ਨਵੀਂ ਦਿੱਲੀ, 9 ਜੂਨ

ਕੇਂਦਰੀ ਮੁਲਾਜ਼ਮਾਂ ਦੇ ਮਾਪਿਆਂ ਜਾਂ ਪਰਿਵਾਰ ਦੇ ਕਿਸੇ ਜੀਅ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਹ 15 ਦਿਨਾਂ ਦੀ ਵਿਸ਼ੇਸ਼ ਛੁੱਟੀ (ਸਪੈਸ਼ਲ ਕੈਜ਼ੁਅਲ ਲੀਵ) ਲੈਣ ਦੇ ਯੋਗ ਹੋਵੇਗਾ। ਕਿਰਤ ਮੰਤਰਾਲੇ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ, ‘‘ ਜੇ ਪਰਿਵਾਰ ਦੇ ਕਿਸੇ ਮੈਂਬਰ/ ਮਾਪਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣ ਦੀ ਲੋੜ ਪੈਂਦੀ ਹੈ ਅਤੇ 15 ਦਿਨਾਂ ਦੀ ਵਿਸ਼ੇਸ਼ ਛੁੱਟੀ ਖ਼ਤਮ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿਚ ਸਰਕਾਰੀ ਮੁਲਾਜ਼ਮ ਨੂੰ ਆਪਣੇ ਉਸ ਰਿਸ਼ਤੇਦਾਰ ਦੇ ਹਸਪਤਾਲੋਂ ਛੁੱਟੀ ਮਿਲਣ ਤਕ ਕੋਈ ਹੋਰ ਛੁੱਟੀ ਦਿੱਤੀ ਜਾ ਸਕਦੀ ਹੈ। ਮੰਤਰਾਲੇ ਨੇ ਕੋਵਿਡ ਮਹਾਮਾਰੀ ਦੌਰਾਨ ਇਲਾਜ, ਹਸਪਤਾਲ ਵਿੱਚ ਭਰਤੀ, ਇਕਾਂਤਵਾਸ ਆਦਿ ਸਬੰਧੀ ਕਈ ਤਰ੍ਹਾਂ ਦੇ ਸਵਾਲ ਸਾਹਮਣੇ ਆਉਣ ’ਤੇ ਇਹ ਹੁਕਮ ਜਾਰੀ ਕੀਤੇ ਹਨ। ਉਸ ਨੇ ਸਰਕਾਰੀ ਮੁਲਾਜ਼ਮਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਿਆ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇ ਕਿਸੇ ਸਰਕਾਰੀ ਮੁਲਾਜ਼ਮ ਨੂੰ ਕਰੋਨਾ ਦੀ ਲਾਗ ਲਗ ਜਾਂਦੀ ਹੈ ਅਤੇ ਉਹ ਘਰ ਵਿੱਚ ਇਕਾਂਤਵਾਸ ਹੈ ਤਾਂ ਉਸ ਨੂੰ 20 ਦਿਨਾਂ ਦੀ ਬਦਲਵੀਂ ਛੁੱਟੀ (ਕਮਿਊਟਿਡ ਲੀਵ) ਦਿੱਤੀ ਜਾ ਸਕਦੀ ਹੈ ਅਤੇ ਜੇ ਕੋਈ ਮੁਲਾਜ਼ਮ ਲਾਗ ਲੱਗਣ ਬਾਅਦ ਘਰ ਵਿੱਚ ਇਕਾਂਤਵਾਸ ਵਿੱਚ ਹੈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਤਾਂ ਉਸ ਨੂੰ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ 20 ਦਿਨਾਂ ਲਈ ਬਦਲਵੀ ਛੁੱਟੀ/ਏਸੀਐਲ/ਅਤੇ ਕਮਾਈ ਛੁੱਟੀ ਦਿੱਤੀ ਜਾ ਸਕਦੀ ਹੈ। ਕੇਂਦਰ ਸਰਕਾਰ ਦੇ ਸਭਨਾਂ ਮੰਤਰਾਲਿਆਂ ਲਈ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ, ‘‘ ਜੇ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ 20 ਦਿਨਾਂ ਬਾਅਦ ਵੀ ਸਰਕਾਰੀ ਮੁਲਾਜ਼ਮ ਨੂੰ ਹਸਪਤਾਲ ਵਿੱਚ ਰੱਖਣਾ ਪੈਂਦਾ ਹੈ ਤਾਂ ਉਸ ਨੂੰ ਇਸ ਸਬੰਧੀ ਦਸਤਾਵੇਜ਼ੀ ਸਬੂਤ ਦੇ ਆਧਾਰ ’ਤੇ ਬਦਲਵੀ ਛੁੱਟੀ(ਕਮਿਊਟਿਡ ਲੀਵ) ਮਿਲੇਗੀ। ਸੱਤ ਜੂਨ ਦੇ ਇਨ੍ਹਾਂ ਹੁਕਮਾਂ ਮੁਤਾਬਕ ਜੇ ਸਰਕਾਰੀ ਮੁਲਾਜ਼ਮ ਦੇ ਮਾਤਾ-ਪਿਤਾ ਜਾਂ ਕੋਈ ਪਰਿਵਾਰਕ ਮੈਂਬਰ ਕੋਵਿਡ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਨੂੰ 15 ਦਿਨਾਂ ਦੀ ਵਿਸ਼ੇਸ਼ ਕੈਜ਼ੁਅਲ ਛੁੱਟੀ ਮਲੇਗੀ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਸਰਕਾਰੀ ਮੁਲਾਜ਼ਮ ਕਿਸੇ ਕੋਵਿਡ ਪੀੜਤ ਦੇ ਸਿੱਧੇ ਸੰਪਰਕ ਵਿਚ ਆ ਜਾਂਦਾ ਹੈ ਅਤੇ ਘਰ ਵਿੱਚ ਇਕਾਂਤਵਾਸ ਵਿੱਚ ਰਹਿ ਰਿਹਾ ਹੈ ਤਾਂ ਉਸ ਨੂੰ 7 ਦਿਨਾਂ ਲਈ ਡਿਊਟੀ/ਵਰਕ ਫਰੌਮ ਹੋਮ ਮੰਨਿਆ ਜਾਵੇਗਾ। – ਏਜੰਸੀ

 

 

 

LEAVE A REPLY

Please enter your comment!
Please enter your name here