ਮਨਜੀਤ ਕੌਰ ਅੰਬਾਲਵੀ

ਕਈ ਦਿਨਾਂ ਤੋਂ ਬਲਕਾਰ ਸਿੰਘ ਉਦਾਸ-ਉਦਾਸ ਜਿਹਾ ਲੱਗਦਾ ਸੀ। ਪਤਨੀ ਨੇ ਵੀ ਕਈ ਵਾਰ ਪੁੱਛਿਆ, ਪਰ ਉਹ ਕੋਈ ਗੱਲ ਨਈ ਆਖ ਕੇ ਪਿੱਛਾ ਛੁਡਾ ਲੈਂਦਾ। ਕਿਸਾਨ ਅੰਦੋਲਨ ਨੂੰ ਚੱਲਦਿਆਂ ਜਦੋਂ ਦੋ-ਢਾਈ ਮਹੀਨੇ ਹੀ ਹੋਏ ਸਨ, ਉਦੋਂ ਦਾ ਹੀ ਬਾਪੂ ਵੀ ਤਾਂ ਧਰਨੇ ‘ਤੇ ਹੀ ਡਟਿਆ ਹੋਇਆ ਸੀ। ਪਝੰਤਰ ਸਾਲਾਂ ਦਾ ਬਾਪੂ ਕਿਵੇਂ ਸੜਕਾਂ ‘ਤੇ…ਇਹੀ ਸੋਚ-ਸੋਚ ਸ਼ਾਇਦ, ਉਹ ਅੰਦਰ ਹੀ ਅੰਦਰ ਚਿੰਤਾ ਵਿਚ ਘੁਲੀ ਜਾਂਦਾ ਸੀ। ਕਈ ਵਾਰ ਸੋਚਿਆ ਵੀ ਸੀ, ਦਿਲ ਹੀ ਦਿਲ ਕਿ ਮੈਂ ਚਲਾ ਜਾਵਾਂ…ਬਜ਼ੁਰਗ ਬਾਪੂ ਨੂੰ ਘਰ…।

ਪਰ ਫਿਰ ਸ਼ਾਇਦ! ਬੱਚਿਆਂ ਦਾ ਸੋਚ ਕੇ ਇਰਾਦਾ ਬਦਲ ਲੈਂਦਾ।

”ਪਾਪਾ! ਪਾਪਾ! ਔਹ ਦੇਖੋ ਪਾਪਾ!” ਸਾਹਮਣੇ ਟੀਵੀ ਉੱਤੇ ਚੱਲ ਰਹੀਆਂ ਖ਼ਬਰਾਂ ਵੱਲ ਇਸ਼ਾਰਾ ਕਰਦਿਆਂ ਉਸ ਆਖਿਆ।

”ਕੀ ਦਿਖਾ ਰਹੀ ਹੈ? ਮੇਰੀ ਸਿਆਣੀ ਜਿਹੀ ਧੀ…ਦੱਸ ਪੁੱਤਰ ਤੁਸੀਂ ਕੀ ਦੇਖ ਲਿਆ ਇਹੋ ਜਿਹਾ?” ਬਲਕਾਰ ਸਿੰਘ ਨੇ ਹੈਰਾਨ ਹੁੰਦੇ ਪੁੱਛਿਆ।

”ਔਹ ਦੇਖੋ ਪਾਪਾ! ਕਿਸਾਨਾਂ ‘ਤੇ ਕਿਵੇਂ ਪੁਲੀਸ ਪਾਣੀ ਸੁੱਟ ਰਹੀ ਹੈ।

ਆਪਣੇ ਬਾਪੂ ਜੀ ਵੀ ਤਾਂ…ਮੇਰੇ ਦਾਦਾ ਜੀ ਉੱਥੇ ਨੇ …ਤੇ ਡੰਡੇ ਵੀ ਤਾਂ ਮਾਰੀ ਜਾਂਦੀ ਐ ਉਨ੍ਹਾਂ ਨੂੰ…। ਜੇ ਉਨ੍ਹਾਂ ਨੂੰ ਕੁਝ ਹੋ ਗਿਆ ਪਾਪਾ! ਫਿਰ…ਨਾਲੇ…ਨਾਲੇ ਹੋਰਾਂ ਦੇ ਵੀ ਦਾਦਾ ਜੀ ਉੱਥੇ ਈ ਨੇ…!’ ਨੌਂ ਸਾਲਾਂ ਦੀ ਨਿਮਰਤ ਜਿਵੇਂ ਤਰਲਾ ਜਿਹਾ ਪਾ ਕੇ ਪਾਪਾ ਨੂੰ ਸਥਿਤੀ ਸਮਝਾ ਰਹੀ ਸੀ। ਉਹਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ।

”ਪਰ ਪੁੱਤ ਉੱਥੇ ਤਾਂ ਪੂਰੇ ਦੇਸ਼ ਦੇ ਕਿਸਾਨ ‘ਕੱਠੇ ਨੇ… ਕੁਝ ਨਹੀਂ ਹੁੰਦਾ। ਸਾਰੇ ਆਪਣਾ ਬਚਾਓ ਕਰਨਾ ਜਾਣਦੇ ਨੇ। ਤੂੰ ਚਿੰਤਾ ਨਾ ਕਰ ਪੁੱਤਰ…ਤੂੰ ਪੜ੍ਹਾਈ ਵਿਚ ਧਿਆਨ ਦੇ।”

ਥੋੜ੍ਹੀ ਦੇਰ ਚੁੱਪ ਰਹਿਣ ਬਾਅਦ ਨਿਮਰਤ ਫਿਰ ਪਾਪਾ ਦੁਆਲੇ ਹੋ ਗਈ।

”ਪਾਪਾ! ਪਾਪਾ! ਸੁਣੋ ਮੇਰੀ ਗੱਲ…ਮੰਮੀ ਤੋਂ ਦੂਰ ਕਮਰੇ ਵਿਚ ਜਾਂਦੇ ਹੋਏ…ਕਿਤੇ ਮੰਮੀ ਨਾ ਸੁਣ ਲਵੇ, ਆਜੋ ਆਜੋ ਮੇਰੇ ਪਿੱਛੇ।”

”ਹਾਂ, ਹਾਂ! ਹੁਣ ਦੱਸ ਵੀ ਦਾਦੀ ਮਾਂ!”

”ਤੁਹਾਨੂੰ ਸਕੂਲੋਂ ਛੁੱਟੀ ਨਹੀਂ ਮਿਲ ਸਕਦੀ?”

”ਮਿਲ ਸਕਦੀ ਹੈ ਪੁੱਤਰ…ਪਰ ਕਿਉਂ…?”

”ਇਸ ਲਈ ਕਿ ਧਰਨੇ ‘ਤੇ ਤਾਂ ਤੁਹਾਡੇ ਵਰਗਿਆਂ ਨੂੰ ਜਾਣਾ ਚਾਹੀਦੈ… ਬੁੱਢੇ ਦਾਦਿਆਂ ਨੂੰ ਥੋੜ੍ਹੀ ਪਾਪਾ! ਤੁਸੀਂ ਲਵੋ ਨਾ ਛੁੱਟੀ ਪਾਪਾ! ਮੈਂ ਮੰਮੀ ਦਾ ਖਿਆਲ ਰੱਖ ਲਵਾਂਗੀ…ਤੁਸੀਂ ਫਿਕਰ ਨਾ ਕਰੋ!” ਬੜੀ ਤਸੱਲੀ ਦਿੰਦਿਆਂ ਉਸ ਆਖਿਆ।

”ਅੱਛਾ ਜੀ! ਮੇਰੀ ਧੀ ਹੁਣ ਇੰਨੀ ਵੱਡੀ ਹੋ ਗਈ! ਅਕਲ ਦੀਆਂ ਪੰਡਾਂ ਬੰਨ੍ਹੀ ਫਿਰਦੀ ਹੈ। ਮੈਨੂੰ ਤਾਂ ਪਤਾ ਹੀ ਨਹੀਂ ਸੀ। ਸੋਚਦੈਂ ਪੁੱਤਰ…!”

ਰਾਤ ਜਿਵੇਂ ਕਿਵੇਂ ਬੀਤ ਗਈ। ਬਲਕਾਰ ਸਿੰਘ ਜੋ ਬੋਝ ਦੀ ਪੰਡ ਕਈ ਦਿਨਾਂ ਤੋਂ ਚੁੱਕੀ ਫਿਰਦਾ ਸੀ, ਉਹ ਲਾਡਲੀ ਧੀ ਦੀ ਪ੍ਰੇਰਨਾ ਨੇ ਹਲਕੀ ਕਰ ਦਿੱਤੀ ਸੀ। ਉਹ ਹੁਣ ਹੌਲਾ ਫੁੱਲ ਮਹਿਸੂਸ ਕਰ ਰਿਹਾ ਸੀ। ਸਵੇਰੇ ਉੱਠਦੇ ਸਾਰ ਹੀ ਉਸ ਨੇ ਆਪਣੇ ਨਾਲ ਵਾਲੇ ਅਧਿਆਪਕ ਸਾਥੀ ਨੂੰ ਫੋਨ ਕੀਤਾ, ਸਕੂਲੋਂ ਛੁੱਟੀ ਲਈ ਤੇ ਆਪਣੇ ਬੈਗ ਵਿਚ ਕੱਪੜੇ ਪਾਉਣ ਲੱਗਾ।

ਬਿਟਰ-ਬਿਟਰ ਵੇਖਦਿਆਂ,”ਭਲਾਂ ਆਹ ਕਿੱਥੇ ਦੀ ਤਿਆਰੀ ਹੋ ਰਹੀ ਆ?” ਉਸ ਦੀ ਪਤਨੀ ਸੁਰਜੀਤ ਕੌਰ ਨੇ ਹੈਰਾਨ ਹੁੰਦਿਆਂ ਪੁੱਛਿਆ।

”ਬਸ ਕਿਤੇ ਨਈ, ਇਕ ਵਾਰ ਬਾਪੂ ਨੂੰ ਵੇਖ ਆਵਾਂ। ਆ ਜੂ ਮੈਂ ਕੱਲ੍ਹ ਨੂੰ! ਐਵੇਂ ਨਾ ਦਿਲ ਥੋੜ੍ਹਾ ਕਰ ਲਿਆ ਕਰ। ਵੇਖਿਆ ਕਿਵੇਂ ਪੂਰਾ ਦੇਸ਼ ਉਤਰ ਆਇਐ ਸੜਕਾਂ ‘ਤੇ…!”

ਆਪਣੇ ਕਮਰੇ ‘ਚੋਂ ਦੌੜੀ ਆਉਂਦੀ ਨਿਮਰਤ ਨੇ ਘੁੱਟ ਕੇ ਗਲਵੱਕੜੀ ਪਾਉਂਦੇ ਆਖਿਆ, ”ਹੁਣ ਲਿਆ ਏ ਨਾ ਪਾਪਾ! ਤੁਸੀਂ ਸਹੀ ਫ਼ੈਸਲਾ…!”

ਸੁਰਜੀਤ ਹੈਰਾਨ ਹੋ ਨਿਮਰਤ ਤੇ ਬਲਕਾਰ ਸਿੰਘ ਦੇ ਚਿਹਰਿਆਂ ਨੂੰ ਪੜ੍ਹਨ ਲੱਗੀ…।

LEAVE A REPLY

Please enter your comment!
Please enter your name here