ਵ੍ਹਾਈਟ ਹਾਊਸ ਨੇ ਪਿਛਲੇ ਹਫ਼ਤੇ ਇਕ ਉਚੇਚੇ ਬਿਆਨ ’ਚ ਭਰੋਸਾ ਦਿਵਾਇਆ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਭਾਰਤੀਆਂ ਉਤੇ ਹਮਲਿਆਂ ਨੂੰ ਰੋਕਣ ਲਈ ‘ਬਹੁਤ ਸਖ਼ਤੀ’ ਨਾਲ ਕੰਮ ਕਰ ਰਿਹਾ ਹੈ। ਰਾਸ਼ਟਰਪਤੀ ਬਾਇਡਨ ਦਾ ਇਹ ਬਿਆਨ ਅਮਰੀਕਾ ’ਚ ਤੇਜ਼ੀ ਨਾਲ ਵਧ ਰਹੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀਆਂ ਗੈਰ-ਕੁਦਰਤੀ ਮੌਤਾਂ ਹੋਣ ਤੋਂ ਬਾਅਦ ਆਇਆ ਹੈ। ਵ੍ਹਾਈਟ ਹਾਊਸ ਦੇ ਤਰਜਮਾਨ ਨੇ ਕਿਹਾ, “ਹਿੰਸਾ ਲਈ ਕੋਈ ਬਹਾਨਾ ਨਹੀਂ ਬਣਾਇਆ ਜਾ ਸਕਦਾ, ਨਸਲ ਜਾਂ ਲਿੰਗ ਜਾਂ ਧਰਮ ਦੇ ਆਧਾਰ ਉਤੇ ਤਾਂ ਹਿੰਸਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।” ਗਾਜ਼ਾ ’ਤੇ ਇਜ਼ਰਾਈਲ ਦੇ ਲਗਾਤਾਰ ਹੱਲਿਆਂ ਨੂੰ ਨਜ਼ਰਅੰਦਾਜ਼ ਕਰਨ ਕਰ ਕੇ ਆਲਮੀ ਪੱਧਰ ’ਤੇ ਨੈਤਿਕ ਪੱਖੋਂ ਡਿੱਗ ਚੁੱਕੇ ਅਮਰੀਕਾ ਨੂੰ ਘੱਟੋ-ਘੱਟ ਘਰ ਵਿਚ ਤਾਂ ਉਦਾਰਵਾਦ ਅਤੇ ਭਿੰਨਤਾ ਨੂੰ ਹੁਲਾਰਾ ਦੇਣ ਦੇ ਆਪਣੇ ਦਾਅਵਿਆਂ ਨੂੰ ਬਚਾਉਣਾ ਚਾਹੀਦਾ ਹੈ।
ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ਪੁੱਜ ਰਹੇ ਭਾਰਤੀਆਂ ਦੀ ਗਿਣਤੀ ਗੈਰ-ਸਾਧਾਰਨ ਦਰ ਨਾਲ ਵਧੀ ਹੈ। ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੇ ਦਾਖ਼ਲਿਆਂ ਦੀ ਦਰ ਅਕਾਦਮਿਕ ਵਰ੍ਹੇ 2022-23 ਵਿਚ 35 ਪ੍ਰਤੀਸ਼ਤ ਵਧੀ ਹੈ ਤੇ ਅਗਲੇ ਸਾਲ ਤੱਕ ਇਹ ਗਿਣਤੀ ਇਸ ਮਾਮਲੇ ਵਿਚ ਚੀਨੀਆਂ ਨੂੰ ਪਿੱਛੇ ਛੱਡ ਦੇਵੇਗੀ। ਪ੍ਰਤੀਸ਼ਤ ਦੇ ਪੱਖ ਤੋਂ ਦੇਖਿਆ ਜਾਵੇ ਤਾਂ 2024 ਦੇ ਸ਼ੁਰੂ ਤੋਂ ਹੁਣ ਤੱਕ ਭਾਰਤੀ ਮੂਲ ਦੇ ਅੱਧੀ ਦਰਜਨ ਵਿਦਿਆਰਥੀਆਂ ਦੀਆਂ ਮੌਤਾਂ ਡਾਢੀ ਚਿੰਤਾ ਦਾ ਵਿਸ਼ਾ ਹਨ। ਸਪੱਸ਼ਟ ਤੌਰ ’ਤੇ ਨਸਲਵਾਦ ਜਾਂ ਮਿੱਥ ਕੇ ਨਿਸ਼ਾਨਾ ਬਣਾਉਣ ਦੀ ਸ਼ਨਾਖਤ ਸਿਰਫ਼ ਇਕ ਮਾਮਲੇ ਵਿਚ ਹੀ ਹੋਈ ਹੈ ਜਿੱਥੇ ਪੀੜਤ ਦੀ ਜਾਨ ਬਚ ਗਈ। ਅਜਿਹਾ ਸਮਾਜ ਜਿੱਥੇ ਬੰਦੂਕ ਸਭਿਆਚਾਰ ਐਨਾ ਭਾਰੂ ਹੋਵੇ ਤੇ ਦੇਸ਼ ਦੇ ਕਈ ਹਿੱਸਿਆਂ ਵਿਚ ਤਾਂ ਗੈਂਗਸਟਰ ਬਣਨ ਨੂੰ ‘ਪੇਸ਼ਾ’ ਹੀ ਸਮਝਿਆ ਜਾਂਦਾ ਹੋਵੇ, ਉੱਥੇ ਹਾਲ ਹੀ ਵਿਚ ਪਹੁੰਚੇ ਭਾਰਤੀ ਵਿਦਿਆਰਥੀਆਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ। ਉਂਝ, ਅਸਲੀਅਤ ਇਹ ਵੀ ਹੈ ਕਿ ਕੁਝ ਅਮਰੀਕੀਆਂ ਅੰਦਰ ਬਹੁਗਿਣਤੀ ਗੋਰਿਆਂ ਤੇ ਅਫਰੀਕੀ ਸਿਆਹਫਾਮ ਤੋਂ ਵੱਖਰੀ ਚਾਲ-ਢਾਲ ਵਾਲੇ ਲੋਕਾਂ ਵਿਰੁੱਧ ਵੀ ਅੰਦਰਖਾਤੇ ਕਿਤੇ ਨਾ ਕਿਤੇ ਗੁੱਸਾ ਭਰਿਆ ਹੋਇਆ ਹੈ।
ਪਿਛਲੇ ਸਾਲ ਸਿੱਖਾਂ ਖਿਲਾਫ਼ ਵਾਪਰੀਆਂ ਨਫਰਤੀ ਅਪਰਾਧ ਦੀਆਂ ਕਈ ਘਟਨਾਵਾਂ ਤੋਂ ਬਾਅਦ ਨਿਊ ਯਾਰਕ ਸ਼ਹਿਰ ਦੇ ਮੇਅਰ ਨੂੰ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਉਣਾ ਪਿਆ ਕਿ ‘ਦਸਤਾਰ ਦਾ ਮਤਲਬ ਅਤਿਵਾਦ ਨਹੀਂ ਹੈ।’ ਸਾਲ 2022 ਲਈ ਐੱਫਬੀਆਈ ਦੇ ਅੰਕੜੇ ਜ਼ਾਹਿਰ ਕਰਦੇ ਹਨ ਕਿ 2001 ਤੋਂ ਬਾਅਦ ਨਫਰਤੀ ਅਪਰਾਧ ਆਪਣੇ ਸਭ ਤੋਂ ਉੱਚੇ ਪੱਧਰ ਉਤੇ ਹਨ। ਵ੍ਹਾਈਟ ਹਾਊਸ ਨੇ ਭਾਰਤੀਆਂ ਨੂੰ ਇਹ ਭਰੋਸਾ ਗੁਰਪਤਵੰਤ ਸਿੰਘ ਪੰਨੂ ਮਾਮਲੇ ਤੋਂ ਪਾਸੇ ਜਾ ਕੇ ਦਿੱਤਾ ਹੈ ਕਿਉਂਕਿ ਇਸ ਨੂੰ ਪਤਾ ਹੈ ਕਿ ਅਮਰੀਕਾ ਦੇ ਅਰਥਚਾਰੇ ਅਤੇ ਰਾਜਨੀਤੀ ਵਿਚ ਭਾਰਤੀ ਆਵਾਸੀਆਂ ਦੀ ਹਿੱਸੇਦਾਰੀ ਉਨ੍ਹਾਂ ਬਾਕੀ ਸਾਰੇ ਨਸਲੀ ਸਮੂਹਾਂ ਨਾਲੋਂ ਵੱਧ ਹੈ ਜੋ ਪਰਵਾਸ ਕਰ ਕੇ ਅਮਰੀਕਾ ਆਏ ਹਨ। ਇਸ ਵਕਤ ਅਮਰੀਕਾ ਵਿਚ ਤਕਰੀਬਨ 44 ਲੱਖ ਭਾਰਤੀ-ਅਮਰੀਕੀ ਵੱਸਦੇ ਹਨ ਜੋ ਅਮਰੀਕਾ ਦੀ ਕੁੱਲ ਵਸੋਂ ਦਾ 1.34 ਫ਼ੀਸਦ ਹਿੱਸਾ ਬਣਦੇ ਹਨ। ਇਨ੍ਹਾਂ ਭਾਰਤੀ-ਅਮਰੀਕੀਆਂ ਦਾ ਅਮਰੀਕਾ ਦੇ ਅਰਥਚਾਰੇ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਵੱਡਾ ਯੋਗਦਾਨ ਹੈ। ਅਮਰੀਕੀ ਪ੍ਰਸ਼ਾਸਨ ਨੂੰ ਇਨ੍ਹਾਂ ਭਾਰਤੀ-ਅਮਰੀਕੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਤਰਜੀਹੀ ਆਧਾਰ ’ਤੇ ਨਜਿੱਠਣਾ ਚਾਹੀਦਾ ਹੈ।
The post ਭਾਰਤੀਆਂ ’ਤੇ ਹਮਲੇ appeared first on Punjabi Tribune.