ ਬਾਰੇ 19 ਜੁਲਾਈ ਦੇ ਗਾਰਡੀਅਨ ਵਿੱਚ ਇਕ ਆਰਟੀਕਲ ਛਪਿਆ ਹੈ। ਇਸ ਵਿੱਚ ਬਾਲਣ ਅਤੇ ਇੰਡਸਟਰੀ ਕਾਰਨ ਵਾਯੂਮੰਡਲ ’ਤੇ ਪੈਂਦੇ ਅਸਰਾਂ ਦਾ ਅਧਿਐਨ ਕਰਨ ਵਾਲੀ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਐਸੋਸੀਏਟ ਪ੍ਰੋਫੈਸਰ ਐਲੋਈਜ਼ ਮਾਰੇਯ ਪੁਲਾੜ ਦੀਆਂ ਉਡਾਣਾਂ ਕਾਰਨ ਵਾਤਾਵਰਨ ’ਤੇ ਪੈਣ ਵਾਲੇ ਅਸਰਾਂ ਬਾਰੇ ਦੱਸਦੀ ਹੈ। ਉਸ ਅਨੁਸਾਰ ਸਪੇਸ ਐਕਸ ਦੇ ਫਾਲਕਨ 9 ਰਾਕਟ ਬਾਲਣ ਲਈ ਕੈਰੋਸੀਨ ਵਰਤਦੇ ਹਨ ਅਤੇ ਨਾਸਾ ਦੇ ਨਿਊ ਸਪੇਸ ਲਾਂਚ ਸਿਸਟਮ ਵਿਚਲੇ ਰਾਕਟ ਲਿਕੁਇਡ ਹਾਈਡਰੋਜਨ ਵਰਤਦੇ ਹਨ। ਇਹ ਬਾਲਣ ਵਾਯੂਮੰਡਲ ਵਿੱਚ ਕਈ ਤਰ੍ਹਾਂ ਦੇ ਪਦਾਰਥ ਛੱਡਦੇ ਹਨ, ਜਿਵੇਂ ਕਾਰਬਨ-ਡਾਈਆਕਸਾਈਡ, ਪਾਣੀ, ਕਲੋਰੀਨ ਅਤੇ ਕਈ ਹੋਰ ਰਸਾਇਣਕ ਪਦਾਰਥ। ਇਕ ਰਾਕਟ ਲਾਂਚ ਤਕਰੀਬਨ 300 ਟਨ ਕਾਰਬਨ-ਡਾਈਆਕਸਾਈਡ ਵਾਯੂਮੰਡਲ ਵਿੱਚ ਛੱਡਦਾ ਹੈ। ਰਾਕਟਾਂ ਵੱਲੋਂ ਵਾਯੂਮੰਡਲ ਵਿੱਚ ਛੱਡੇ ਜਾਂਦੇ ਇਹ ਪਦਾਰਥ ਗਰੀਨ ਹਾਊਸਾਂ ਵਾਂਗ ਕੰਮ ਕਰਕੇ ਵਿਸ਼ਵ ਪੱਧਰ ’ਤੇ ਆਲਮੀ ਤਪਸ਼ ਦੇ ਵਾਧੇ ਦਾ ਕਾਰਨ ਬਣ ਸਕਦੇ ਹਨ, ਇਹ ਓਜ਼ੋਨ ਦੀ ਤਹਿ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸਬੰਧ ਵਿੱਚ ਛਪੇ ਇਕ ਹੋਰ ਆਰਟੀਕਲ ਵਿੱਚ ਦੱਸਿਆ ਗਿਆ ਹੈ ਕਿ ਵਰਜਿਨ ਗੈਲੈਕਟਿਕ ਵੱਲੋਂ ਵਰਤਿਆ ਜਾਂਦਾ ਸਪੇਸਸ਼ਿਪ ਟੂ, ਇਕ ਤਰ੍ਹਾਂ ਦੀ ਸਿੰਥੈਟਿਕ ਰਬੜ ਨੂੰ ਬਾਲਣ ਦੇ ਤੌਰ ’ਤੇ ਵਰਤਦਾ ਹੈ ਅਤੇ ਇਸ ਦੇ ਬਲਣ ਨਾਲ ਨਾਈਟਰਸ ਆਕਸਾਈਡ ਗੈਸ ਪੈਦਾ ਹੁੰਦੀ ਹੈ, ਜਿਹੜੀ ਇਕ ਸ਼ਕਤੀਸ਼ਾਲੀ ਗ੍ਰੀਨ ਹਾਊਸ ਗੈਸ ਹੈ।

ਇਸ ਤਰ੍ਹਾਂ ਪੁਲਾੜ ਦੇ ਸੈਰ ਸਪਾਟੇ ਲਈ ਪੁਲਾੜ ਦੀਆਂ ਉਡਾਣਾਂ ਵਿੱਚ ਹੋਣ ਵਾਲੇ ਵਾਧੇ ਕਾਰਨ ਵਾਤਾਵਰਨ ’ਤੇ ਇਸ ਤਰ੍ਹਾਂ ਦੇ ਮਾੜੇ ਅਸਰ ਪੈਣ ਦੀਆਂ ਸੰਭਾਵਨਾਵਾਂ ਬਾਰੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ ਅਤੇ ਵਾਤਾਵਰਨ ’ਤੇ ਪੈਣ ਵਾਲੇ ਇਹ ਮਾੜੇ ਅਸਰ ਵਿਸ਼ਵ ਪੱਧਰ ’ਤੇ ਆਲਮੀ ਤਪਸ਼ ਵਿੱਚ ਵਾਧਾ ਕਰਕੇ ਅਤੇ ਜਲਵਾਯੂ ਤਬਦੀਲੀ ਨੂੰ ਤੇਜ਼ ਕਰਕੇ ਸਮੁੱਚੀ ਮਨੁੱਖਤਾ ਅਤੇ ਧਰਤੀ ਦੇ ਹੋਰ ਜੀਵ ਜੰਤੂਆਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਸਕਦੇ ਹਨ।

ਇਨ੍ਹਾਂ ਪੁਲਾੜ ਉਡਾਣਾਂ ਦੀ ਕਾਮਯਾਬੀ ਤੋਂ ਬਾਅਦ ਪੁਲਾੜ ਦੇ ਸੈਰ ਸਪਾਟੇ ਤੋਂ ਇਲਾਵਾ ਪੁਲਾੜ ਵਿੱਚ ਖਣਿਜ ਪਦਾਰਥਾਂ ਦੀ ਮਾਈਨਿੰਗ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪੁਲਾੜ ਵਿੱਚ ਪਲੈਟੀਨਮ ਗਰੁੱਪ ਨਾਲ ਸਬੰਧਿਤ ਧਾਤਾਂ, ਰੇਅਰ ਐਲੀਮੈਂਟ, ਹੀਲੀਅਮ, ਪਾਣੀ, ਲੋਹਾ, ਨਿੱਕਲ, ਸੋਨਾ ਆਦਿ ਧਾਤਾਂ ਦੇ ਵੱਡੇ ਭੰਡਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਪੁਲਾੜ ਵਿੱਚ ਘੱਟੋ ਘੱਟ 700 ਅਰਬ ਡਾਲਰ ਦੀ ਕੀਮਤ ਦੇ ਖਣਿਜ ਪਦਾਰਥ ਮੌਜੂਦ ਹਨ। ਇਨ੍ਹਾਂ ਖਣਿਜ ਪਦਾਰਥਾਂ ਵਿੱਚੋਂ ਹੀਲੀਅਮ ਊਰਜਾ ਦਾ ਇਕ ਵੱਡਾ ਸਰੋਤ ਹੋ ਸਕਦੀ ਹੈ ਅਤੇ ਇਸ ਨੂੰ ਇਕ ਸਾਫ਼ ਬਾਲਣ (ਕਲੀਨ ਫਿਊਲ) ਦੱਸਿਆ ਜਾ ਰਿਹਾ ਹੈ। ਚੰਦ ’ਤੇ ਪਾਣੀ ਦਾ ਲੱਭਣਾ ਹਾਈਡਰੋਜ਼ਨ ਫਿਊਲ ਦਾ ਇਕ ਵੱਡਾ ਸਰੋਤ ਬਣ ਸਕਦਾ ਹੈ। ਇਸ ਲਈ ਹੀ ਚੰਦ ’ਤੇ ਪਾਣੀ ਲੱਭਣ ਦੀ ਤੁਲਨਾ ਧਰਤੀ ’ਤੇ ਤੇਲ ਲੱਭਣ ਨਾਲ ਕੀਤੀ ਜਾ ਰਹੀ ਹੈ। ਚੰਦ ’ਤੇ ਪਾਣੀ ਲੱਭਣ ਨਾਲ ਚੰਦ ਦੀ ਸਥਿਤੀ ਪੁਲਾੜ ਵਿੱਚ ਇਕ ਵੱਡੇ ਗੈਸ ਸਟੇਸ਼ਨ ਵਰਗੀ ਬਣ ਜਾਵੇਗੀ। ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਾੜ ਦੀ ਮਾਈਨਿੰਗ ਕਾਰਨ ਸਾਨੂੰ ਕੁਝ ਇਸ ਤਰ੍ਹਾਂ ਦੇ ਖਣਿਜ ਪਦਾਰਥ ਮਿਲ ਸਕਦੇ ਹਨ, ਜਿਹੜੇ ਧਰਤੀ ’ਤੇ ਨਹੀਂ ਹਨ ਅਤੇ ਇਹ ਖਣਿਜ ਪਦਾਰਥ ਮਨੁੱਖਤਾ ਦੇ ਫਾਇਦੇ ਲਈ ਨਵੀਆਂ ਦਵਾਈਆਂ ਬਣਾਉਣ ਦੇ ਕੰਮ ਆ ਸਕਦੇ ਹਨ।

ਪੁਲਾੜ ਵਿੱਚ ਖਣਿਜ ਪਦਾਰਥਾਂ ਦੀ ਦੌਲਤ ਤੱਕ ਪਹੁੰਚਣ ਤੋਂ ਇਲਾਵਾ ਮਾਈਨਿੰਗ ਦੀ ਸਨਅਤ ਨੂੰ ਪੁਲਾੜ ਵਿੱਚ ਲਿਜਾਣ ਨਾਲ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਅਨੁਸਾਰ ਮਾਈਨਿੰਗ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਹੈ ਅਤੇ ਜੇ ਇਹ ਸਨਅਤ ਪੁਲਾੜ ਵਿੱਚ ਚਲੀ ਜਾਵੇ ਤਾਂ ਇਸ ਸਨਅਤ ਕਾਰਨ ਧਰਤੀ ’ਤੇ ਫੈਲਣ ਵਾਲਾ ਪ੍ਰਦੂਸ਼ਣ ਖ਼ਤਮ ਹੋ ਜਾਵੇਗਾ। ਬੀਬੀਸੀ ਦੇ ਸਾਇੰਸ ਫੋਕਸ ਮੈਗਜ਼ੀਨ ਵਿੱਚ ਛਪੇ ਇਕ ਆਰਟੀਕਲ ਵਿੱਚ ਪੁਲਾੜ ਵਿੱਚ ਮਾਈਨਿੰਗ ਕਰਨ ਲਈ ਬਣਾਈ ਗਈ ਯੂਕੇ ਸਥਿਤ ਕੰਪਨੀ ਐਸਟਰੌਇਡ ਦਾ ਬਾਨੀ ਮਿੱਚ ਹੰਟਰ-ਸਕੱਲਨ ਕਹਿੰਦਾ ਹੈ ਕਿ ਮਾਈਨਿੰਗ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਹੋਰ ਸਨਅਤਾਂ ਦੇ ਪੁਲਾੜ ਵਿੱਚ ਜਾਣ ਨਾਲ ‘ਧਰਤੀ ਸੁਰੱਖਿਅਤ’ ਹੋ ਜਾਵੇਗੀ।’

ਪੁਲਾੜ ਵਿੱਚ ਮਾਈਨਿੰਗ ਬਾਰੇ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਤਾ ਨਹੀਂ ਕਿ ਪੁਲਾੜ ਵਿੱਚ ਮਾਈਨਿੰਗ ਦਾ ਕਾਰਜ ਸ਼ੁਰੂ ਹੋ ਵੀ ਸਕੇਗਾ ਜਾਂ ਨਹੀਂ। ਜੇ ਇਹ ਹੋ ਸਕੇਗਾ ਤਾਂ ਕਦੋਂ ਹੋ ਸਕੇਗਾ? ਦੂਸਰੀ ਗੱਲ ਇਹ ਹੈ ਕਿ ਧਰਤੀ ਉੱਤੇ ਮਾਈਨਿੰਗ ਬਹੁਤ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਹੈ। ਕੀ ਪੁਲਾੜ ਵਿੱਚ ਵੀ ਇਸ ਤਰ੍ਹਾਂ ਹੀ ਹੋਵੇਗਾ? ਕੀ ਪੁਲਾੜ ਵਿਚਲੇ ਪ੍ਰਦੂਸ਼ਣ ਦਾ ਧਰਤੀ ’ਤੇ ਕੋਈ ਅਸਰ ਹੋਵੇਗਾ? ਜੇ ਪੁਲਾੜ ਵਿੱਚ ਮਾਈਨਿੰਗ ਦੇ ਪ੍ਰਦੂਸ਼ਣ ਨਾਲ ਕੋਈ ਨੁਕਸਾਨ ਹੋਵੇਗਾ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਧਰਤੀ ਉੱਤੇ ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਮਾਈਨਿੰਗ ਨਾਲ ਸਬੰਧਿਤ ਕਾਰਪੋਰੇਸ਼ਨਾਂ ਮਾਈਨਿੰਗ ਕਾਰਨ ਹੋਏ ਪ੍ਰਦੂਸ਼ਣ ਨਾਲ ਨਿਪਟਣ ਦੀ ਆਪਣੀ ਜ਼ਿੰਮੇਵਾਰੀ ਤੋਂ ਟਾਲਾ ਵੱਟ ਜਾਂਦੀਆਂ ਹਨ ਅਤੇ ਇਸ ਪ੍ਰਦੂਸ਼ਣ ਨਾਲ ਨਿਪਟਣ ਦੀ ਜ਼ਿੰਮੇਵਾਰੀ ਸਥਾਨਕ ਲੋਕਾਂ ਅਤੇ ਸਰਕਾਰਾਂ ਸਿਰ ਪੈ ਜਾਂਦੀ ਹੈ। ਬਹੁਤੀ ਵਾਰੀ ਕਾਰਪੋਰੇਸ਼ਨਾਂ ਨੂੰ ਪ੍ਰਦੂਸ਼ਣ ਕਾਰਨ ਹੋਏ ਨੁਕਸਾਨ ਨਾਲ ਨਿਪਟਣ ਲਈ ਮਜਬੂਰ ਕਰਨ ਲਈ ਉਨ੍ਹਾਂ ਨੂੰ ਅਦਾਲਤਾਂ ਵਿੱਚ ਲਿਜਾਣਾ ਪੈਂਦਾ ਹੈ, ਜਿੱਥੇ ਕੇਸ ਸਾਲਾਂ ਬੱਧੀ ਲਟਕਦੇ ਰਹਿੰਦੇ ਹਨ। ਪਰ ਪੁਲਾੜ ਵਿੱਚ ਪ੍ਰਦੂਸ਼ਣ ਬਾਰੇ ਸਾਡੇ ਕੋਈ ਕਾਨੂੰਨ ਹੀ ਨਹੀਂ ਹਨ। ਇਸ ਲਈ ਪੁਲਾੜ ਵਿੱਚ ਮਾਈਨਿੰਗ ਲਿਜਾ ਕੇ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦੇ ਦਾਅਵਿਆਂ ਦਾ ਕੋਈ ਅਰਥ ਨਹੀਂ ਹੈ। ਦੁਨੀਆ ਭਰ ਦੇ ਵਿਗਿਆਨੀਆਂ ਅਤੇ ਵਾਤਾਵਰਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਲਈ ਤੁਰੰਤ ਐਕਸ਼ਨ ਲੈਣ ਦੀ ਲੋੜ ਹੈ। ਜੇ ਤੁਰੰਤ ਐਕਸ਼ਨ ਨਾ ਲਿਆ ਗਿਆ ਤਾਂ ਆਲਮੀ ਤਪਸ਼ ਦਾ ਵਰਤਾਰਾ ਉਸ ਪੱਧਰ ਤੱਕ ਪਹੁੰਚ ਜਾਵੇਗਾ, ਜਿੱਥੋਂ ਪਰਤਣਾ ਮੁਸ਼ਕਿਲ ਹੋ ਜਾਏਗਾ। ਇਸ ਲਈ ਕੁਝ ਦਹਾਕਿਆਂ ਬਾਅਦ ਪੁਲਾੜ ਵਿੱਚ ਮਾਈਨਿੰਗ ਲਿਜਾ ਕੇ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਨੂੰ ਹੱਲ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਨਾਲ ਝੂਠੀ ਉਮੀਦ ਜਗਾਈ ਜਾ ਰਹੀ ਹੈ। ਇਕ ਤਰ੍ਹਾਂ ਨਾਲ ਇਹ ਦਾਅਵੇ ਜੋ ਕੁਝ ਹੁਣ ਚੱਲ ਰਿਹਾ ਹੈ, ਉਸ ਨੂੰ ਤਿਵੇਂ ਦਾ ਤਿਵੇਂ ਚੱਲਦਾ ਰੱਖਣ ਦਾ ਸੁਨੇਹਾ ਦੇ ਰਹੇ ਹਨ, ਤਾਂਕਿ ਕਾਰਪੋਰੇਸ਼ਨਾਂ ਧਰਤੀ ਦੇ ਵਾਤਾਵਰਨ ਦਾ ਨੁਕਸਾਨ ਕਰਦਿਆਂ ਆਪਣਾ ਮੁਨਾਫਾ ਕਮਾਉਣ ਦਾ ਕੰਮ ਜਾਰੀ ਰੱਖ ਸਕਣ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਾੜ ਵਿੱਚ ਮਾਈਨਿੰਗ ਕਰਨ ਬਾਰੇ ਯੋਜਨਾਵਾਂ ਬਣਾਉਣ ਵਾਲੀਆਂ ਕਾਰਪੋਰੇਸ਼ਨਾਂ, ਪੁਲਾੜ ਵਿਚਲੇ ਖਣਿਜ ਸਰੋਤਾਂ ਨੂੰ ਕੱਢਣ ਦੀਆਂ ਹੱਕਦਾਰ ਕਿਵੇਂ ਹਨ? 1967 ਵਿੱਚ ਯੂਨਾਈਟਿਡ ਨੇਸ਼ਨ ਦੀ ਅਗਵਾਈ ਵਿੱਚ ਪੁਲਾੜ ਬਾਰੇ ਇਕ ਸੰਧੀ ਹੋਈ ਸੀ ਜਿਸ ਨੂੰ ਆਊਟਰ ਸਪੇਸ ਟਰੀਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸੰਧੀ ’ਤੇ ਜਨਵਰੀ 1967 ਵਿੱਚ ਯੂ. ਕੇ., ਅਮਰੀਕਾ, ਸਾਬਕਾ ਸੋਵੀਅਤ ਯੂਨੀਅਨ ਅਤੇ 57 ਹੋਰ ਦੇਸ਼ਾਂ ਨੇ ਸਾਈਨ ਕੀਤੇ ਸਨ ਅਤੇ ਇਹ ਅਕਤੂਬਰ 1967 ਵਿੱਚ ਲਾਗੂ ਹੋਈ ਸੀ। ਇਸ ਸੰਧੀ ਵਿੱਚ ਇਹ ਕਿਹਾ ਗਿਆ ਹੈ ਕਿ ਇਕ ਤਾਂ ਕੋਈ ਵੀ ਦੇਸ਼ ਪੁਲਾੜ ਵਿੱਚ ਵੈਪਨਜ਼ ਆਫ ਮਾਸ ਡਿਸਟ੍ਰਕਸ਼ਨ (ਬਹੁਤ ਥੋੜ੍ਹੇ ਸਮੇਂ ਵਿੱਚ ਵੱਡੀ ਪੱਧਰ ’ਤੇ ਤਬਾਹੀ ਮਚਾ ਸਕਣ ਦੀ ਸਮਰੱਥਾ ਵਾਲੇ ਹਥਿਆਰ ਜਿਵੇਂ ਪਰਮਾਣੂ ਹਥਿਆਰ, ਰਸਾਇਣਕ ਹਥਿਆਰ, ਬਾਇਓਲੌਜੀਕਲ ਵੈਪਨਜ਼) ਨਹੀਂ ਰੱਖ ਸਕਦਾ। ਦੂਸਰਾ ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਵੀ ਹਿੱਸੇ ’ਤੇ ਆਪਣੀ ਪ੍ਰਭੂਸੱਤਾ ਦਾ ਐਲਾਨ ਨਹੀਂ ਕਰ ਸਕਦਾ। ਇਸ ਦਾ ਭਾਵ ਹੈ ਕਿ ਇਸ ਸੰਧੀ ਅਨੁਸਾਰ ਪੁਲਾੜ ਸਾਰੀ ਮਨੁੱਖਤਾ ਦੀ ਸਾਂਝੀ ਥਾਂ ਹੈ। ਜੇ ਪੁਲਾੜ ਸਾਰੀ ਮਨੁੱਖਤਾ ਦੀ ਸਾਂਝੀ ਥਾਂ ਹੈ ਤਾਂ ਕੁਝ ਕੁ ਕਾਰਪੋਰੇਸ਼ਨਾਂ ਪੁਲਾੜ ਦੇ ਖਣਿਜ ਪਦਾਰਥ ਕਿਵੇਂ ਕੱਢ ਸਕਦੀਆਂ ਹਨ? ਇਸ ਸਮੇਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਕੋਲ ਇਹ ਸਮਰੱਥਾ ਨਹੀਂ ਹੈ ਕਿ ਉਹ ਪੁਲਾੜ ਵਿੱਚ ਜਾ ਕੇ ਮਾਈਨਿੰਗ ਕਰ ਸਕਣ। ਪਰ ਹੋ ਸਕਦਾ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ ਉਹ ਪੁਲਾੜ ਵਿੱਚ ਮਾਈਨਿੰਗ ਕਰਨ ਦੇ ਕਾਬਲ ਹੋ ਜਾਣ। ਪਰ ਉਦੋਂ ਤੱਕ ਸ਼ਾਇਦ ਉਨ੍ਹਾਂ ਵੱਲੋਂ ਮਾਈਨਿੰਗ ਕਰਨ ਲਈ ਕੁਝ ਨਹੀਂ ਬਚੇਗਾ। ਇਸ ਲਈ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਇਸ ਸਮੇਂ ਪੁਲਾੜ ਵਿੱਚ ਮਾਈਨਿੰਗ ਕਰਨ ਦੀਆਂ ਯੋਜਨਾਵਾਂ ਮੁੱਠੀ ਭਰ ਕਾਰਪੋਰੇਸ਼ਨਾਂ ਵੱਲੋਂ ਬਹੁਗਿਣਤੀ ਮਨੁੱਖਤਾ ਦੇ ਪੁਲਾੜ ਵਿਚਲੇ ਹੱਕਾਂ ਦੀ ਲੁੱਟ ਕਰਨ ਦੇ ਬਰਾਬਰ ਨਹੀਂ?

ਪਰ ਲੱਗਦਾ ਹੈ ਕਿ ਕਾਰਪੋਰੇਸ਼ਨਾਂ ਇਸ ਸੰਧੀ ਵਿਚਲੀਆਂ ਚੋਰ ਮੋਰੀਆਂ ਦਾ ਫਾਇਦਾ ਉਠਾ ਕੇ ਇਸ ਨੂੰ ਆਪਣੇ ਪੱਖ ਵਿੱਚ ਵਰਤਣ ਲਈ ਅਮਰੀਕਾ ਦੀ ਸਰਕਾਰ ਕੋਲ ਲੌਬੀ ਕਰ ਰਹੀਆਂ ਹਨ। ਉਦਾਹਰਨ ਲਈ ਇਹ ਆਊਟਰ ਸਪੇਸ ਸੰਧੀ ਇਹ ਗੱਲ ਤਾਂ ਕਹਿੰਦੀ ਹੈ ਕਿ ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਹਿੱਸੇ ’ਤੇ ਆਪਣੀ ਪ੍ਰਭੂਸੱਤਾ ਨਹੀਂ ਜਤਾ ਸਕਦਾ, ਪਰ ਉੱਥੋਂ ਦੇ ਵਸੀਲਿਆਂ ਬਾਰੇ ਇਹ ਸਪੱਸ਼ਟ ਰੂਪ ਵਿੱਚ ਕੁਝ ਨਹੀਂ ਕਹਿੰਦੀ। ਇਸ ਅਸਪੱਸ਼ਟਤਾ ਦਾ ਫਾਇਦਾ ਉਠਾਉਂਦਿਆਂ ਅਮਰੀਕਾ ਨੇ 2015 ਵਿੱਚ ਯੂਐੱਸ ਕਮਰਸ਼ੀਅਲ ਸਪੇਸ ਲਾਂਚ ਕੰਪੀਟੀਟਿਵਨੈੱਸ ਐਕਟ 2015 ਪਾਸ ਕੀਤਾ। ਇਸ ਨੇ ਇਹ ਕਾਨੂੰਨੀ ਬਣਾ ਦਿੱਤਾ ਕਿ ਪ੍ਰਾਈਵੇਟ ਅਦਾਰਿਆਂ ਵੱਲੋਂ ਪੁਲਾੜ ਤੋਂ ਵਸੀਲੇ ਲਿਆਂਦੇ ਜਾ ਸਕਦੇ ਹਨ ਅਤੇ ਇਸ ਨਾਲ 1967 ਦੀ ਆਊਟਰ ਸਪੇਸ ਟਰੀਟੀ ਦੀ ਉਲੰਘਣਾ ਨਹੀਂ ਹੁੰਦੀ। ਬੈਲਜੀਅਮ, ਰੂਸ, ਬ੍ਰਾਜ਼ੀਲ ਵਰਗੇ ਕਈ ਦੇਸ਼ਾਂ ਨੇ ਇਸ ’ਤੇ ਕੁਝ ਸਵਾਲ ਉਠਾਏ ਹਨ, ਪਰ ਇਸ ਕਾਨੂੰਨ ਨੇ ਇਨ੍ਹਾਂ ਕਾਰਪੋਰੇਸ਼ਨਾਂ ਵੱਲੋਂ ਪੁਲਾੜ ਵਿੱਚ ਮਾਈਨਿੰਗ ਆਦਿ ਕਰਨ ਲਈ ਰਾਹ ਖੋਲ੍ਹ ਦਿੱਤਾ ਹੈ। ਕੁਝ ਲੋਕ ਮੰਗ ਕਰ ਰਹੇ ਹਨ ਕਿ ਪੁਲਾੜ ਦੇ ਸਬੰਧ ਵਿੱਚ ਇਹ ਜੋ ‘ਨਵਾਂ ਯੁੱਗ’ ਸ਼ੁਰੂ ਹੋਇਆ ਹੈ, ਇਸ ਨੂੰ ਦੇਖਦਿਆਂ ਸਾਨੂੰ ਇੰਟਰਨੈਸ਼ਨਲ ਪੱਧਰ ’ਤੇ ਪੁਲਾੜ ਬਾਰੇ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ। ਪਰ ਕਾਰਪੋਰੇਸ਼ਨਾਂ ਦੇ ਨੁਮਾਇੰਦੇ ਇਹ ਕਹਿ ਰਹੇ ਹਨ ਕਿ ਇਸ ਦੀ ਲੋੜ ਨਹੀਂ। ਪੁਲਾੜ ਦੇ ਮਾਮਲਿਆਂ ਨਾਲ ਨਜਿੱਠਣ ਲਈ 1967 ਦੀ ਆਊਟਰ ਸਪੇਸ ਟਰੀਟੀ ਹੀ ਕਾਫ਼ੀ ਹੈ। ਉਹ ਇਹ ਇਸ ਲਈ ਕਹਿ ਰਹੇ ਹਨ ਕਿਉਂਕਿ ਇਹ ਸੰਧੀ ਉਨ੍ਹਾਂ ਦੇ ਹੱਕ ਵਿੱਚ ਕੰਮ ਕਰਦੀ ਹੈ। ਜਿਹੜੀਆਂ ਚੀਜ਼ਾਂ ਬਾਰੇ ਇਹ ਸੰਧੀ ਸਪੱਸ਼ਟ ਰੂਪ ਵਿੱਚ ਕੁਝ ਨਹੀਂ ਕਹਿੰਦੀ, ਉਨ੍ਹਾਂ ਦੀ ਵਿਆਖਿਆ ਉਹ ਆਪਣੇ ਢੰਗ ਨਾਲ ਕਰ ਸਕਦੇ ਹਨ।

ਇਨ੍ਹਾਂ ਪੁਲਾੜ ਉਡਾਣਾਂ ਦੀ ਕਾਮਯਾਬੀ ਸਬੰਧੀ ਸੋਚਣ ਵਾਲੀ ਅਗਲੀ ਗੱਲ ਹੈ, ਪੁਲਾੜ ਵਿੱਚ ਬਸਤੀਆਂ ਵਸਾਉਣ ਦੀਆਂ ਯੋਜਨਾਵਾਂ। ਸਪੇਸ ਐਕਸ ਦੇ ਮਾਲਕ ਐਲਨ ਮਸਕ ਦੀ ਯੋਜਨਾ ਵਿੱਚ ਮੰਗਲ ਗ੍ਰਹਿ ’ਤੇ ਬਸਤੀ ਵਸਾਉਣਾ ਵੀ ਸ਼ਾਮਲ ਹੈ। ਉਸ ਦੀ ਸੋਚ ਹੈ ਕਿ ਧਰਤੀ ਤੀਜੀ ਸੰਸਾਰ ਜੰਗ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਕਾਰਨ ਕਰਕੇ ਖ਼ਤਮ ਹੋ ਸਕਦੀ ਹੈ। ਇਸ ਲਈ ਸਾਡੇ ਕੋਲ ਪਲੈਨ ਬੀ ਹੋਣੀ ਚਾਹੀਦੀ ਹੈ, ਜਿਸ ਅਧੀਨ ਕੁਝ ਲੋਕ ਧਰਤੀ ਤੋਂ ਦੂਰ ਪੁਲਾੜ ਵਿੱਚ ਬਸਤੀ ਵਿੱਚ ਰਹਿੰਦੇ ਹੋਣ ਤਾਂ ਕਿ ਧਰਤੀ ਦੇ ਖ਼ਾਤਮੇ ਕਾਰਨ ਸ਼ੁਰੂ ਹੋਣ ਵਾਲਾ ‘ਅੰਧਕਾਰ ਦਾ ਯੁੱਗ’ (ਡਾਰਕ ਏਜ਼) ਜ਼ਿਆਦਾ ਦੇਰ ਨਾ ਰਹਿ ਸਕੇ।

ਅਖੀਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪੁਲਾੜ ਯਾਤਰਾ ਨਾਲ ਸਬੰਧਿਤ ਸ਼ੁਰੂ ਹੋਏ ਇਸ ‘ਨਵੇਂ ਯੁੱਗ’ ਦਾ ਮਕਸਦ ਸਿਰਫ਼ ਅਮੀਰਾਂ ਲਈ ਸੈਰ-ਸਪਾਟਾ ਜਾਂ ਸ਼ੁਗਲ ਮੇਲਾ ਨਹੀਂ ਹੈ। ਸਗੋਂ ਇਹ ਯੁੱਗ ਸਮੁੱਚੀ ਮਨੁੱਖਤਾ ਦੀ ਸਾਂਝੀ ਮਲਕੀਅਤ ਉੱਪਰ ਨਿੱਜੀ ਕਾਰਪੋਰੇਸ਼ਨਾਂ ਦੇ ਕਬਜ਼ੇ ਲਈ ਰਸਤਾ ਖੋਲ੍ਹ ਰਿਹਾ ਹੈ। ਇਸ ਦੇ ਨਾਲ ਹੀ ਕਾਰਪੋਰੇਸ਼ਨਾਂ ਵੱਲੋਂ ਸ਼ੁਰੂ ਕੀਤੀ ਪੁਲਾੜ ਦੌੜ ਕਾਰਨ ਵਾਤਾਵਰਨ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਦੇ ਨਤੀਜੇ ਮਨੁੱਖਤਾ ਲਈ ਚੰਗੇ ਨਹੀਂ ਹੋਣਗੇ। ਇਸ ਲਈ ਆਮ ਲੋਕਾਂ ਵੱਲੋਂ ਪੁਲਾੜ ਯਾਤਰਾ ਨਾਲ ਸਬੰਧਿਤ ਇਸ ‘ਨਵੇਂ ਯੁੱਗ’ ਦੇ ਵੱਖ ਵੱਖ ਪਹਿਲੂਆਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਈਮੇਲ: [email protected]


Leave a Reply