ਖੇਤਰੀ ਪ੍ਰਤੀਨਿਧ

ਲੁਧਿਆਣਾ, 6 ਮਈ

ਪਿੰਡਾਂ ਵਿੱਚ ਪੁਸਤਕ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਵਜੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਪਬਲਿਕ ਲਾਇਬ੍ਰੇਰੀ ਨਾਰੰਗਵਾਲ ਵਿੱਚ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦਾ ਆਗਾਜ਼ ਕਰਮਜੀਤ ਗਰੇਵਾਲ ਨੇ ‘ਪੈਂਡੇ ਉਮਰਾਂ ਦੇ’ ਗੀਤ ਗਾ ਕੇ ਕੀਤੀ। ਉੱਘੇ ਸ਼ਾਇਰ ਦੇਵਿੰਦਰ ਸੈਫ਼ੀ ਨੇ ਕਾਵਿ ਰਚਨਾ ‘ਨਨਕਾਣੇ ਤੋਂ ਚਾਂਦਨੀ ਚੌਕ’ ਤੱਕ ਨਾਲ, ਡਾ. ਹਰੀ ਸਿੰਘ ਜਾਚਕ ਨੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਸਮੁੱਚੇ ਜੀਵਨ ਨੂੰ ਬਿਆਨਦੀ ਕਵਿਤਾ ਨਾਲ ਮਹਿਫਲ ਨੂੰ ਚਾਰ ਚੰਨ ਲਾਏ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਦਾ ਸੁਨੇਹਾ ਦਿੱਤਾ। ਇਸ ਉਪਰੰਤ ਨਾਰੰਗਵਾਲ ਦੀ ਧਰਤੀ ਦੇ ਇੱਕ ਸਾਧਾਰਣ ਪਰਿਵਾਰ ਵਿੱਚ ਜੰਮੇ ਪਲੇ ਡਾ. ਸਰਬਜੀਤ ਸਿੰਘ ਦਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਬਨਣ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਡਾ. ਸਾਹਿਬ ਨੇ ਧੰਨਵਾਦ ਕਰਦਿਆਂ ਲਾਇਬ੍ਰੇਰੀ ਨੂੰ ਅਕਾਡਮੀ ਵੱਲੋਂ 5100 ਰੁਪਏ ਦੀ ਰਾਸ਼ੀ ਦਿਤੀ। ਪ੍ਰੋਗਰਾਮ ਦੇ ਸਿਖਰ ’ਤੇ ਡਾ. ਸੋਮਪਾਲ ਹੀਰਾ ਵਲੋਂ ਇੱਕ ਪਾਤਰੀ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਖੇਡਿਆ ਗਿਆ। ਇਸ ਮੌਕੇ ਕੁਲਵੰਤ ਸਿੰਘ ਧਮੋਟ ਕਲਾਂ , ਪ੍ਰਿੰਸੀਪਲ ਕਮਲਜੀਤ ਸਿੰਘ ਅਤੇ ਗੁਰਦੀਪ ਗੋਸਲ ਹਾਜ਼ਰ ਸਨ।

LEAVE A REPLY

Please enter your comment!
Please enter your name here