26.2 C
Miami
Monday, October 18, 2021
HomeLanguageਪੰਜਾਬੀਬਿਜਲੀ ਕੱਟ: ਕਿਸਾਨ ਜਥੇਬੰਦੀਆਂ ਨੇ ਪਾਵਰਕੌਮ ਦਫ਼ਤਰ ਘੇਰੇ

ਬਿਜਲੀ ਕੱਟ: ਕਿਸਾਨ ਜਥੇਬੰਦੀਆਂ ਨੇ ਪਾਵਰਕੌਮ ਦਫ਼ਤਰ ਘੇਰੇ

ਆਤਿਸ਼ ਗੁਪਤਾ

ਚੰਡੀਗੜ੍ਹ, 11 ਅਕਤੂਬਰ

ਕੋਲੇ ਦੀ ਘਾਟ ਨੂੰ ਲੈ ਕੇ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਭਰ ’ਚ ਬਿਜਲੀ ਵਿਭਾਗ ਦੇ ਦਫ਼ਤਰਾਂ ਦਾ ਘਿਰਾਓ ਕੀਤਾ। ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਬਿਜਲੀ ਕੱਟਾਂ ਲਈ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਸੂਬੇ ਦੇ ਖੇਤੀ ਖੇਤਰ ਲਈ 10 ਘੰਟੇ ਬਿਜਲੀ ਸਪਲਾਈ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਘਾਟ ਨੂੰ ਪੂਰਾ ਕਰਕੇ ਕੱਟ ਲਾਉਣੇ ਬੰਦ ਨਾ ਕੀਤੇ ਤਾਂ ਭਵਿੱਖ ’ਚ ਬਿਜਲੀ ਵਿਭਾਗ ਦੇ ਦਫ਼ਤਰਾਂ ਮੂਹਰੇ ਵੱਡੇ ਧਰਨੇ ਦਿੱਤੇ ਜਾਣਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਸੂਬੇ ’ਚ ਝੋਨੇ ਦੀ ਫ਼ਸਲ ਪੱਕਣ ਨੇੜੇ ਹੈ। ਅਜਿਹੇ ਸਮੇਂ ’ਚ ਬਿਜਲੀ ਕੱਟ ਲਗਾਉਣ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀਆਂ ਕਈ ਕਿਸਮਾਂ ਲੇਟ ਪੱਕਦੀਆਂ ਹਨ, ਜਿਸ ਨੂੰ ਆਖਰੀ ਸਮੇਂ ਪਾਣੀ ਦੀ ਬਹੁਤ ਲੋੜ ਹੈ। ਸੂਬੇ ’ਚ ਲੱਗ ਰਹੇ ਬਿਜਲੀ ਕੱਟਾਂ ਕਾਰਨ ਝੋਨੇ ਦੀ ਫ਼ਸਲ ਨੂੰ ਆਖਰੀ ਸਮੇਂ ਦਿੱਤੇ ਜਾਣ ਵਾਲੇ ਪਾਣੀ ’ਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ’ਚ ਚਾਰ ਦਰਜਨ ਤੋਂ ਵੱਧ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ। ਆਗੂਆਂ ਨੇ ਸੂਬੇ ’ਚ ਖੇਤੀ ਖੇਤਰ ਲਈ ਰੋਜ਼ਾਨਾ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਅਤੇ ਕਟਾਈ ਸਮੇਂ ਬਿਜਲੀ ਸਪਲਾਈ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਬਣਦੀ ਹੈ। ਉਧਰ ਪਟਿਆਲਾ ’ਚ ਪਾਵਰਕੌਮ ਦੇ ਅਧਿਕਾਰੀ ਨੇ ਕਿਸਾਨ ਜਥੇਬੰਦੀਆਂ ਨੂੰ ਰੋਜ਼ਾਨਾ ਖੇਤੀ ਖੇਤਰ ਲਈ 6 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਕਿਸਾਨ ਜਥੇਬੰਦੀਆਂ ਨੇ ਧਰਨਾ ਖ਼ਤਮ ਕੀਤਾ। 

RELATED ARTICLES

Leave a Reply

- Advertisment -

You May Like

%d bloggers like this: