ਨਵੀਂ ਦਿੱਲੀ, 3 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੋ ਦੱਖਣਪੂਰਬੀ ਏਸ਼ੀਆਈ ਮੁਲਕਾਂ ਬਰੂਨੇਈ ਦਾਰੁੱਸਲਾਮ ਅਤੇ ਸਿੰਗਾਪੁਰ ਦੇ ਤਿੰਨ-ਰੋਜ਼ਾ ਦੌਰੇ ਉਤੇ ਰਵਾਨਾ ਹੋ ਗਏ। ਉਹ 3 ਤੋਂ 5 ਸਤੰਬਰ ਤੱਕ ਪਹਿਲਾਂ ਬਰੂਨੇਈ ਦਾਰੁੱਸਲਾਮ ਅਤੇ ਫਿਰ ਸਿੰਗਾਪੁਰ ਜਾਣਗੇ।
ਮੋਦੀ 3 ਅਤੇ 4 ਸਤੰਬਰ ਨੂੰ ਸੁਲਤਾਨ ਹਾਜੀ ਹਸਨਲ ਬੋਲਕੀਆਹ ਦੇ ਸੱਦੇ ਉਤੇ ਬਰੂਨੇਈ ਦਾ ਦੌਰਾ ਕਰਨਗੇ। ਇਸ ਪਿੱਛੋਂ ਪ੍ਰਧਾਨ ਮੰਤਰੀ ਮੋਦੀ ਆਪਣੇ ਸਿੰਗਾਪੁਰੀ ਹਮਰੁਤਬਾ ਲਾਰੈਂਸ ਵੋਂਗ ਦੇ ਸੱਦੇ ਉਤੇ ਸਿੰਗਾਪੁਰ ਜਾਣਗੇ।
ਇਸ ਦੇ ਨਾਲ ਹੀ ਮੋਦੀ ਬਰੂਨੇਈ ਦੀ ਦੁਵੱਲੀ ਯਾਤਰਾ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ। ਇਸ ਯਾਤਰਾ ਨੂੰ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੀ ਮਜ਼ਬੂਤੀ ਪੱਖੋਂ ਇਕ ਅਹਿਮ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਆਪਣੀ ਰਵਾਨਗੀ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ, ‘‘ਅੱਜ ਮੈਂ ਬਰੂਨੇਈ ਦਾਰੁੱਸਲਾਮ ਦੀ ਪਹਿਲੋਂ-ਪਹਿਲੜੀ ਦੁਵੱਲੀ ਫੇਰੀ ਉਤੇ ਜਾ ਰਿਹਾ ਹਾਂ। ਜਦੋਂ ਅਸੀਂ ਆਪਣੇ ਸਫ਼ਾਰਤੀ ਰਿਸ਼ਤਿਆਂ ਦੇ 40 ਸਾਲਾਂ ਦੇ ਜਸ਼ਨ ਮਨਾ ਰਹੇ ਹਾਂ, ਤਾਂ ਮੈਂ ਮੁਲਕ ਦੇ ਬਾਦਸ਼ਾਹ ਸੁਲਤਾਨ ਹਾਜੀ ਹਸਨਲ ਬੋਲਕੀਆਹ ਅਤੇ ਸ਼ਾਹੀ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ, ਤਾਂ ਕਿ ਦੋਵਾਂ ਮੁਲਕਾਂ ਦੇ ਇਤਿਹਾਸਕ ਰਿਸ਼ਤਿਆਂ ਨੂੰ ਨਵੀਆਂ ਬੁਲੰਦੀਆਂ ਉਤੇ ਪਹੁੰਚਾਇਆ ਜਾ ਸਕੇ।’’ -ਪੀਟੀਆਈ