ਮਨਪ੍ਰੀਤ ਦੀ ਰਿਹਾਇਸ਼ ਪੱਕੇ ਤੌਰ ’ਤੇ ਘੇਰਨ ਦਾ ਐਲਾਨ

0


ਇਕਬਾਲ ਸਿੰਘ ਸ਼ਾਂਤ

ਲੰਬੀ, 8 ਅਕਤੂਬਰ

ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫ਼ਸਲ ਦੇ ਮੁਆਵਜ਼ੇ ਲਈ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਰ ’ਤੇ ਪੱਕਾ ਮੋਰਚਾ ਲਗਾ ਕੇ ਬੈਠੇ ਕਿਸਾਨਾਂ-ਮਜ਼ਦੂਰਾਂ ਦਾ ਮਸਲਾ ਹੱਲ ਕਰਨ ਲਈ ਅੱਜ ਦਿਨ ਭਰ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਰਿਹਾ। ਸ਼ਾਮ ਤੱਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਤੇ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਦੀ ਭਾਕਿਯੂ ਏਕਤਾ (ਉਗਰਾਹਾਂ) ਦੇ ਆਗੂਆਂ ਨਾਲ ਹੋਈ ਦੋ-ਪੜਾਵੀਂ ਮੀਟਿੰਗ ਮਗਰੋਂ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ, ਖੇਤੀਬਾੜੀ ਵਿਭਾਗ ਦੇ ਸਕੱਤਰ ਅਤੇ ਵਿੱਤ ਕਮਿਸ਼ਨਰ ਨਾਲ 9 ਅਕਤੂਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਵਿੱਚ ਮੀਟਿੰਗ ’ਤੇ ਸਹਿਮਤੀ ਬਣੀ। ਹਾਲਾਂਕਿ, ਉੱਚ-ਪੱਧਰੀ ਸੂਤਰਾਂ ਮੁਤਾਬਕ ਪ੍ਰਸ਼ਾਸਨਿਕ ਦਿੱਕਤਾਂ ਕਾਰਨ ਇਹ ਮੀਟਿੰਗ 13 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਅੱਜ ਇੱਥੇ ਪਾਵਰਕੌਮ ਦੇ ਰੈਸਟ ਹਾਊਸ ਵਿੱਚ ਕਿਸਾਨ-ਮਜ਼ਦੂਰ ਆਗੂਆਂ ਨਾਲ ਕਰੀਬ ਢਾਈ ਘੰਟੇ ਮੀਟਿੰਗ ਚੱਲੀ, ਜੋ ਮੰਗ ਮੁਤਾਬਕ ਸਰਕਾਰੀ ਧਿਰ ਦੀ ਕੋਈ ਸੁਚੱਜੀ ਅਤੇ ਠੋਸ ਤਜਵੀਜ਼ ਸਾਹਮਣੇ ਨਾ ਆਉਣ ’ਤੇ ਬੇਸਿੱਟਾ ਰਹੀ। ਕਿਸਾਨਾਂ ਨੇ ਗੱਲਬਾਤ ਟੁੱਟਣ ਦਾ ਐਲਾਨ ਕਰਦਿਆਂ ਬਾਅਦ ਦੁਪਹਿਰ ਨਾਕਾ ਤੋੜ ਕੇ ਵਿੱਤ ਮੰਤਰੀ ਦੇ ਘਰ ਦੇ ਘਿਰਾਓ ਦਾ ਐਲਾਨ ਕਰ ਦਿੱਤਾ, ਜਿਸ ’ਤੇ ਸੂਬਾ ਸਰਕਾਰ ਹਰਕਤ ਵਿੱਚ ਆਈ। ਇਸ ਮਗਰੋਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਸਾਨ ਆਗੂਆਂ ਦੇ ਵਫ਼ਦ ਦੀ ਸਿਖ਼ਰਲੇ ਅਧਿਕਾਰੀਆਂ ਨਾਲ ਮੀਟਿੰਗ ਮੁਕੱਰਰ ਕਰਵਾ ਦਿੱਤੀ। ਕਿਸਾਨਾਂ ਦੇ ਵਫ਼ਦ ’ਚ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ ਸ਼ਾਮਲ ਸਨ।

ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ  ਨੇ ਕਿਸਾਨਾਂ-ਮਜ਼ਦੂਰਾਂ ਨੂੰ ਵੱਡੀ ਗਿਣਤੀ ’ਚ ਪਿੰਡ ਬਾਦਲ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮੀਟਿੰਗ ’ਚ ਮੰਗਾਂ ਨਾ ਮੰਨੀਆਂ ਤਾਂ ਤੁਰੰਤ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

‘ਸਿਆਸੀ ਸ਼ਾਬਾਸ਼ੀ’ ਲਈ ਪੇਸ਼ਕਸ਼ ਕਰਦੇ ਰਹੇ ਬਠਿੰਡੇ ਦੇ ਅਧਿਕਾਰੀ

ਜ਼ਿਲ੍ਹਾਵਾਰ ਹੱਦਾਂ ਨੂੰ ਦਰਕਿਨਾਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੀ ਚੰਨੀ ਸਰਕਾਰ ਅਤੇ ਵਿੱਤ ਮੰਤਰੀ ਦੇ ਦਰਬਾਰ ਦੀ ਸ਼ਾਬਾਸ਼ੀ ਲਈ ਖੂਬ ਹੱਥ-ਪੈਰ ਮਾਰਦਾ ਦਿਖਾਈ ਦਿੱਤਾ। ਪੱਕੇ ਮੋਰਚੇ ਦੀਆਂ ਮੰਗਾਂ ਬਾਰੇ ਪਿੰਡ ਬਾਦਲ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਸ਼ਾਸਨ ਕਿਸਾਨਾਂ ਨਾਲ ਰਾਬਤੇ ਤਹਿਤ ਬੈਠਾ ਹੋਇਆ ਸੀ। ਇਸੇ ਦੌਰਾਨ ਜ਼ਿਲ੍ਹਾ ਬਠਿੰਡਾ ਤੋਂ ਪੁੱਜਿਆ ਇੱਕ ਮਾਲ ਅਧਿਕਾਰੀ ਬਠਿੰਡਾ ਪ੍ਰਸ਼ਾਸਨ ਜ਼ਰੀਏ ਸੂਬਾ ਸਰਕਾਰ ਤੋਂ ਤੁਰੰਤ ਮੀਟਿੰਗ ਦਾ ਸਮਾਂ ਦਿਵਾਉਣ ਦੀ ਪੇਸ਼ਕਸ਼ ਕਰਦਾ ਰਿਹਾ, ਜਿਸ ਨੂੰ ਕਿਸਾਨ ਜਥੇਬੰਦੀ ਨੇ ਨਕਾਰਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਰਾਬਤੇ ਦਾ ਮਾਧਿਅਮ ਇੱਕ ਹੀ ਹੋਣਾ ਚਾਹੀਦਾ ਹੈ। 


Leave a Reply