ਟੋਕੀਓ, 19 ਜੁਲਾਈ

ਖੇਡ ਮਹਾਕੁੰਭ ਲਈ ਜਾਪਾਨ ਦੀ ਰਾਜਧਾਨੀ ਟੋਕੀਓ ਪੁੱਜਾ ਭਾਰਤੀ ਖੇਡ ਦਲ ਓਲੰਪਿਕ ਖੇਡ ਪਿੰਡ ਵਿੱਚ ਮਿਲਦੀ ਖੁਰਾਕ ਤੇ ਹੋਰ ਸਹੂਲਤਾਂ ਤੋਂ ਭਾਵੇਂ ਪੂਰੀ ਤਰ੍ਹਾਂ ਸੰਤੁਸ਼ਟ ਹੈ, ਪਰ ਇਸ ਦੌਰਾਨ ਟੋਕੀਓ ਵਿੱਚ ਭਾਰਤੀ ਅੰਬੈਸੀ ਕੋਲ 100 ਤੋਂ ਵੱਧ ਬਿਜਲਈ ਕੈਟਲਾਂ ਦੀ ਡਿਮਾਂਡ ਪੁੱਜੀ ਹੈ। ਭਾਰਤੀ ਅਥਲੀਟਾਂ ਨੇ ਕੋਸੇ ਪਾਣੀ ਦੀ ਆਪਣੀ ਲੋੜ ਨੂੰ ਪੂਰਾ ਕਰਨ ਲਈ ਇਹ ਕੈਟਲਾਂ ਮੰਗੀਆਂ ਹਨ। ਖੇਡ ਪਿੰਡ ਵਿਚਲੇ ਕਮਰਿਆਂ ’ਚ ਕੈਟਲਾਂ ਮੌਜੂਦ ਨਹੀਂ ਹਨ। ਇਹੀ ਨਹੀਂ ਇਨ੍ਹਾਂ ਕਮਰਿਆਂ ਨੂੰ ਹਰ ਤੀਜੇ ਦਿਨ ਸਾਫ਼ ਕੀਤਾ ਜਾਵੇਗਾ ਤਾਂ ਕਿ ਖਿਡਾਰੀ ਘੱਟ ਤੋਂ ਘੱਟ ਰੱਖ-ਰਖਾਓ ਸਟਾਫ਼ ਦੇ ਸੰਪਰਕ ਵਿੱਚ ਆਉਣ। ਭਾਰਤੀ ਖੇਡ ਦਲ ਦਾ ਇਕ ਵੱਡਾ ਹਿੱਸਾ ਐਤਵਾਰ ਨੂੰ ਇਥੇ ਪੁੱਜ ਗਿਆ ਸੀ ਤੇ ਖਿਡਾਰੀ ਦੋ ਦਿਨ ਖੇਡ ਪਿੰਡ ਵਿੱਚ ਗੁਜ਼ਾਰ ਚੁੱਕੇ ਹਨ। ਭਾਰਤੀ ਮਿਸ਼ਨ ਦੇ ਉਪ ਅਧਿਕਾਰੀ ਪ੍ਰੇਮ ਵਰਮਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਥਲੀਟਾਂ ਦੇ ਕੈਟਲ ਮੁਹੱਈਆ ਕਰਵਾਉਣ ਦੀ ਗੁਜ਼ਾਰਿਸ਼ ਕੀਤੀ ਹੈ। ਉਨ੍ਹਾਂ ਨੂੰ ਸਵੇਰੇ ਵੇਲੇ ਪੀਣ ਲਈ ਕੋਸੇ ਪਾਣੀ ਦੀ ਲੋੜ ਹੈ। ਅਸੀਂ ਇਥੇ ਭਾਰਤੀ ਅੰਬੈਸੀ ਨੂੰ ਗੁਜ਼ਾਰਿਸ਼ ਕੀਤੀ ਹੈ ਤੇ ਜਲਦੀ ਹੀ ਇਨ੍ਹਾਂ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ।’’ ਭਾਰਤੀ ਪੈਡਲਰ ਜੀ.ਸਾਥੀਆਨ ਨੇ ਕਿਹਾ ਕਿ ਉਸ ਨੂੰ ਅਜੇ ਤੱਕ ਖੇਡ ਪਿੰਡ ’ਚ ਮਿਲਦੀ ਖੁਰਾਕ ਤੇ ਸਿਖਲਾਈ ਪ੍ਰਬੰਧਾਂ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਸ ਦੌਰਾਨ ਇਕ ਟੀਮ ਅਧਿਕਾਰੀ ਨੇ ਕਿਹਾ, ‘‘ਮੈੈਂ ਅਥਲੀਟਾਂ ਨੂੰ ਸਲਾਹ ਦੇਵਾਂਗਾ ਕਿ ਉਹ ਕੌਂਟੀਨੈਂਟਲ ਜਾਂ ਫਿਰ ਜਾਪਾਨੀ ਫੂਡ ਖਾਣ। ਭਾਰਤੀ ਖਾਣੇ ਔਸਤ ਹਨ ਤੇ ਕਈ ਵਾਰ ਠੀਕ ਤਰੀਕੇ ਨਾਲ ਪੱਕੇ ਵੀ ਨਹੀਂ ਹੁੰਦੇ।’’ -ਪੀਟੀਆਈ

LEAVE A REPLY

Please enter your comment!
Please enter your name here