ਕੋਲਕਾਤਾ, 22 ਜੁਲਾਈ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਪੈਗਾਸਸ ਸਪਾਈਵੇਅਰ ਦਾ ਇਸਤੇਮਾਲ ਕਰ ਕੇ ਸੁਪਰੀਮ ਕੋਰਟ ਦੇ ਜੱਜਾਂ, ਪੱਤਰਕਾਰਾਂ, ਸਿਆਸੀ ਆਗੂਆਂ ਤੇ ਹੋਰਾਂ ਦੀ ਜਾਸੂਸੀ ਕਰਵਾਉਣ ਦਾ ਮਾਮਲਾ, ਅਮਰੀਕਾ ਵਿਚ ਰਿਚਰਡ ਨਿਕਸਨ ਦੇ ਸ਼ਾਸਨਕਾਲ ਦੌਰਾਨ ਸਾਹਮਣੇ ਆਏ ‘ਵਾਟਰਗੇਟ’ ਮਾਮਲੇ ਨਾਲੋਂ ਵੀ ਵੱਧ ਖ਼ਤਰਨਾਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਪਾਈਵੇਅਰ ਦੇ ਗ਼ਲਤ ਇਸਤੇਮਾਲ ਖ਼ਿਲਾਫ਼ ਆਮ ਲੋਕਾਂ, ਵਿਦਿਆਰਥੀਆਂ ਅਤੇ ਪੱਤਰਕਾਰਾਂ ਨੂੰ ਉੱਠ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਪਾਈਵੇਅਰ ਲਾਉਣ ਵਾਲਿਆਂ ਕੋਲ ਪ੍ਰਸ਼ਾਂਤ ਕਿਸ਼ੋਰ ਤੇ ਉਨ੍ਹਾਂ ਵਿਚਾਲੇ ਹੋਈ ਚੋਣ ਰਣਨੀਤੀ ਸਬੰਧੀ ਮੀਟਿੰਗਾਂ ਬਾਰੇ ਵਿਸਥਾਰ ’ਚ ਜਾਣਕਾਰੀ ਸੀ। ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਕਥਿਤ ਜਾਸੂਸੀ ਨੂੰ ‘ਮਹਾ ਐਮਰਜੈਂਸੀ’ ਕਰਾਰ ਦਿੱਤਾ। ਮੁੱਖ ਮੰਤਰੀ ਨੇ ਇੱਥੇ ਸੂਬਾਈ ਸਕੱਤਰੇਤ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੀਆਂ ਨਿਰਪੱਖ ਸੰਸਥਾਵਾਂ ਦਾ ਸਿਆਸੀਕਰਨ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਉਹ (ਭਾਜਪਾ ਲੀਡਰਸ਼ਿਪ) ਇੱਥੋਂ ਤੱਕ ਕਿ ਆਪਣੇ ਖ਼ੁਦ ਦੇ ਮੰਤਰੀਆਂ ਤੇ ਅਧਿਕਾਰੀਆਂ ’ਤੇ ਵੀ ਭਰੋਸਾ ਨਹੀਂ ਕਰਦੇ ਹਨ। ਮੈਂ ਸੁਣਿਆ ਹੈ ਕਿ ਉਨ੍ਹਾਂ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਈ ਲੋਕਾਂ ਦੇ ਫੋਨ ਵੀ ਟੈਪ ਕੀਤੇ। ਪ੍ਰੈੱਸ ਕਲੱਬ, ਐਡੀਟਰਜ਼ ਗਿਲਡ, ਹਰ ਕਿਸੇ ਨੂੰ ਇਸ ਮੁੱਦੇ ’ਤੇ ਇਕਜੁੱਟ ਹੋਣਾ ਚਾਹੀਦਾ ਹੈ। ਭਾਜਪਾ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਐਨਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਤਾਂ ਇਹ ਪ੍ਰਧਾਨ ਮੰਤਰੀ ਜਾਂ ਕੇਂਦਰੀ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੰਸਦ ਵਿਚ ਬਿਆਨ ਦੇਣ। -ਪੀਟੀਆਈ 

LEAVE A REPLY

Please enter your comment!
Please enter your name here