ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 5 ਜੂਨ

ਈਦ-ਉਲ-ਫ਼ਿਤਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਬ-ਡਿਵੀਜ਼ਨ ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਕੁੱਲ 192 ਪਿੰਡਾਂ ਅਤੇ ਛੇ ਕਾਨੂੰਗੋ ਸਰਕਲਾਂ ’ਤੇ ਆਧਾਰਤ ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਨੋਟੀਫਿਕੇਸ਼ਨ  ਜਾਰੀ ਕਰ ਦਿੱਤਾ ਗਿਆ ਸੀ, ਜਿਸ ਦਾ ਸੱਤ ਜੂਨ ਨੂੰ ਮੁੱਖ ਮੰਤਰੀ ਵੱਲੋਂ ਵਰਚੁਅਲ ਉਦਘਾਟਨ ਕੀਤਾ ਜਾਵੇਗਾ। ਇਸ ਨਵੇਂ ਬਣੇ ਜ਼ਿਲ੍ਹੇ ਦੀ ਕਮਾਨ ਔਰਤਾਂ ਨੂੰ ਸੌਂਪੀ ਗਈ ਹੈ। ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਕਾਂਗਰਸ ਦੇ ਵਿਧਾਇਕ ਰਜ਼ੀਆ ਸੁਲਤਾਨਾ ਪੰਜਾਬ ਵਜ਼ਾਰਤ ’ਚ ਕੈਬਨਿਟ ਮੰਤਰੀ ਹਨ। ਜ਼ਿਲ੍ਹਾ ਮਾਲੇਰਕੋਟਲਾ  ਦੀ ਪਹਿਲੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ , ਜ਼ਿਲ੍ਹਾ ਪੁਲੀਸ ਮੁਖੀ ਕੰਵਰਦੀਪ ਕੌਰ ਅਤੇ ਮਹਿਲਾ ਥਾਣਾ ਮੁਖੀ ਗੁਰਪ੍ਰੀਤ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਬ-ਜੇਲ੍ਹ ਮਾਲੇਰਕੋਟਲਾ ਦੀ ਡਿਪਟੀ ਸੁਪਰਡੈਂਟ ਚੰਚਲ ਸ਼ਰਮਾ, ਮੁੱਖ ਡਾਕ ਘਰ ਦੀ ਪੋਸਟ ਮਾਸਟਰ ਮਧੂ ਕੋਮਲ, ਉਪ ਡਾਕ ਘਰ ਦੀ ਇੰਚਾਰਜ ਰਾਜਵੀਰ ਕੌਰ, ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਉਰਦੂ, ਪਰਸ਼ੀਅਨ ਐਂਡ ਅਰੈਬਿਕ ਦੀ ਮੁਖੀ ਡਾ. ਰੁਬੀਨਾ ਸ਼ਬਨਮ, ਬਲਾਕ ਸਮਿਤੀ ਮਾਲੇਰਕੋਟਲਾ-1 ਦੀ ਚੇਅਰਪਰਸਨ ਜਸਵਿੰਦਰ ਕੌਰ ਬਾਗੜੀਆਂ, ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨ ਸ੍ਰੀਮਤੀ ਨਸਰੀਨ ਹਨ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਲੇਰਕੋਟਲਾ-2 ਦੀ ਸਤਵੰਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ’ਚ  ਪੂਜਾ ਗੁਪਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ) ’ਚ ਆਰਤੀ ਗੁਪਤਾ ਪ੍ਰਿੰਸੀਪਲ ਦੇ ਤੌਰ ’ਤੇ ਕਾਰਜਸ਼ੀਲ ਹਨ। 

ਡੀਸੀ ਵੱਲੋਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ

ਸਥਾਨਕ ਵੱਡੀ ਈਦਗਾਹ ਵਿੱਚ ਅੱਜ ਪ੍ਰਬੰਧਕ ਕਮੇਟੀ ਵੱਲੋਂ ਮਾਲੇਰਕੋਟਲਾ ਦੀ ਪਹਿਲੀ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਜ਼ਿਲ੍ਹਾ ਪੁਲੀਸ ਮੁਖੀ ਕੰਵਰਦੀਪ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡੀਸੀ ਅਤੇ ਐੱਸਐੱਸਪੀ ਕੰਵਰਦੀਪ ਕੌਰ ਨੇ ਨਵੇਂ ਜ਼ਿਲ੍ਹੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਭਰੋਸਾ ਦਿੱਤਾ। ਇਸ ਮੌਕੇ ਐੱਸਡੀਐੱਮ ਟੀ.ਬੈਨਿਥ (ਆਈਏਐੱਸ), ਧੂਰੀ ਦੇ ਐੱਸਡੀਐੱਮ ਲਤੀਫ ਅਹਿਮਦ ਥਿੰਦ, ਤਹਿਸੀਲਦਾਰ ਬਾਦਲ ਦੀਨ, ਜਾਮਾ ਮਸਜਿਦ ਦੇ ਇਮਾਮ ਮੌਲਾਨਾ ਅਬਦੁਲ ਸੱਤਾਰ, ਈਦਗਾਹ ਕਮੇਟੀ ਦੇ ਪ੍ਰਧਾਨ ਚੌਧਰੀ ਮੁਹੰਮਦ ਸਲੀਮ ਤੇ ਜਨਰਲ ਸਕੱਤਰ ਮੁਹੰਮਦ ਨਜ਼ੀਰ (ਵਸੀਕਾ ਨਵੀਸ) ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here