ਨਵੀਂ ਦਿੱਲੀ, 19 ਜੁਲਾਈ

ਮੁੱਖ ਅੰਸ਼

  • ਆਜ਼ਾਦੀ ਤੋਂ ਬਾਅਦ ਭਾਰਤ ’ਚ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਕਰਾਰ

ਇੱਕ ਨਵੀਂ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਕਰੋਨਾ ਲਾਗ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਅਧਿਕਾਰਤ ਅੰਕੜਿਆਂ ਤੋਂ ਕਈ ਗੁਣਾ ਵੱਧ ਹੋ ਸਕਦਾ ਹੈ। ਰਿਪੋਰਟ ਮੁਤਾਬਕ ਕਰੋਨਾ ਮਹਾਮਾਰੀ ਦੌਰਾਨ ਭਾਰਤ ’ਚ 34 ਲੱਖ ਤੋਂ 49 ਲੱਖ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਮੰਗਲਵਾਰ ਨੂੰ ਜਾਰੀ ਇਹ ਰਿਪੋਰਟ ਭਾਰਤ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ, ਅਮਰੀਕਾ ਅਧਾਰਿਤ ਥਿੰਕ ਟੈਂਕ ਸੈਂਟਰ ਫਾਰ ਗਲੋਬਲ ਡਿਵੈੱਲਪਮੈਂਟ ਦੇ ਜਸਟਿਨ ਸੈਂਡੇਫਰ ਅਤੇ ਹਾਵਰਡ ਯੂਨੀਵਰਸਿਟੀ ਦੇ ਅਭਿਸ਼ੇਕ ਆਨੰਦ ਵੱਲੋਂ ਤਿਆਰ ਕੀਤੀ ਗਈ ਹੈ। ਰਿਪੋਰਟ ਦੇ ਲੇਖਕਾਂ ਨੇ ਕਿਹਾ, ‘ਸਾਰੇ ਅੰਦਾਜ਼ੇ ਦੱਸਦੇ ਹਨ ਕਿ ਮੌਤਾਂ ਦੀ ਗਿਣਤੀ ਅਧਿਕਾਰਤ ਅੰਕੜੇ 4,00,000, ਤੋਂ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ।’ ਉਨ੍ਹਾਂ ਰਿਪੋਰਟ ਵਿੱਚ ਕਿਹਾ, ‘ਮੌਤਾਂ ਦੀ ਗਿਣਤੀ ਸੈਂਕੜੇ ਜਾਂ ਹਜ਼ਾਰਾਂ ’ਚ ਨਹੀਂ ਬਲਕਿ ਲੱਖਾਂ ਵਿੱਚ ਹੋਣ ਦਾ ਅੰਦਾਜ਼ਾ ਹੈ। ਇਹ ਵੰਡ ਜਾਂ ਆਜ਼ਾਦੀ ਤੋਂ ਬਾਅਦ ਭਾਰਤ ’ਚ ਸਭ ਤੋਂ ਵੱਡੀ ਮਨੁੱਖੀ ਤ੍ਰਾਸਦੀ ਹੈ।’ ਉਨ੍ਹਾਂ ਦਾ ਅਨੁਮਾਨ ਹੈ ਕਿ ਜਨਵਰੀ 2020 ਤੋਂ ਜੂਨ 2021 ਦਰਮਿਆਨ 34 ਤੋਂ 49 ਲੱਖ ਲੋਕਾਂ ਦੀ ਮੌਤ ਹੋਈ ਹੈ। ਭਾਰਤ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਬੁੱਧਵਾਰ 21 ਜੁਲਾਈ ਤੱਕ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 4,18,480 ਸੀ। ਰਿਪੋਰਟ ਮੁਤਾਬਕ ਭਾਰਤ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਬੰਧੀ ਅਧਿਕਾਰਤ ਅਨੁਮਾਨ ਨਹੀਂ ਹੈ ਅਤੇ ਇਸ ਦੇ ਮੱਦੇਨਜ਼ਰ ਰਿਪੋਰਟ ਲੇਖਕਾਂ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਇਸ ਸਾਲ ਜੂਨ ਮਹੀਨੇ ਤੱਕ ਤਿੰਨ ਵੱਖ-ਵੱਖ ਸਰੋਤਾਂ ਤੋਂ ਮੌਤਾਂ ਦਾ ਅੰਦਾਜ਼ਾ ਲਾਇਆ ਹੈ। ਪਹਿਲਾ ਅੰਦਾਜ਼ਾ ਸੱਤ ਸੂਬਿਆਂ ਦੀ ਮੌਤਾਂ ਦੀ ਸੂਬਾ ਪੱਧਰੀ ਰਜਿਸਟ੍ਰੇਸ਼ਨ ਤੋਂ ਲਾਇਆ ਗਿਆ, ਜਿਸ ਤੋਂ 34 ਲੱਖ ਤੋਂ ਵੱਧ ਮੌਤਾਂ ਦਾ ਪਤਾ ਲੱਗਦਾ ਹੈ। ਦੂਜਾ ਅਨੁਮਾਨ ਭਾਰਤੀ ਸੀਰੋ ਸਰਵੇ ਤਹਿਤ ਖਾਸ-ਉਮਰ ਅਧਾਰਿਤ ਲਾਗ ਮੌਤ ਦਰ (ਆਈਐੱਫਆਰ) ਦੇ ਕੌਮਾਂਤਰੀ ਅਨੁਮਾਨਾਂ ਮੁਤਾਬਕ ਲਾਇਆ ਗਿਆ, ਜਿਸ ’ਚ ਲੱਗਪਗ 40 ਲੱਖ ਮੌਤਾਂ ਦਾ ਪਤਾ ਲੱਗਦਾ ਹੈ। ਰਿਪੋਰਟ ਲੇਖਕਾਂ ਨੇ ਤੀਜਾ ਅਨੁਮਾਨ ਕੰਜ਼ਿਊਮਰ ਪਿਰਾਮਿਡ ਹਾਊਸਹੋਲਡ ਸਰਵੇ (ਸੀਪੀਐੱਚਐੱਸ), ਜੋ ਕਿ ਸਾਰੇ ਸੂਬਿਆਂ ’ਚ 8 ਲੱਖ ਤੋਂ ਵੱਧ ਲੋਕਾਂ ’ਤੇ ਕੀਤਾ ਗਿਆ, ਦੇ ਆਧਾਰ ’ਤੇ ਲਾਇਆ ਹੈ। ਇਸ ਵਿੱਚ ਲੱਗਪਗ 49 ਲੱਖ ਮੌਤਾਂ ਹੋਣ ਦਾ ਅੰਦਾਜ਼ਾ ਹੈ। ਲੇਖਕਾਂ ਨੇ ਕਿਹਾ ਕਿ ਉਹ ਕਿਸੇ ਵੀ ਇੱਕ ਅਨੁਮਾਨ ਦਾ ਪੱਖ ਨਹੀਂ ਲੈਂਦੇ ਕਿਉਂਕਿ ਸਾਰਿਆਂ ਵਿੱਚ ਹੀ ਕੁਝ ਗੁਣ ਤੇ ਕੁਝ ਊਣਤਾਈਆਂ ਹਨ। ਰਿਪੋਰਟ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਕਰੋਨਾ ਦੀ ਪਹਿਲੀ ਲਹਿਰ ਬਹੁਤ ਜ਼ਿਆਦਾ ਖ਼ਤਰਨਾਕ ਸੀ। ਇਸ ਸਾਲ ਮਾਰਚ ਦੇ ਅੰਤ ਤੱਕ, ਜਦੋਂ ਦੂਜੀ ਲਹਿਰ ਸ਼ੁਰੂ ਹੋਈ, ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਅੰਕੜੇ 1,50,000 ਤੋਂ ਕਿਤੇ ਵੱਧ ਸੀ। ਦੂਜੇ ਪਾਸੇ ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਦੇ ਭੌਤਿਕ ਅਤੇ ਜੀਵ ਵਿਗਿਆਨ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਗੌਤਮ ਮੈਨਨ ਨੇ ਕਿਹਾ ਕਿ ਜਦੋਂ ਤੱਕ ਅਧਿਕਾਰਤ ਅੰਕੜੇ ਸਚਾਈ ਪੇਸ਼ ਨਹੀਂ ਕਰਦੇ ਉਦੋਂ ਤੱਕ ਕਰੋਨਾ ਮਹਾਮਾਰੀ ਦੌਰਾਨ ਹੋਈਆਂ ਮੌਤਾਂ ਦਾ ਅੰਦਾਜ਼ਾ ਅਸਿੱਧੇ ਤਰੀਕਿਆਂ ਨਾਲ ਲਾਉਣ ਦੀ ਲੋੜ ਹੈ। -ਪੀਟੀਆਈ

LEAVE A REPLY

Please enter your comment!
Please enter your name here