ਨਵੀਂ ਦਿੱਲੀ, 21 ਜੁਲਾਈ

ਪੈਗਾਸਸ ਸਪਾਈਵੇਅਰ ਦਾ ਇਸਤੇਮਾਲ ਕਰ ਕੇ ਪੱਤਰਕਾਰਾਂ ਤੇ ਸਿਆਸਤਦਾਨਾਂ ਦੀ ਜਾਸੂਸੀ ਕਰਨ ਸਬੰਧੀ ਵੱਡੀ ਪੱਧਰ ’ਤੇ ਸਾਹਮਣੇ ਆ ਰਹੀਆਂ ਮੀਡੀਆ ਦੀਆਂ ਰਿਪੋਰਟਾਂ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ‘ਦਿ ਐਡੀਟਰਜ਼ ਗਿਲਡ ਆਫ਼ ਇੰਡੀਆ’ ਨੇ ਅੱਜ ਕਥਿਤ ਜਾਸੂਸੀ ਦੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਕ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਐਡੀਟਰਜ਼ ਗਿਲਡ ਨੇ ਟਵਿੱਟਰ ’ਤੇ ਇਕ ਬਿਆਨ ਸਾਂਝਾ ਕਰ ਕੇ ਕਿਹਾ, ‘‘ਸਰਕਾਰੀ ਏਜੰਸੀਆਂ ਵੱਲੋਂ ਇਜ਼ਰਾਈਲ ਦੀ ਕੰਪਨੀ ਐੱਨਐੱਸਓ ਵੱਲੋਂ ਵਿਕਸਤ ਪੈਗਾਸਸ ਨਾਂ ਦੇ ਹੈਕਿੰਗ ਸਾਫ਼ਟਵੇਅਰ ਦਾ ਇਸਤੇਮਾਲ ਕਰ ਕੇ ਪੱਤਰਕਾਰਾਂ, ਕਾਰਕੁਨਾਂ, ਕਾਰੋਬਾਰੀਆਂ ਅਤੇ ਸਿਆਸਤਦਾਨਾਂ ਦੀ ਕਰਵਾਈ ਜਾ ਰਹੀ ਕਥਿਤ ਜਾਸੂਸੀ ਸਬੰਧੀ ਵੱਡੀ ਪੱਧਰ ’ਤੇ ਮੀਡੀਆ ਦੀਆਂ ਖ਼ਬਰਾਂ ਸਾਹਮਣੇ ਆਉਣ ਨਾਲ ਐਡੀਟਰਜ਼ ਗਿਲਡ ਹੈਰਾਨ ਹੈ।’’ ਬਿਆਨ ’ਚ ਕਿਹਾ ਗਿਆ ਕਿ ਐਡੀਟਰਜ਼ ਗਿਲਡ ਆਫ਼ ਇੰਡੀਆ ਪੱਤਰਕਾਰਾਂ ਦੀ ਜਾਸੂਸੀ ਕਰਵਾਉਣ ਦੀ ਆਲੋਚਨਾ ਕਰਦੀ ਹੈ। ਇਹ ਪ੍ਰੈੱਸ ਦੀ ਆਜ਼ਾਦੀ ’ਤੇ ਇਕ ਹਮਲਾ ਹੈ। ਗਿਲਡ ਨੇ ਇਸ ਮਾਮਲੇ ਵਿਚ ਇਕ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜਾਂਚ ਕਮੇਟੀ ਵਿਚ ਪੱਤਰਕਾਰ ਤੇ ਸਮਾਜਿਕ ਕਾਰਕੁਨ ਵੀ ਸ਼ਾਮਲ ਹੋਣੇ ਚਾਹੀਦੇ ਹਨ ਤਾਂ ਜੋ ਨਿਰਪੱਖ ਜਾਂਚ ਯਕੀਨੀ ਬਣਾਈ ਜਾ ਸਕੇ। -ਪੀਟੀਆਈ

ਪਾਇਲਟ ਵੱਲੋਂ ਨਿਰਪੱਖ ਜਾਂਚ ਦੀ ਮੰਗ

ਜੈਪੁਰ: ਕਾਂਗਰਸੀ ਆਗੂ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਅੱਜ ਮੰਗ ਕੀਤੀ ਹੈ ਕਿ ਪੈਗਾਸਸ ਸਪਾਈਵੇਅਰ ਦਾ ਇਸਤੇਮਾਲ ਕਰ ਕੇ ਸਿਆਸਤਦਾਨਾਂ, ਪੱਤਰਕਾਰਾਂ ਤੇ ਹੋਰਨਾਂ ਦੀ ਜਾਸੂਸੀ ਕਰਵਾਏ ਜਾਣ ਦੇ ਮਾਮਲੇ ਵਿਚ ਇਕ ਨਿਰਪੱਖ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ, ‘‘ਇਹ ਇਕ ਬਹੁਤ ਗੰਭੀਰ ਮੁੱਦਾ ਹੈ ਅਤੇ ਇਸ ਦੀ ਤਹਿ ਤੱਕ ਜਾਣ ਲਈ ਇਕ ਨਿਰਪੱਖ ਜਾਂਚ ਜ਼ਰੂਰੀ ਹੈ। ਇਹ ਜਾਂਚ ਇਕ ਸਾਂਝੀ ਸੰਸਦੀ ਕਮੇਟੀ ਤੋਂ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਮੌਜੂਦਾ ਭਾਰਤ ਸਰਕਾਰ ਤੋਂ ਨਿਰਪੱਖ ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ।’’ ਉਨ੍ਹਾਂ ਕਿਹਾ ਕਿ ਨਿੱਜਤਾ ਦਾ ਉਲੰਘਣ ਕੀਤਾ ਗਿਆ ਹੈ, ਇਸ ਵਾਸਤੇ ਭਾਰਤ ਸਰਕਾਰ ਕੋਲ ਇਸ ਮਾਮਲੇ ਵਿਚ ਨਿਰਪੱਖ ਜਾਂਚ ਨਾ ਕਰਵਾਉਣ ਦਾ ਕੋਈ ਕਾਰਨ ਨਹੀਂ ਹੈ। ਕਾਂਗਰਸੀ ਆਗੂ ਨੇ ਕਿਹਾ, ‘‘ਇਸ ਮਾਮਲੇ ਵਿਚ ਨਿਰਪੱਖ ਜਾਂਚ ਦਾ ਹੁਕਮ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਭਾਰਤ ਸਰਕਾਰ ਸਵਾਲਾਂ ਦੇ ਘੇਰੇ ਵਿਚ ਹੈ ਅਤੇ ਜਾਂਚ ਨਾ ਕਰਵਾਉਣ ਦਾ ਕੋਈ ਕਾਰਨ ਨਹੀਂ ਹੈ।’’ -ਪੀਟੀਆਈ

ਇਜ਼ਰਾਈਲ ਦੀ ਸੁਰੱਖਿਆ ਕੌਂਸਲ ਕਰੇਗੀ ਦੋਸ਼ਾਂ ਦੀ ਜਾਂਚ

ਯੋਰੋਸ਼ਲਮ: ਇਜ਼ਰਾਇਲੀ ਕੰਪਨੀ ਐਨਐੱਸਓ ਦੇ ਸੌਫ਼ਟਵੇਅਰ ‘ਪੈਗਾਸਸ’ ਦੀ ਜਾਸੂਸੀ ਲਈ ਦੁਰਵਰਤੋਂ ਹੋਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਇਜ਼ਰਾਈਲ ਸਰਕਾਰ ਨੇ ਸੀਨੀਅਰ ਮੰਤਰੀਆਂ ਦੀ ਇਕ ਟੀਮ ਦਾ ਗਠਨ ਕੀਤਾ ਹੈ। ਕੌਮੀ ਸੁਰੱਖਿਆ ਕੌਂਸਲ ਦੀ ਅਗਵਾਈ ਵਿਚ ਟੀਮ ਕੌਮਾਂਤਰੀ ਪੱਧਰ ਉਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਇਹੀ ਕੌਂਸਲ ਪੈਗਾਸਸ ਨੂੰ ਦੂਜੇ ਮੁਲਕਾਂ ਨੂੰ ਵਰਤੋਂ ਲਈ ਦੇਣ ਦੀ ਨਿਗਰਾਨੀ ਕਰਦੀ ਹੈ। ਸੂਤਰਾਂ ਮੁਤਾਬਕ ਟੀਮ ਦਾ ਮਕਸਦ ‘ਇਹ ਦੇਖਣਾ ਹੈ ਕਿ ਕੀ ਵਾਪਰਿਆ ਤੇ ਨਾਲ ਹੀ ਇਸ ਸਭ ’ਚੋਂ ਭਵਿੱਖ ਲਈ ਸਬਕ ਸਿੱਖਣਾ ਹੈ।’ -ਰਾਇਟਰਜ਼  

LEAVE A REPLY

Please enter your comment!
Please enter your name here