25 C
Miami
Monday, October 18, 2021
HomeLanguageਪੰਜਾਬੀਪੁਲੀਸ ਅੱਗੇ ਪੇਸ਼ ਨਾ ਹੋਇਆ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ

ਪੁਲੀਸ ਅੱਗੇ ਪੇਸ਼ ਨਾ ਹੋਇਆ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ


ਮੁੱਖ ਅੰਸ਼

  • ਆਸ਼ੀਸ਼ ਮਿਸ਼ਰਾ ਨੂੰ ਅੱਜ ਪੇਸ਼ ਹੋਣ ਲਈ ਦੁਬਾਰਾ ਸੰਮਨ ਜਾਰੀ
  • ਨਿਰਦੋਸ਼ ਹੋਣ ਦੇ ਸਬੂਤ ਦੇਵੇਗਾ ਮੇਰਾ ਪੁੱਤਰ: ਕੇਂਦਰੀ ਮੰਤਰੀ
  • ਕਿਸਾਨ ਮੋਰਚੇ ਨੇ ਮੰਤਰੀ ਅਤੇ ਯੂਪੀ ਸਰਕਾਰ ’ਤੇ ਮੁਲਜ਼ਮ ਨੂੰ ਬਚਾਉਣ ਦਾ ਦੋਸ਼ ਲਾਇਆ

ਲਖੀਮਪੁਰ, 8 ਅਕਤੂਬਰ

ਲਖੀਮਪੁਰ ਖੀਰੀ (ਯੂਪੀ) ਹਿੰਸਾ ਮਾਮਲੇ ਵਿਚ ਮੁਲਜ਼ਮ ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਸੰਮਨ ਜਾਰੀ ਹੋਣ ਦੇ ਬਾਵਜੂਦ ਅੱੱਜ ਯੂਪੀ ਪੁਲੀਸ ਅੱਗੇ ਪੇਸ਼ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਐਤਵਾਰ ਕਥਿਤ ਤੌਰ ’ਤੇ ਭਾਜਪਾ ਵਰਕਰਾਂ ਦੇ ਵਾਹਨਾਂ ਨੇ ਕਿਸਾਨਾਂ ਤੇ ਹੋਰਾਂ ਨੂੰ ਦਰੜ ਦਿੱਤਾ ਸੀ। ਮਰਨ ਵਾਲਿਆਂ ਅੱਠਾਂ ਵਿਚੋਂ ਚਾਰ ਕਿਸਾਨ ਸਨ। ਭਾਜਪਾ ਵਰਕਰ ਤੇ ਉਨ੍ਹਾਂ ਦਾ ਡਰਾਈਵਰ ਵੀ ਮ੍ਰਿਤਕਾਂ ਵਿਚ ਸ਼ਾਮਲ ਸਨ। ਕਿਸਾਨਾਂ ਮੁਤਾਬਕ ਟੱਕਰ ਮਾਰਨ ਵਾਲੇ ਇਕ ਵਾਹਨ ਵਿਚ ਆਸ਼ੀਸ਼ ਮਿਸ਼ਰਾ ਸਵਾਰ ਸੀ। 

ਯੂਪੀ ਪੁਲੀਸ ਨੇ ਹੁਣ ਉਸ ਨੂੰ ਭਲਕੇ 11 ਵਜੇ ਦੁਬਾਰਾ ਤਲਬ ਕੀਤਾ ਹੈ। ਆਸ਼ੀਸ਼ ਨੂੰ ਪਹਿਲਾਂ ਅੱਜ ਤਲਬ ਕੀਤਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਇਆ। ਉਸ ਦੇ ਮੰਤਰੀ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ (ਆਸ਼ੀਸ਼) ਠੀਕ ਨਹੀਂ ਹੈ ਤੇ ‘ਉਹ ਭਲਕੇ ਪੁਲੀਸ ਅੱਗੇ ਪੇਸ਼ ਹੋਵੇਗਾ ਤੇ ਆਪਣਾ ਬਿਆਨ ਦਰਜ ਕਰਾਏਗਾ, ਨਾਲ ਹੀ ਸਬੂਤ ਵੀ ਦੇਵੇਗਾ ਕਿ ਉਹ ਨਿਰਦੋਸ਼ ਹੈ।’ ਨਵਾਂ ਨੋਟਿਸ ਅੱਜ ਦੁਪਹਿਰੇ ਅਜੈ ਮਿਸ਼ਰਾ ਦੇ ਘਰ ਅੱਗੇ ਲਾਇਆ ਗਿਆ ਹੈ, ਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਆਸ਼ੀਸ਼ ਮਿਸ਼ਰਾ ਜੇ ਭਲਕੇ ਪੇਸ਼ ਨਹੀਂ ਹੋਇਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡੀਆਈਜੀ   (ਹੈੱਡਕੁਆਰਟਰਜ਼) ਉਪੇਂਦਰ ਅਗਰਵਾਲ ਜੋ ਕਿ ਐਤਵਾਰ ਵਾਪਰੀ ਘਟਨਾ ਦੀ ਜਾਂਚ ਕਰ ਰਹੇ ਹਨ, ਨੇ ਅੱਜ ਪੁਲੀਸ ਲਾਈਨ ਵਿਚ ਬੈਠ ਕੇ ਮੰਤਰੀ ਦੇ ਪੁੱਤਰ ਦੀ ਉਡੀਕ ਕੀਤੀ ਪਰ ਉਹ ਨਹੀਂ ਆਇਆ। ਇਸ ਤੋਂ ਬਾਅਦ ਨਵਾਂ ਨੋਟਿਸ ਕੱਢ ਦਿੱਤਾ ਗਿਆ। ਇਸ ਤੋਂ ਪਹਿਲਾਂ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਉਹ ਨੇਪਾਲ ਫਰਾਰ ਹੋ ਗਿਆ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇ ਅਜਿਹਾ ਹੈ ਤਾਂ ਕੇਂਦਰ ਸਰਕਾਰ ਦਖ਼ਲ ਦੇ ਕੇ ਉਸ ਨੂੰ ਨੇਪਾਲ ਤੋਂ ਗ੍ਰਿਫ਼ਤਾਰ ਕਰੇ। ਇਕ ਬਿਆਨ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਵੀ ਕਿਹਾ ਕਿ ‘ਉਸ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ। ਖ਼ਬਰਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਟਿਕਾਣੇ ਲਗਾਤਾਰ ਬਦਲ ਰਿਹਾ ਹੈ ਤੇ ਫਰਾਰ ਹੈ, ਯੂਪੀ ਪੁਲੀਸ ਦੀਆਂ ਕਈ ਟੀਮਾਂ ਉਸ ਨੂੰ ਲੱਭ ਰਹੀਆਂ ਹਨ।’ ਮੋਰਚੇ ਨੇ ਹਾਲੇ ਤੱਕ ਉਸ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ‘ਗੰਭੀਰ ਚਿੰਤਾ ਦਾ ਇਜ਼ਹਾਰ ਕੀਤਾ ਹੈ।’ ਆਪਣੇ ਬਿਆਨ ਵਿਚ ਮੋਰਚੇ ਨੇ ਦੋਸ਼ ਲਾਇਆ ਕਿ ਦੋ ਹੋਰ ਵਿਅਕਤੀ- ਸੁਮਿਤ ਜੈਸਵਾਲ ਤੇ ਅੰਕਿਤ ਦਾਸ ਵੀ ਹਿੰਸਾ ਵਿਚ ਸ਼ਾਮਲ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਪੁਲੀਸ ਨੇ ਗ੍ਰਿਫ਼ਤਾਰ ਨਹੀਂ ਕੀਤਾ। ਯੂਪੀ ਸਰਕਾਰ ਤੇ ਮੰਤਰੀ ਅਜੈ ਕੁਮਾਰ ਮਿਸ਼ਰਾ ਹਰ ਢੰਗ ਤਰੀਕਾ ਅਪਣਾ ਕੇ ਇਹ ਯਕੀਨੀ ਬਣਾ ਰਹੇ ਹਨ ਕਿ ਆਸ਼ੀਸ਼ ਆਜ਼ਾਦ ਘੁੰਮਦਾ ਰਹੇ। ਕਿਸਾਨ ਮੋਰਚੇ ਨੇ ਕਿਹਾ ਕਿ ਸੁਮਿਤ ਜੈਸਵਾਲ ਉਸ ਥਾਰ ਵਿਚ ਸਵਾਰ ਸੀ ਜਿਸ ਨੇ ਕਿਸਾਨਾਂ ਨੂੰ ਕੁਚਲਿਆ ਤੇ ਗੱਡੀ ਵਿਚੋਂ ਉਤਰ ਕੇ ਭੱਜਦਾ ਉਹ ਸਾਫ਼ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਇਕ ਹੋਰ ਵੀਡੀਓ ਕਲਿੱਪ ਜਿੱਥੇ ਪੁਲੀਸ ਅਧਿਕਾਰੀ ਇਕ ਵਿਅਕਤੀ ਤੋਂ ਪੁੱਛਗਿੱਛ ਕਰ ਰਿਹਾ ਹੈ, ਉੱਥੇ ਉਹ ਵਿਅਕਤੀ ਖੁਲਾਸਾ ਕਰ ਰਿਹਾ ਹੈ ਕਿ ਅੰਕਿਤ ਦਾਸ ਫਾਰਚੂਨਰ ਵਿਚ ਸਵਾਰ ਸੀ ਜੋ ਕਿ ਹਿੰਸਾ ਵਿਚ ਸ਼ਾਮਲ ਸੀ। ਇਸ ਵਿਅਕਤੀ ਨੂੰ ਘਟਨਾ ਦੌਰਾਨ ਪੁਲੀਸ ਨੇ ਫੜਿਆ ਸੀ। ਮੋਰਚੇ ਨੇ ਆਸ਼ੀਸ਼, ਸੁਮਿਤ ਤੇ ਅੰਕਿਤ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਲਖ਼ਨਊ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਕਿਹਾ ‘ਸਾਨੂੰ ਕਾਨੂੰਨ ’ਚ ਪੂਰਾ ਭਰੋਸਾ ਹੈ। ਮੇਰਾ ਪੁੱਤਰ ਨਿਰਦੋਸ਼ ਹੈ। ਉਸ ਨੂੰ ਵੀਰਵਾਰ ਨੋਟਿਸ ਮਿਲ ਗਿਆ ਸੀ ਪਰ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਉਹ ਭਲਕੇ ਪੁਲੀਸ ਅੱਗੇ ਪੇਸ਼ ਹੋਵੇਗਾ ਤੇ ਆਪਣੇ ਨਿਰਦੋਸ਼ ਹੋਣ ਦੇ ਸਬੂਤ ਦੇਵੇਗਾ।’ ਵਿਰੋਧੀ ਧਿਰ ਵੱਲੋਂ ਮੰਤਰੀ ਦਾ ਅਸਤੀਫ਼ਾ ਮੰਗੇ ਜਾਣ ’ਤੇ ਅਜੈ ਮਿਸ਼ਰਾ ਨੇ ਕਿਹਾ ‘ਵਿਰੋਧੀ ਧਿਰ ਤਾਂ ਕੁਝ ਵੀ ਮੰਗਦੀ ਹੈ। ਇਹ ਭਾਜਪਾ ਸਰਕਾਰ ਹੀ ਹੈ ਜੋ ਕਿ ਨਿਰਪੱਖਤਾ ਨਾਲ ਕਾਰਵਾਈ ਅਮਲ ਵਿਚ ਲਿਆ ਰਹੀ ਹੈ। ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਹੋਵੇਗੀ।’  -ਪੀਟੀਆਈ 

ਕਿਸੇ ਨੂੰ ਸਿਰਫ਼ ਦੋਸ਼ਾਂ ਦੇ ਅਧਾਰ ’ਤੇ ਗ੍ਰਿਫ਼ਤਾਰ ਨਹੀਂ ਕਰਾਂਗੇ: ਯੋਗੀ

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅੱਜ ਜਦੋਂ ਪੁੱਛਿਆ ਗਿਆ ਕਿ ਆਸ਼ੀਸ਼ ਮਿਸ਼ਰਾ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ ਤਾਂ ਉਨ੍ਹਾਂ ਕਿਹਾ ‘ਇਸ ਤਰ੍ਹਾਂ ਦੀ ਕੋਈ ਵੀਡੀਓ ਨਹੀਂ ਹੈ। ਅਸੀਂ ਨੰਬਰ ਦਿੱਤੇ ਹਨ, ਤੇ ਜੇਕਰ ਕਿਸੇ ਕੋਲ ਸਬੂਤ ਹੈ ਤਾਂ ਉਹ ਅਪਲੋਡ ਕਰ ਸਕਦਾ ਹੈ। ਸਭ ਕੁਝ ਸ਼ੀਸ਼ੇ ਵਾਂਗੂ ਸਾਫ਼ ਹੋ ਜਾਵੇਗਾ। ਕਿਸੇ ਨਾਲ ਕੋਈ ਅਨਿਆਂ ਨਹੀਂ ਹੋਵੇਗਾ। ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਕੋਈ ਵੀ ਕਾਰਵਾਈ ਦਬਾਅ ਵਿਚ ਨਹੀਂ ਹੋਵੇਗੀ। ਅਸੀਂ ਦੋਸ਼ਾਂ ਦੇ ਅਧਾਰ ਉਤੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰਾਂਗੇ। ਪਰ ਹਾਂ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਫਿਰ ਚਾਹੇ ਉਹ ਕੋਈ ਵੀ ਹੋਵੇ।’


RELATED ARTICLES

Leave a Reply

- Advertisment -

You May Like

%d bloggers like this: