ਖੇਤਰੀ ਪ੍ਰਤੀਨਿਧ

ਪਟਿਆਲਾ, 5 ਜੂਨ

ਕੈਪਟਨ-ਸਿੱਧੂ ਵਿਵਾਦ ਦੌਰਾਨ ਚੁੱਪ ਵੱਟਣ ਵਾਲੀ ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਵੀ ਹੁਣ ਆਪਣੀ ਹੀ ਸਰਕਾਰ ਖ਼ਿਲਾਫ਼ ਨਿੱਤਰ ਆਈ ਹੈ। ਵੈਂਟੀਲੇਟਰਾਂ ਦੀ ਘਾਟ ਨੂੰ ਗਲਤ ਨੀਤੀਆਂ ਦਾ ਸਿੱਟਾ ਦੱਸਦਿਆਂ ਉਨ੍ਹਾਂ ਵੈਕਸੀਨ ਵੇਚਣ ’ਤੇ ਵੀ ਸਵਾਲ ਉਠਾਏ ਅਤੇ ਸਥਾਨਕ ਸਰਕਾਰਾਂ ਵਿਭਾਗ ਵਿੱਚ ਭ੍ਰਿਸ਼ਟਾਚਾਰ ਹੋਣ ਦੀ ਗੱਲ ਵੀ ਆਖੀ।

ਵਾਤਾਵਰਨ ਦਿਵਸ ’ਤੇ ਨੇੜਲੇ ਪਿੰਡ ਨੈਣ ਖੁਰਦ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਦੌਰਾਨ ਅੱਜ ਪੱਤਰਕਾਰਾਂ ਨਾਲ  ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਵੈਂਟੀਲੇਟਰ ਖਰੀਦਣ ਮੌਕੇ ਡਾਕਟਰਾਂ ਤੋਂ ਸਲਾਹ ਲਈ  ਹੁੰਦੀ ਤਾਂ ਪਤਾ ਲੱਗ ਜਾਂਦਾ ਕਿ ਇਨ੍ਹਾਂ ਨੂੰ ਚਲਾਉਣ ਵਾਲੇ ਸਟਾਫ਼ ਦੀ ਵੀ ਘਾਟ ਹੈ। ਅਜਿਹੀ ਗਲਤ ਨੀਤੀ ਕਾਰਨ ਹੀ ਵੈਂਟੀਲੇਟਰ ਅਣਵਰਤੇ ਰਹੇ। ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦੀ ਨਿਖੇਧੀ ਕਰਦਿਆਂ, ਉਨ੍ਹਾਂ ਕਿਹਾ ਕਿ ਮੁਨਾਫ਼ਾ ਤਾਂ ਸ਼ਰਾਬ ਵਿੱਚੋਂ ਵੀ ਵਧੇਰੇ ਕਮਾਇਆ ਜਾ ਸਕਦਾ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਾਰੇ ਨਿਯਮ ਛਿੱਕੇ ਟੰਗਣ ਕਾਰਨ ਸਥਾਨਕ ਸਰਕਾਰਾਂ ਵਿਭਾਗ ’ਚ ਤਾਂ ਪੰਜਾਬ ਭਰ ਵਿੱਚ ਹੀ ਗੜਬੜੀਆਂ ਹਨ। ਨਗਰ ਨਿਗਮ ਪਟਿਆਲਾ ’ਚ ਤਾਂ ਉਨ੍ਹਾਂ ਨੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਹੋਣ ਦੀ ਗੱਲ ਵੀ ਆਖੀ। ਨਾਲ ਹੀ ਭਵਿੱਖ ’ਚ ਧਾਂਦਲੀਆਂ ਤੇ ਬੇਨਿਯਮੀਆਂ ’ਤੇ ਖੁਦ ਨਿਗਾਹ ਰੱਖਣ ਦਾ ਐਲਾਨ ਵੀ ਕੀਤਾ। ਆਪਣੇ-ਆਪ ਨੂੰ ਸਮਾਜ ਸੇਵਾ ਨਾਲ ਹੀ ਜੋੜ ਕੇ ਰੱਖਣ ਦੀ ਗੱਲ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਆਗਾਮੀ ਚੋਣ ਨਾ ਲੜਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸ੍ਰੀ ਸਿੱਧੂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿਚੋਂ ਇੱਕ ਜਣਾ ਹੀ ਚੋਣ ਲੜੇਗਾ।

LEAVE A REPLY

Please enter your comment!
Please enter your name here