ਪਟਨਾ, 10 ਜੂਨ

>ਬਿਹਾਰ ਵਿੱਚ ਅਚਾਨਕ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਧਣ ਦੇ ਮਾਮਲੇ ਵਿੱਚ ਆਲੋਚਨਾ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਿਹਤ ਮੰਤਰੀ ਮੰਗਲ ਪਾਂਡੇ ਨੇ ਵੀਰਵਾਰ ਨੂੰ ਕਿਹਾ ਕਿ ਪਿੰਡ ਅਤੇ ਜ਼ਿਲ੍ਹਾ ਪੱਧਰ ’ਤੇ ਮੌਤਾਂ ਬਾਰੇ ਜਾਣਕਾਰੀ ਮਿਲਣ ਵਿੱਚ ਦੇਰੀ, ਬਿਹਾਰ ਵਿੱਚ ਗਿਣਤੀ ਵਧਣ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ, ‘‘ਸਰਕਾਰ ਨੂੰ ਵੱਖ ਵੱਖ ਵਸੀਲਿਆਂ ਤੋਂ ਪਤਾ ਚਲਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਹੋ ਸਕਦੀ ਹੈ, ਜਿਸ ਮਗਰੋਂ ਇਸ ’ਤੇ ਕੰਮ ਸ਼ੁਰੂ ਕੀਤਾ ਗਿਆ। ਸਾਨੂੰ ਬਿਹਾਰ ਵਿੱਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਅਸਲ ਗਿਣਤੀ ਬਾਰੇ ਮੀਡੀਆ ਰਿਪੋਰਟਾਂ ਸਮੇਤ ਹੋਰਨਾਂ ਸਰੋਤਾਂ ਤੋਂ ਪਤਾ ਚਲਿਆ, ਜਿਸ ਮਗਰੋਂ ਅਸੀਂ ਜ਼ਿਲ੍ਹਾ ਮੈਜਿਸਟਰੇਟ ਅਤੇ ਹਰ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਪਿੰਡ ਪਧਰ ’ਤੇ ਮੌਤਾਂ ਦੀ ਅਸਲ ਗਿਣਤੀ ਦਾ ਪਤਾ ਲਾਉਣ ਦੀ ਹਦਾਇਤ ਕੀਤੀ। ’’ ਸ੍ਰੀ ਪਾਂਡੇ ਨੇ ਦੱਸਿਆ ਕਿ ਕਿਉਂ ਬਿਹਾਰ ਵਿੱਚ ਅਚਾਨਕ ਮੌਤਾਂ ਦੀ ਗਿਣਤੀ ਵਧੀ। ਉਨ੍ਹਾਂ ਕਿਹਾ ਕਿ ਬੀਤੇ 15 ਦਿਨਾਂ ਵਿੱਚ ਹੋਈਆਂ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਜਿਵੇਂ ਹੀ ਸਾਨੂੰ ਬੁੱਧਵਾਰ ਨੂੰ ਮੌਤਾਂ ਦੀ ਅਸਲ ਗਿਣਤੀ ਦਾ ਪਤਾ ਚਲਿਆ, ਅਸੀਂ ਉਸ ਨੂੰ ਜਨਤਕ ਕਰ ਦਿੱਤਾ। ’’ ਬਿਹਾਰ ਦੇ ਸਿਹਤ ਵਿਭਾਗ ਨੇ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 9429 ਦੱਸੀ ਹੈ, ਜੋ ਮੰਗਲਵਾਰ ਨੂੰ ਦੱਸੀ ਗਿਣਤੀ ਤੋਂ 3951 ਵਧ ਹੈ। ਮੰਗਲਵਾਰ ਤਕ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਕੁਲ ਗਿਣਤੀ 5458 ਸੀ। ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਹਰ ਵਰਗ ਦੇ ਲੋਕਾਂ ਨੂੰ ਸੁਣਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।’’ ਇਸ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਮੈਂਬਰ ਮਨੋਜ ਝਾਅ ਨੇ ਦੋਸ਼ ਲਾਇਆ ਸੀ ਕਿ ਸੂਬਾ ਸਰਕਾਰ ਬਿਹਾਰ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਨੂੰ ਛਿਪਾ ਰਹੀ ਹੈ। -ਏਜੰਸੀ 

LEAVE A REPLY

Please enter your comment!
Please enter your name here