ਹਰਜੀਤ ਅਟਵਾਲ

ਮੇਰੇ ਅਨੁਸਾਰ ਮਹਾਰਾਜਾ ਦਲੀਪ ਸਿੰਘ ਲੰਡਨ ਵਿਚ ਪਹਿਲਾ ਪਰਵਾਸੀ ਪੰਜਾਬੀ ਸੀ, ਇਹੀ ਕਾਰਨ ਹੈ ਕਿ ਅੱਜ ਡੇਢ ਸੌ ਸਾਲ ਬਾਅਦ ਵੀ ਉਹ ਹਰ ਪੰਜਾਬੀ ਦੇ ਮਨ ਵਿਚ ਵੱਸਦਾ ਹੈ। ਉਸ ਨੂੰ ਵੀ ਨਸਲਵਾਦ ਦਾ ਸਾਹਮਣਾ ਕਰਨਾ ਪਿਆ ਸੀ, ਪੀੜ੍ਹੀ-ਪਾੜਾ ਵੀ ਉਸ ਦੇ ਤਜਰਬੇ ਵਿਚ ਆਇਆ, ਰਿਸ਼ਤਿਆਂ ਵਿਚ ਅਜਨਬੀਪਣ ਉਸ ਨੇ ਵੀ ਹੰਢਾਇਆ ਹੈ। ਮਹਾਰਾਜੇ ਦੇ ਸ਼ੁਰੂ ਦੇ ਕਾਲ ਵਿਚ ਆਪਣੇ ਮੁਲਕ ਲਈ ਹੇਰਵੇ ਬਾਰੇ ਬਹੁਤੇ ਸੰਕੇਤ ਨਹੀਂ ਮਿਲਦੇ, ਪਰ ਜਦੋਂ ਉਹ 1861 ਵਿਚ ਆਪਣੀ ਮਾਂ ਮਹਾਰਾਣੀ ਜਿੰਦ ਕੌਰ ਨੂੰ ਲੈਣ ਕਲਕੱਤੇ ਜਾਂਦਾ ਹੈ ਤੇ ਅੱਗੇ ਪੰਜਾਬ ਜਾਣਾ ਚਾਹੁੰਦਾ ਹੈ, ਪਰ ਨਹੀਂ ਜਾਣ ਦਿੱਤਾ ਜਾਂਦਾ। ਇਹ ਉਸ ਦਾ ਆਪਣੀ ਮਾਂ-ਭੂਮੀ ਨਾਲ ਪਿਆਰ ਹੀ ਸੀ। ਦੂਜੀ ਵਾਰ ਜਦੋਂ ਉਹ ਆਪਣੀ ਮਾਂ ਦਾ ਸਸਕਾਰ ਪੰਜਾਬ ਵਿਚ ਕਰਨਾ ਚਾਹੁੰਦਾ ਹੈ, ਪਰ ਉਸ ਨੂੰ ਪੰਜਾਬ ਨਹੀਂ ਜਾਣ ਦਿੱਤਾ ਜਾਂਦਾ ਤੇ ਉਸ ਨੂੰ ਸਸਕਾਰ ਬੰਬਈ ਨੇੜਲੇ ਸ਼ਹਿਰ ਨਾਸਿਕ ਵਿਚ ਗੋਦਾਵਰੀ ਨਦੀ ਦੇ ਕੰਢੇ ਕਰਨਾ ਪੈਂਦਾ ਹੈ।

ਮਹਾਰਾਜਾ ਦਲੀਪ ਸਿੰਘ ਬਾਰੇ ਫ਼ਿਲਮਾਂ ਵੀ ਬਣੀਆਂ ਤੇ ਡਾਕੂਮੈਂਟਰੀਜ਼ ਵੀ। ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਗਈਆਂ। ਮੈਂ ਵੀ ਨਾਵਲ ‘ਆਪਣਾ’ ਲਿਖਿਆ ਹੈ। ਬਹੁਤੀ ਵਾਰ ਮਹਾਰਾਜੇ ਨੂੰ ਅੱਯਾਸ਼ ਤੇ ਵਿਗੜਿਆ ਹੋਇਆ ਅਮੀਰ ਹੀ ਚਿਤਰਿਆ ਗਿਆ ਹੈ ਜਦੋਂ ਕਿ ਮੈਂ ਕਿਸੇ ਹੱਦ ਤਕ ਮਹਾਰਾਜੇ ਨੂੰ ਜਜ਼ਬਾਤੀ ਮਨੁੱਖ ਸਮਝਦਿਆਂ ਉਸ ਦੇ ਦਿਲ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਅਜਿਹੇ ਪੱਖ ਹਨ ਜਿਨ੍ਹਾਂ ਦਾ ਬਹੁਤਾ ਜ਼ਿਕਰ ਨਹੀਂ ਹੋਇਆ। ਮਹਾਰਾਜੇ ਦੇ ਵਿਅਕਤੀਤਵ ਨੂੰ ਸਮਝਣ ਲਈ ਉਸ ਦੇ ਬਚਪਨ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਉਸ ਦਾ ਬਚਪਨ ਬਹੁਤ ਤਕਲੀਫ਼ਾਂ ਭਰਪੂਰ ਰਿਹਾ ਹੈ। ਉਹ ਆਪਣੇ ਮਾਮੇ ਜਵਾਹਰ ਸਿੰਘ ਦਾ ਕਤਲ ਆਪਣੀਆਂ ਅੱਖਾਂ ਸਾਹਮਣੇ ਦੇਖਦਾ ਹੈ, ਜਦੋਂਕਿ ਕਤਲ ਸਮੇਂ ਜਵਾਹਰ ਸਿੰਘ ਨੇ ਬੱਚੇ ਦਲੀਪ ਸਿੰਘ ਨੂੰ ਗੋਦੀ ਵਿਚ ਚੁੱਕਿਆ ਹੋਇਆ ਸੀ। ਉਸ ਨੂੰ ਜਾਪਦਾ ਸੀ ਕਿ ਖਾਲਸਾ ਫ਼ੌਜ ਬੱਚੇ ਦਲੀਪ ਸਿੰਘ ਨੂੰ ਉਸ ਦੀ ਗੋਦੀ ਵਿਚ ਦੇਖਕੇ ਉਸ ਨੂੰ ਕੁਝ ਨਹੀਂ ਕਹੇਗੀ, ਪਰ ਦਲੀਪ ਸਿੰਘ ਨੂੰ ਜਵਾਹਰ ਸਿੰਘ ਕੋਲੋਂ ਖੋਹਕੇ ਇਕ ਪਾਸੇ ਕਰਕੇ ਜਵਾਹਰ ਸਿੰਘ ਦਾ ਕਤਲ ਕਰ ਦਿੱਤਾ ਗਿਆ। ਜਦੋਂ ਅੰਗਰੇਜ਼ ਤੇ ਭਾਰਤੀ ਸਿਪਾਹੀ ਮਹਾਰਾਣੀ ਜਿੰਦ ਕੌਰ ਨੂੰ ਕੈਦ ਕਰਨ ਲਈ ਵਾਲਾਂ ਤੋਂ ਫੜਕੇ ਖਿੱਚ ਰਹੇ ਸਨ ਤਾਂ ਦਲੀਪ ਸਿੰਘ ਖੜ੍ਹਾ ਦੇਖ ਰਿਹਾ ਸੀ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਮੰਦ-ਘਟਨਾਵਾਂ ਦਾ ਉਹ ਗਵਾਹ ਸੀ ਤੇ ਹਰ ਵੇਲੇ ਮੌਤ ਦੇ ਸਾਏ ਹੇਠ ਜਿਉਂ ਰਿਹਾ ਸੀ। ਸੋ ਅਜਿਹੇ ਹਾਲਾਤ ਵਿਚ ਉਸ ਦਾ ਅੰਤਹਕਰਣ ਕਿਹੋ ਜਿਹਾ ਉਸਰਨਾ ਸੀ, ਇਸ ਦਾ ਅੰਦਾਜ਼ਾ ਤੁਸੀਂ ਬਾਖੂਬੀ ਲਾ ਸਕਦੇ ਹੋ। ਫਿਰ ਜਦੋਂ ਉਹ ਪੰਜਾਬ ਛੱਡਦਾ ਹੈ ਤਾਂ ਕੋਈ ਵੀ ਉਸ ਦਾ ਆਪਣਾ ਉਸ ਦੇ ਨਾਲ ਜਾਣ ਲਈ ਤਿਆਰ ਨਹੀਂ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਮਹਾਰਾਜੇ ਨੇ ਮੁੜ ਪੰਜਾਬ ਕਦੇ ਨਹੀਂ ਪਰਤਣਾ।

ਪੰਜਾਬ ਛੱਡਦਿਆਂ ਹੀ ਉਹ ਇਕੱਲਾ ਹੋ ਗਿਆ ਸੀ। ਉਸ ਵੇਲੇ ਉਹ ਇਕ ਬੱਚਾ ਸੀ। ਜਿਹੜੇ ਰਿਸ਼ਤਿਆਂ ਦਾ ਨਿੱਘ ਉਸ ਉਮਰ ਵਿਚ ਲੋੜੀਂਦਾ ਹੁੰਦਾ ਹੈ, ਉਹੀ ਨਿੱਘ ਦਲੀਪ ਸਿੰਘ ਬੇਗਾਨਿਆਂ ਵਿਚ ਤਲਾਸ਼ਣ ਲੱਗਾ ਹੋਵੇਗਾ। ਅਜਿਹੀਆਂ ਹਾਲਤਾਂ ਵਿਚ ਉਸ ਦਾ ਈਸਾਈ ਬਣ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਉਸ ਦੇ ਆਦਰਸ਼ ਵੀ ਉਸ ਦੇ ਆਲੇ-ਦੁਆਲੇ ਦੇ ਲੋਕ ਹੀ ਬਣਨੇ ਸਨ। ਡਾ. ਲੋਗਨ ਉਸ ਦਾ ਗਾਰਡੀਅਨ ਸੀ ਤੇ ਉਹ ਉਸੇ ਵਿਚੋਂ ਹੀ ਆਪਣਾ ਪਿਓ ਲੱਭਣ ਲੱਗਾ ਸੀ ਬਲਕਿ ਲੱਭ ਲਿਆ ਸੀ। ਡਾ. ਲੋਗਨ ਦੇ ਮਰਨ ਉੱਪਰ ਉਹ ਇੰਜ ਹੀ ਰੋਇਆ ਜਿਵੇਂ ਕੋਈ ਆਪਣੇ ਪਿਓ ਦੇ ਮਰਨ ’ਤੇ ਰੋਂਦਾ ਹੈ।

ਮਹਾਰਾਜਾ ਦਲੀਪ ਸਿੰਘ ਆਪਣੇ ਅਤੀਤ ਤੋਂ ਕਦੇ ਭਗੌੜਾ ਨਹੀਂ ਸੀ ਹੁੰਦਾ। ਬਚਪਨ ਤੋਂ ਹੀ ਉਸ ਨੂੰ ਤਾਅਨੇ-ਮਿਹਣੇ ਸੁਣਨ ਦੀ ਆਦਤ ਪਈ ਹੋਈ ਸੀ। ਕੋਈ ਉਸ ਦੀ ਮਾਂ ਉੱਪਰ ਇਲਜ਼ਾਮ ਲਾਉਂਦਾ ਕੌੜੇ ਬੋਲ ਬੋਲ ਜਾਂਦਾ ਤੇ ਕੋਈ ਉਸ ਦੇ ਆਪਣੇ ਬਾਰੇ। ਜਦੋਂ ਉਹ ਵੱਡਾ ਹੋਇਆ ਤੇ ਪੱਛਮੀ ਮੀਡੀਆ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਕੋਈ ਗੱਲ ਕਰਨ ਤੋਂ ਝਿਜਕਦਾ ਨਹੀਂ ਸੀ। ਇਕ ਵਾਰ ਫਰਾਂਸੀਸੀ ਅਖ਼ਬਾਰ ਦਾ ਨੁਮਾਇੰਦਾ ਉਸ ਨਾਲ ਇੰਟਰਵਿਊ ਕਰ ਰਿਹਾ ਸੀ। ਉਹ ਸਵਾਲ ਕੁਝ ਝਿਜਕ ਕੇ ਪੁੱਛ ਰਿਹਾ ਸੀ ਤਾਂ ਮਹਾਰਾਜੇ ਨੇ ਆਪ ਹੀ ਕਹਿ ਦਿੱਤਾ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਸੱਤਵੀਂ ਪਤਨੀ ’ਚੋਂ ਅੱਠਵਾਂ ਬੇਟਾ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਏਨਾ ਕੁਝ ਵਾਪਰਨ ਤੋਂ ਬਾਅਦ ਵੀ ਉਹ ਹਾਵੀ ਰਹਿਣ ਵਾਲੀ ਸ਼ਖ਼ਸੀਅਤ ਦਾ ਮਾਲਕ ਬਣਿਆ। ਜ਼ਿੱਦੀ ਸੁਭਾਅ ਦਾ ਮਾਲਕ ਵੀ ਸੀ। ਉਸ ਦੀ ਜ਼ਿੱਦ ਹੀ ਉਸ ਦੇ ਦੁਖਦਾਇਕ ਅੰਤ ਦਾ ਕਾਰਨ ਬਣੀ। ਇਕ ਵਾਰ ਜਦੋਂ ਉਹ ਸਕੌਟਲੈਂਡ ਵਿਚ ਆਪਣੀ ਇਸਟੇਟ ਵਿਚ ਰਹਿ ਰਿਹਾ ਸੀ ਤਾਂ ਉਸ ਨੇ ਇਕ ਬਿੱਲੀ ਉੱਪਰ ਗੋਲੀ ਚਲਾ ਦਿੱਤੀ ਤੇ ਬਿੱਲੀ ਮਰ ਗਈ। ਬਿੱਲੀ ਦੀ ਮਾਲਕਣ ਬਹੁਤ ਰੋਈ। ਬਹੁਤ ਲੋਕਾਂ ਨੇ ਮਹਾਰਾਜੇ ਨੂੰ ਕਿਹਾ ਕਿ ਉਹ ਬਿੱਲੀ ਦੀ ਮਾਲਕਣ ਕੋਲੋਂ ਮੁਆਫ਼ੀ ਮੰਗ ਲਵੇ, ਪਰ ਉਸ ਨੇ ਨਾ ਮੰਗੀ। ਉਸ ਨੇ ਵਾਪਸ ਪੰਜਾਬ ਜਾਣ ਦਾ ਫ਼ੈਸਲਾ ਕਰ ਲਿਆ, ਬਹੁਤ ਸਾਰੇ ਦੋਸਤਾਂ ਨੇ ਰੋਕਿਆ, ਪਰ ਉਹ ਨਾ ਰੁਕਿਆ। ਹੋਰ ਵੀ ਉਸ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਜਿਹੜੀਆਂ ਉਸ ਦੇ ਜ਼ਿੱਦੀ ਸੁਭਾਅ ਨਾਲ ਜੁੜੀਆਂ ਹੋਈਆਂ ਹਨ। ਉਸ ਦਾ ਵਿਆਹ ਵੀ ਕਿਸੇ ਹੱਦ ਤਕ ਜ਼ਿੱਦ ਨਾਲ ਹੀ ਜੁੜਦਾ ਦਿਸਦਾ ਹੈ। ਮਹਾਰਾਣੀ ਵਿਕਟੋਰੀਆ ਉਸ ਦਾ ਵਿਆਹ ਗਰਾਹਿਮਾ ਨਾਂ ਦੀ ਇਕ ਭਾਰਤੀ ਕੁੜੀ ਨਾਲ ਕਰਨਾ ਚਾਹੁੰਦੀ ਸੀ। ਗਰਾਹਿਮਾ ਵੀ ਮਹਾਰਾਜੇ ਵਾਂਗ ਇਕ ਭਾਰਤੀ ਰਾਜੇ ਦੀ ਕੁੜੀ ਸੀ ਤੇ ਵਿਕਟੋਰੀਆ ਦੀ ਦੇਖ-ਰੇਖ ਹੇਠ ਸੀ, ਪਰ ਮਹਾਰਾਜੇ ਨੂੰ ਉਹ ਕੁੜੀ ਪਸੰਦ ਨਹੀਂ ਸੀ। ਮਹਾਰਾਜਾ ਇਕ ਤੇਜ਼-ਤਰਾਰ ਨੌਜਵਾਨ ਸੀ ਤੇ ਗਰਾਹਿਮਾ ਸਿੱਧੀ-ਸਾਦੀ। ਮਹਾਰਾਜਾ ਇਕ ਗੋਰੀ ਕੁੜੀ ਨੂੰ ਪਸੰਦ ਕਰਦਾ ਸੀ ਜਿਸ ਦਾ ਕੁਝ ਗੋਰੇ ਅੰਦਰੋਂ-ਗਤੀ ਵਿਰੋਧ ਕਰਦੇ ਸਨ। ਫਿਰ ਮਹਾਰਾਣੀ ਜਿੰਦ ਕੌਰ ਇੰਗਲੈਂਡ ਆ ਗਈ। ਉਸ ਨੇ ਮਹਾਰਾਜੇ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਭਾਰਤੀ ਕੁੜੀ ਨਾਲ ਹੀ ਵਿਆਹ ਕਰਾਵੇ। ਜਦੋਂ ਉਹ ਮਹਾਰਾਣੀ ਜਿੰਦ ਕੌਰ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਭਾਰਤ ਜਾ ਰਿਹਾ ਸੀ ਤਾਂ ਰਾਹ ਵਿਚ ਉਸ ਦਾ ਜਹਾਜ਼ ਅਲੈਗਜ਼ੈਂਡਰੀਆ (ਮਿਸਰ) ਰੁਕਿਆ ਤਾਂ ਉੱਥੇ ਹੀ ਉਸ ਨੇ ਮਹਾਰਾਣੀ ਬਾਂਬਾ ਨੂੰ ਦੇਖਿਆ। ਬਾਂਬਾ ਚਰਚ ਵਿਚ ਪ੍ਰਾਰਥਨਾ ਕਰ ਰਹੀ ਸੀ। ਮਹਾਰਾਜੇ ਨੂੰ ਭੁਲੇਖਾ ਪਿਆ ਕਿ ਉਹ ਭਾਰਤੀ ਮੂਲ ਦੀ ਕੁੜੀ ਹੈ। ਉਸ ਦਾ ਰੰਗ ਜ਼ਰੂਰ ਭਾਰਤੀਆਂ ਵਰਗਾ ਸੀ, ਪਰ ਉਹ ਜਰਮਨ ਪਿਓ ਤੇ ਇਥੋਪੀਅਨ ਮਾਂ ਦੀ ਧੀ ਸੀ। ਕਾਲੇ ਤੇ ਗੋਰੇ ਰੰਗ ਦੇ ਸੁਮੇਲ ਤੋਂ ਉਸ ਦਾ ਰੰਗ ਭਾਰਤੀ ਬਣ ਗਿਆ ਸੀ। ਬਾਂਬਾ ਉਸ ਵੇਲੇ ਪੰਦਰਾਂ ਕੁ ਸਾਲ ਦੀ ਹੀ ਸੀ। ਮਹਾਰਾਜੇ ਦੀ ਹਾਵੀ ਰਹਿਣ ਵਾਲੀ ਸ਼ਖ਼ਸੀਅਤ ਅੱਗੇ ਬਾਂਬਾ ਦੀ ਸ਼ਖ਼ਸੀਅਤ ਕਦੇ ਉੱਭਰ ਨਾ ਸਕੀ। ਇਸੇ ਲਈ ਇਤਿਹਾਸ ਵਿਚ ਉਸ ਦਾ ਜ਼ਿਕਰ ਸੀਮਤ ਜਿਹਾ ਰਹਿ ਜਾਂਦਾ ਹੈ।

ਮਹਾਰਾਣੀ ਜਿੰਦ ਕੌਰ ਦੇ ਇੰਗਲੈਂਡ ਆਉਣ ਤੋਂ ਬਾਅਦ ਮਹਾਰਾਜੇ ਦੀ ਸ਼ਖ਼ਸੀਅਤ ਵਿਚ ਬਦਲਾਓ ਆਉਣੇ ਸ਼ੁਰੂ ਹੋ ਗਏ ਸਨ। ਮਹਾਰਾਣੀ ਨੇ ਉਸ ਨੂੰ ਚੇਤੇ ਕਰਾਇਆ ਕਿ ਉਸ ਦਾ ਅਸਲ ਕੀ ਹੈ। ਅੰਗਰੇਜ਼ਾਂ ਨੇ ਪੰਜਾਬ ਦੱਬਣ ਦੇ ਨਾਲ-ਨਾਲ ਉਸ ਦੇ ਪੁਰਖਿਆਂ ਦੀ ਜਾਇਦਾਦ ਵੀ ਦੱਬ ਲਈ ਸੀ ਜਿਸ ਦਾ ਉਹ ਉਤਰਾਧਿਕਾਰੀ ਸੀ। ਉਸ ਨੂੰ ਸਾਖੀ ਸੁਣਾ ਕੇ ਉਸ ਵਿਚ ਅਜਿਹਾ ਜੋਸ਼ ਭਰਿਆ ਕਿ ਉਹ ਅੰਗਰੇਜ਼ਾਂ ਖਿਲਾਫ਼ ਲੜਾਈ ਵਿੱਢਣ ਲਈ ਤਿਆਰ ਹੋ ਗਿਆ। ਇਸ ਬਾਰੇ ਅੰਗਰੇਜ਼ ਸਰਕਾਰ ਨੂੰ ਬਹੁਤ ਫਿਕਰ ਪੈ ਗਿਆ ਸੀ, ਨਤੀਜਾ ਇਹ ਨਿਕਲਿਆ ਕਿ ਉਸ ਨੂੰ ਮਹਾਰਾਣੀ ਤੋਂ ਦੂਰ ਕਰ ਦਿੱਤਾ ਗਿਆ। ਮਾਂ-ਪੁੱਤ ਦੀਆਂ ਮਿਲਣੀਆਂ ਬਹੁਤ ਸੀਮਤ ਕਰ ਦਿੱਤੀਆਂ ਤੇ ਉਨ੍ਹਾਂ ਉੱਪਰ ਨਜ਼ਰ ਰੱਖੀ ਜਾਣ ਲੱਗੀ। ਮਹਾਰਾਣੀ ਨੂੰ ਸਲੋਅ ਪੌਇਜ਼ਨ ਦੇਣੀ ਸ਼ੁਰੂ ਕਰ ਦਿੱਤੀ ਸੀ ਤੇ ਬਿਨਾਂ ਕਿਸੇ ਵੱਡੀ ਬਿਮਾਰੀ ਦੇ ਮਹਾਰਾਣੀ ਦੀ ਬਹੁਤ ਜਲਦੀ ਮੌਤ ਹੋ ਗਈ।

ਮਹਾਰਾਜਾ ਦਲੀਪ ਸਿੰਘ ਦੀ ਸ਼ਖ਼ਸੀਅਤ ਦਾ ਇਕ ਹੋਰ ਪੱਖ ਵੀ ਸੀ ਜਿਸ ਬਾਰੇ ਕਦੇ ਗੱਲ ਨਹੀਂ ਹੋਈ।

ਉਹ ਕਲਾਕਾਰ ਵੀ ਸੀ। ਉਸ ਨੇ ਇਕ ਓਪੇਰਾ ਵੀ ਕੰਡਕਟ ਕੀਤਾ ਸੀ। ਓਪੇਰਾ ਕੰਡਕਟ ਕਰਨ ਦਾ ਮਤਲਬ ਕਿ ਉਹਨੂੰ ਸੰਗੀਤ ਦੀ ਬਹੁਤ ਡੂੰਘੀ ਸਮਝ ਹੋਣੀ ਚਾਹੀਦੀ ਹੈ ਤੇ ਸਾਜ਼ ਵੀ ਜ਼ਰੂਰ ਵਜਾ ਲੈਂਦਾ ਹੋਵੇਗਾ। ਉਹ ਕਿਤਾਬਾਂ ਵੀ ਬਹੁਤ ਪੜ੍ਹਦਾ ਸੀ। ਰੂਸ ਨੂੰ ਜਾਂਦਿਆਂ ਸਰਹੱਦ ਦੇ ਰੇਲਵੇ ਸਟੇਸ਼ਨ ਉੱਪਰਲੀ ਕਿਤਾਬਾਂ ਦੀ ਦੁਕਾਨ ’ਤੇ ਕਿਤਾਬ ਖ਼ਰੀਦਣ ਜਾਂਦਾ ਹੈ ਤਾਂ ਦੁਕਾਨਦਾਰ ਨੂੰ ਹੈਰਾਨੀ ਨਾਲ ਆਖਦਾ ਹੈ ਕਿ ਤੁਹਾਡੇ ਕੋਲ ਬਾਲਜ਼ਾਕ ਤੋਂ ਬਿਨਾਂ ਕਿਸੇ ਹੋਰ ਲੇਖਕ ਦੀ ਕਿਤਾਬ ਹੀ ਨਹੀਂ। ਉਹ ਡਾਂਸ ਕਲੱਬਾਂ ਵਿਚ ਅਕਸਰ ਜਾਇਆ ਕਰਦਾ ਸੀ ਤੇ ਡਾਂਸ ਦਾ ਮਾਹਰ ਵੀ ਸੀ। ਆਪਣੇ ਗਾਰਡੀਅਨ ਡਾ. ਲੋਗਨ ਦੇ ਮਰਨ ਤੋਂ ਬਾਅਦ ਜਦੋਂ ਉਹ ਲੇਡੀ ਲੇਨਾ ਲੋਗਨ ਨੂੰ ਮਿਲਣ ਗਿਆ ਤਾਂ ਉੱਥੇ ਲੇਨਾ ਦੀ ਭੈਣ ਵੀ ਸੀ। ਜਿਵੇਂ ਗੋਰਿਆਂ ਦੇ ਰਿਵਾਜ ਹੈ ਕਿ ਅਜਿਹੇ ਅਫ਼ਸੋਸ ਵੇਲੇ ਸ਼ਰਾਬ ਪੀਂਦੇ ਹਨ। ਸ਼ਰਾਬ ਪੀਂਦਿਆਂ ਲੇਨਾ ਦੀ ਭੈਣ ਪਿਆਨੋ ਵਜਾਉਣ ਲੱਗੀ ਤੇ ਮਹਾਰਾਜਾ ਦਲੀਪ ਸਿੰਘ ਡਾਂਸ ਕਰਨ ਲੱਗ ਪਿਆ ਤੇ ਘੰਟਿਆਂ ਬੱਧੀ ਨੱਚਦਾ ਰਿਹਾ।

ਮਹਾਰਾਜੇ ਨੂੰ ਦੁਨੀਆ ਦੀ ਉਸ ਵੇਲੇ ਦੀ ਸਿਆਸਤ ਤੇ ਇਤਿਹਾਸ ਦੀ ਡੂੰਘੀ ਸਮਝ ਸੀ। ਉਸ ਨੂੰ ਪਤਾ ਸੀ ਕਿ ਫਰਾਂਸ ਤੇ ਰੂਸ ਇੰਗਲੈਂਡ ਦੇ ਦੁਸ਼ਮਣ ਹਨ, ਇਸ ਲਈ ਉਹ ਇੰਗਲੈਂਡ ਦੀ ਸਰਕਾਰ ਵਿਰੁੱਧ ਲੜਾਈ ਛੇੜ ਕੇ ਫਰਾਂਸ ਚਲੇ ਜਾਂਦਾ ਹੈ। ਉਸ ਨੂੰ ਪਤਾ ਹੈ ਕਿ ਅਜਿਹੀ ਸਥਿਤੀ ਵਿਚ ਉਹ ਫਰਾਂਸ ਵਿਚ ਹੀ ਸੁਰੱਖਿਅਤ ਹੋਵੇਗਾ। ਫਿਰ ਅਗਲੇਰੀ ਮਦਦ ਮੰਗਣ ਉਹ ਰੂਸ ਕੋਲ ਜਾਂਦਾ ਹੈ। ਰੂਸ ਦੇ ਜ਼ਾਰ ਨੂੰ ਮਿਲਣ ਲਈ ਉਹ ਤੜਫਦਾ ਹੈ। ਭਾਰਤ ਜ਼ਮੀਨੀ ਰਾਹ ਪੁੱਜਣ ਦੀਆਂ ਤਿਆਰੀਆਂ ਕਰਦਾ ਹੈ। ਉਸ ਦੀ ਅੰਗਰੇਜ਼ਾਂ ਖਿਲਾਫ਼ ਵਿੱਢੀ ਇਸ ਲੜਾਈ ਨੂੰ ਬਹੁਤ ਸਾਰੇ ਲੋਕ ਗ਼ਦਰੀ ਬਾਬਿਆਂ ਨਾਲ ਵੀ ਜੋੜਦੇ ਹਨ, ਪਰ ਇਹ ਸ਼ਾਇਦ ਸਹੀ ਨਾ ਹੋਵੇ। ਉਸ ਦੀ ਇਸ ਲੜਾਈ ਨੂੰ ਪੱਛਮੀ ਲੇਖਕ ਤਾਂ ਸਦਾ ਘਟਾ ਕੇ ਦੇਖਦੇ ਹਨ, ਪਰ ਸਾਡੇ ਲੇਖਕਾਂ ਨੇ ਵੀ ਇਸ ਉੱਪਰ ਪੂਰੀ ਤਰ੍ਹਾਂ ਖੋਜ ਨਹੀਂ ਕੀਤੀ। ਕੁਝ ਲੋਕ ਉਸ ਦੇ ਮੋਟਾਪੇ ਨੂੰ ਲੈ ਕੇ ਉਸ ’ਤੇ ਵਿਅੰਗ ਕਸਦੇ। ਉਸ ਨੂੰ ਘਟਾ ਕੇ ਦੇਖਣ ਲਈ ਉਸ ਦੇ ਕੁਝ ਅਜਿਹੇ ਪੋਰਟਰੇਟ ਬਣਾਏ ਕਿ ਉਹ ਬਹੁਤ ਕੋਝਾ ਲੱਗੇ।

ਮਹਾਰਾਜਾ ਬਹੁਤ ਵਧੀਆ ਘੋੜ ਸਵਾਰ ਸੀ। ਉਹ ਘੋੜੇ ਨੂੰ ਦੌੜਾ ਕੇ ਉਸ ਉੱਪਰ ਚੜ੍ਹਿਆ ਕਰਦਾ ਸੀ। ਉਹ ਉੱਤਮ ਦਰਜੇ ਦਾ ਸ਼ਿਕਾਰੀ ਵੀ ਸੀ। ਉਸ ਦੀ ਐਲਵੇਡਨ ਇਸਟੇਟ ਬਹੁਤ ਵਧੀਆ ਸ਼ਿਕਾਰਗਾਹ ਸੀ ਜਿੱਥੇ ਸ਼ਾਹੀ ਪਰਿਵਾਰ ਦੇ ਲੋਕ ਸ਼ਿਕਾਰ ਖੇਡਣ ਜਾਇਆ ਕਰਦੇ ਸਨ। ਉਸ ਦੀ ਐਲਵੇਡਨ ਇਸਟੇਟ ਅਠਾਰਾਂ ਹਜ਼ਾਰ ਏਕੜ ਵਿਚ ਛਾਈ ਹੋਈ ਸੀ, ਇਸ ਦੇ ਮੁਰੱਬੇ ਪਤਾ ਨਹੀਂ ਕਿੰਨੇ ਬਣਨਗੇ। ਇਸ ਇਸਟੇਟ ਨੂੰ ਪਾਰ ਕਰਨ ਲਈ ਤਕਰੀਬਨ ਪੰਜਾਹ ਮੀਲ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ। ਉਹ ਆਪਣੀ ਇਸਟੇਟ ਦੇ ਪਿੰਡਾਂ ਵਿਚ ਬਹੁਤ ਹਰਮਨ ਪਿਆਰਾ ਸੀ। ਇਹੀ ਕਾਰਨ ਹੈ ਕਿ ਇਸ ਇਲਾਕੇ ਦੇ ਲੋਕ ਅੱਜ ਵੀ ਉਸ ਨੂੰ ਚੇਤੇ ਕਰਦੇ ਹਨ। ਮਹਾਰਾਜੇ ਦੀ ਸ਼ਖ਼ਸੀਅਤ ਦੇ ਬਹੁਤ ਸਾਰੇ ਅਜਿਹੇ ਪਹਿਲੂ ਹਨ ਜੋ ਉੱਭਰ ਕੇ ਸਾਹਮਣੇ ਨਹੀਂ ਆਉਂਦੇ। ਇਸ ਪਾਸੇ ਹੋਰ ਕੰਮ ਕਰਨ ਦੀ ਲੋੜ ਹੈ।

ਈ-ਮੇਲ : [email protected]

LEAVE A REPLY

Please enter your comment!
Please enter your name here