ਆਤਿਸ਼ ਗੁਪਤਾ

ਚੰਡੀਗੜ੍ਹ, 21 ਜੁਲਾਈ

ਕੇਂਦਰੀ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਵਿੱਚ ਕਾਂਗਰਸ ਵੱਲੋਂ ਚੁੱਕੇ ਗਏ ਪੈਗਾਸਸ ਫੋਨ ਟੈਪਿੰਗ ਮੁੱਦੇ ’ਤੇ ਹਰਿਆਣਾ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਆ ਗਈਆਂ ਹਨ। ਦੋਵਾਂ ਵੱਲੋਂ ਇੱਕ ਦੂਜੇ ਖ਼ਿਲਾਫ਼ ਦੋਸ਼ ਲਾਏ ਜਾ ਰਹੇ ਹਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਦਾ ਚਰਿੱਤਰ ਹੀ ਅਜਿਹਾ ਹੈ ਕਿ ਜਦੋਂ ਦੇਸ਼ ਵਿੱਚ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਉਹ ਅਜਿਹੇ ਦੋਸ਼ ਲਗਾ ਕੇ ਦੇਸ਼ ਦੇ ਲੋਕਤੰਤਰ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਨ ਲੱਗ ਪੈਂਦੀ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਖੱਟਰ ਨੇ ਕਿਹਾ, ‘ਸਾਡੀ ਪਾਰਟੀ ਦਾ ਜਾਸੂਸੀ ਜਾਂ ਫੋਨ ਟੈਪਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਜਾਸੂਸੀ ਦੀ ਸਾਜ਼ਿਸ਼ ਕਰਨ ਅਤੇ ਸਰਕਾਰ ਡੇਗਣ ਦੀ ਆਦਤ ਕਾਂਗਰਸ ਦੀ ਹੈ।’

ਮੁੱਖ ਮੰਤਰੀ ਨੇ ਐਮਨੈਸਟੀ ਇੰਟਰਨੈਸ਼ਨ ਦਾ ਸਮਰਥਨ ਕਰਨ ਲਈ ਕਾਂਗਰਸ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਏਜੰਸੀ ਹੈ, ਜਿਸ ਨੇ ਪਹਿਲੀ ਵਾਰ ਪੈਗਾਸਸ ਨਾਮਕ ਇਜ਼ਰਾਇਲੀ ਸਪਾਈਵੇਅਰ ਦੀ ਮਦਦ ਨਾਲ ਭਾਰਤ ਵਿੱਚ ਮੰਤਰੀਆਂ ਅਤੇ ਪੱਤਰਕਾਰਾਂ ਦੇ ਨਿੱਜੀ ਡਾਟਾ ਦੀ ਜਾਸੂਸੀ ਦੇ ਬਾਰੇ ਵਿੱਚ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।

ਇਸੇ ਦੌਰਾਨ ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਫੋਨ ਟੈਪਿੰਗ ਮਾਮਲੇ ਵਿੱਚ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੈਗਾਸਸ ਰਾਹੀ ਹੋਈ ਜਾਸੂਸੀ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਕਾਂਗਰਸ ਇਸ ਮੁੱਦੇ ਨੂੰ ਲੈ ਕੇ 22 ਜੁਲਾਈ ਨੂੰ ਰੋਸ ਮਾਰਚ ਕਰੇਗੀ।

LEAVE A REPLY

Please enter your comment!
Please enter your name here