ਫ਼ਰੀਦਕੋਟ (ਜਸਵੰਤ ਜੱਸ): ਬਰਗਾੜੀ ਬੇਅਦਬੀ ਕਾਂਡ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਵਿਵਾਦਤ ਪੋਸਟਰ ਦੇ ਨਿਰੀਖਣ ਕਰਵਾਉਣ ਸਬੰਧੀ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਰੱਦ ਕਰ ਦਿੱਤੀ ਹੈ। ਫ਼ਰੀਦਕੋਟ ਦੀ ਅਦਾਲਤ ਨੇ ਪਹਿਲੀ ਜੂਨ ਨੂੰ ਹੁਕਮ ਦਿੱਤੇ ਸਨ ਕਿ ਜਾਂਚ ਟੀਮ ਵਿਵਾਦਤ ਪੋਸਟਰ ਦੀ ਹੱਥ ਲਿਖਤ ਦਾ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਦੀ ਹੱਥ ਲਿਖਤ ਨਾਲ ਮਿਲਾਨ ਕਰ ਸਕਦੀ ਹੈ, ਜਦਕਿ ਡੇਰਾ ਪ੍ਰੇਮੀ ਇਸ ਦਾ ਵਿਰੋਧ ਕਰ ਰਹੇ ਸਨ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਹਰਨਰੇਸ਼ ਗਿੱਲ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੂੰ ਨਿਰਪੱਖ ਪੜਤਾਲ ਕਰਨ ਦਾ ਅਧਿਕਾਰ ਹੈ ਅਤੇ ਉਹ ਵਿਵਾਦਤ ਪੋਸਟਰ ਦੀ ਲਿਖਾਈ ਦਾ ਮਿਲਾਨ ਕਰਵਾਉਣ ਦੀ ਹੱਕਦਾਰ ਹੈ। ਦੱਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਣ ਮਗਰੋਂ ਸਤੰਬਰ, 2015 ਵਿੱਚ ਬਰਗਾੜੀ ਪਿੰਡ ਵਿੱਚ ਇਤਰਾਜ਼ਯੋਗ ਪੋਸਟਰ ਲਾਏ ਗਏ ਸਨ। ਜਾਂਚ ਟੀਮ ਦਾਅਵਾ ਕਰ ਰਹੀ ਹੈ ਕਿ ਇਹ ਪੋਸਟਰ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਉਰਫ ਸਨੀ ਵੱਲੋਂ ਲਿਖੇ ਗਏ ਸਨ। ਇਸੇ ਦੌਰਾਨ ਪਤਾ ਲੱਗਾ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਵਿਵਾਦਤ ਪੋਸਟਰ ਫੋਰੈਂਸਿਕ ਲੈਬ ਕੋਲ ਪੜਤਾਲ ਲਈ ਭੇਜ ਦਿੱਤਾ ਹੈ ਤੇ ਇਸ ਦੀ ਸਿੱਟਾ ਰਿਪੋਰਟ ਜਲਦੀ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਸਨੀ ਅਤੇ ਸ਼ਕਤੀ ਸਿੰਘ ਨੇ ਫ਼ਰੀਦਕੋਟ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਚੱਲਦੇ ਮੁਕੱਦਮੇ ਤੱਕ ਜ਼ਮਾਨਤ ਦੀ ਮੰਗ ਕੀਤੀ ਹੈ।

ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਵਿੱਚ ਖਿਲਾਰਨ ਦੇ ਦੋਸ਼ਾਂ ਹੇਠ ਜੇਲ੍ਹ ’ਚ ਨਜ਼ਰਬੰਦ ਡੇਰਾ ਪ੍ਰੇਮੀਆਂ ਦੀ ਜ਼ਮਾਨਤ ਅਰਜ਼ੀ ਦਾ ਫ਼ੈਸਲਾ ਮੰਗਲਵਾਰ ਨੂੰ ਹੋਣ ਦੀ ਸੰਭਾਵਨਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੂੰ ਸਾਰਾ ਰਿਕਾਰਡ ਭਲਕੇ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here