ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੀ ਦੂਜੀ ਲਹਿਰ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ’ਚ ਫੈਲ ਚੁੱਕੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਮੇਤ ਕੁਝ ਸੂਬਿਆਂ ’ਚ ਕਰੋਨਾ ਦੇ ਕੇਸ ਘਟਣ ਦੇ ਸੰਕੇਤ ਮਿਲ ਰਹੇ ਹਨ ਜਦਕਿ ਕੁਝ ਸੂਬਿਆਂ ’ਚ ਹਾਲਾਤ ਅਜੇ ਵੀ ਗੰਭੀਰ ਹਨ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ, ਦਿੱਲੀ, ਛੱਤੀਸਗੜ੍ਹ ਤੇ ਮਹਾਰਾਸ਼ਟਰ ਸਮੇਤ ਦੇਸ਼ ਦੇ 13 ਸੂਬਿਆਂ ’ਚ ਕਰੋਨਾ ਦੇ ਕੇਸ ਘਟਣ ਦੇ ਮੁੱਢਲੇ ਸੰਕੇਤ ਦਿਖਾਈ ਦੇ ਰਹੇ ਹਨ ਜਦਕਿ ਬਿਹਾਰ, ਰਾਜਸਥਾਨ, ਸਿੱਕਮ, ਤਾਮਿਲ ਨਾਡੂ, ਤ੍ਰਿਪੁਰਾ ਤੇ ਪੱਛਮੀ ਬੰਗਾਲ ’ਚ ਕੇਸ ਵਧਣ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਦੇਸ਼ ’ਚ ਆਕਸੀਜਨ ਦੀ ਘਾਟ ਬਾਰੇ ਮੰਤਰਾਲੇ ਨੇ ਕਿਹਾ ਕਿ ਸਰਕਾਰ ਆਕਸੀਜਨ ਦਾ ਉਤਪਾਦਨ ਵਧਾਉਣ ਲਈ ਨਾਈਟਰੋਜਨ ਪਲਾਂਟਾਂ ਨੂੰ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਕੁਝ ਸੂਬਿਆਂ ’ਚ ਕਰੋਨਾ ਦੇ ਕੇਸ ਘਟਣ ਦੇ ਸ਼ੁਰੂਆਤੀ ਸੰਕੇਤ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ’ਚ 2 ਅਪਰੈਲ ਨੂੰ 15,583 ਕੇਸ ਸਾਹਮਣੇ ਆਏ ਸਨ ਜਦਕਿ ਦੋ ਮਈ ਨੂੰ 14087 ਕੇਸ ਸਾਹਮਣੇ ਆਏ ਹਨ। ਇਸੇ ਤਰ੍ਹਾਂ ਪੰਜਾਬ, ਦਿੱਲੀ, ਦਮਨ ਤੇ ਦਿਊ, ਗੁਜਰਾਤ, ਝਾਰਖੰਡ, ਲੱਦਾਖ, ਲਕਸ਼ਦੀਪ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਿਲੰਗਾਨਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ’ਚ ਵੀ ਨਵੇਂ ਕੇਸਾਂ ਦੀ ਗਿਣਤੀ ਘਟੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਢਲੇ ਸੰਕੇਤ ਹਨ ਪਰ ਹਾਲਾਤ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਸੂਬਿਆਂ ’ਚ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ। ਟੀਕਾਕਰਨ ਬਾਰੇ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 45 ਸਾਲ ਤੋਂ ਵੱਧ ਉਮਰ ਦੇ 12.07 ਕਰੋੜ ਲੋਕਾਂ ਨੂੰ ਕਰੋਨਾ ਦਾ ਟੀਕਾ ਲੱਗ ਚੁੱਕਾ ਹੈ।

ਸੀਟੀ ਸਕੈਨ ਤੋਂ ਬਚਣ ਲੋਕ: ਡਾ. ਗੁਲੇਰੀਆ

ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਅੱਜ ਧੜਾਧੜ ਸੀਟੀ ਸਕੈਨ ਕਰਵਾਉਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਹਨ ਤੇ ਇਸ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ, ‘ਇੱਕ ਸੀਟੀ ਸਕੈਨ ਛਾਤੀ ਦੇ 300 ਤੋਂ 400 ਐਕਸਰੇਅ ਕਰਾਉਣ ਦੇ ਬਰਾਬਰ ਹੈ ਅਤੇ ਛੋਟੀ ਉਮਰ ’ਚ ਸੀਟੀ ਸਕੈਨ ਕਰਾਉਣ ਨਾਲ ਕੈਂਸਰ ਦਾ ਖਤਰਾ ਵੱਧਦਾ ਹੈ। ਆਪਣੇ ਸਰੀਰ ਨੂੰ ਵਾਰ-ਵਾਰ ਰੇਡੀਏਸ਼ਨ ’ਚੋਂ ਲੰਘਾਉਣ ਨਾਲ ਬਹੁਤ ਨੁਕਸਾਨ ਹੋਵੇਗਾ। ਇਸ ਲਈ ਹਲਕਾ ਕਰੋਨਾ ਹੋਣ ਜਾਂ ਆਮ ਵਾਂਗ ਸਾਹ ਆਉਣ ’ਤੇ ਸੀਟੀ ਸਕੈਨ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ।’ 

LEAVE A REPLY

Please enter your comment!
Please enter your name here