ਚੰਡੀਗੜ੍ਹ: ਇਥੋਂ ਦੇ ਪੀਜੀਆਈ ’ਚ ਦਾਖ਼ਲ ਉੱਘੇ ਭਾਰਤੀ ਦੌੜਾਕ ਮਿਲਖਾ ਸਿੰਘ (91) ਦੀ ਤਬੀਅਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਹਸਪਤਾਲ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਸ਼ੁੱਕਰਵਾਰ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ। ਉਂਜ ਉਨ੍ਹਾਂ ਨੂੰ ਅਜੇ ਵੀ ਆਕਸੀਜਨ ਲਾਈ ਹੋਈ ਹੈ। ਪੀਜੀਆਈ ਦੇ ਤਿੰਨ ਡਾਕਟਰਾਂ ਦੀ ਟੀਮ ਵੱਲੋਂ ‘ਉੱਡਣਾ ਸਿੱਖ’ ਦੀ ਸਿਹਤ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਪੀਜੀਆਈ ਦੇ ਤਰਜਮਾਨ ਪ੍ਰੋਫ਼ੈਸਰ ਅਸ਼ੋਕ ਕੁਮਾਰ ਨੇ ਕਿਹਾ,‘‘ਮਿਲਖਾ ਸਿੰਘ ਦੀ ਸਿਹਤ ਕੋਵਿਡ-19 ਕਾਰਨ ਨਾਸਾਜ਼ ਸੀ ਅਤੇ ਉਨ੍ਹਾਂ ਨੂੰ 3 ਜੂਨ ਨੂੰ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ ਸੀ। ਮੈਡੀਕਲ ਮਾਪਦੰਡਾਂ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਸਿਹਤ ਕੱਲ੍ਹ ਨਾਲੋਂ ਵਧੀਆ ਹੈ।’’ ਸ੍ਰੀ ਮਿਲਖਾ ਸਿੰਘ ਦੇ ਪਰਿਵਾਰ ਨੇ ਆਪਣੇ ਤਰਜਮਾਨ ਰਾਹੀਂ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਭਾਵੇਂ ਆਕਸੀਜਨ ’ਤੇ ਹਨ ਪਰ ਉਨ੍ਹਾਂ ਦੀ ਸਿਹਤ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ‘ਉੱਡਣਾ ਸਿੱਖ’ ਦੀ ਸਿਹਤ ਨੂੰ ਲੈ ਕੇ ਫੈਲੀਆਂ ਅਫ਼ਵਾਹਾਂ ’ਤੇ ਯਕੀਨ ਨਾ ਕਰਨ ਲਈ ਕਿਹਾ। ਖੇਡ ਮੰਤਰੀ ਕਿਰਨ ਰਿਜਿਜੂ ਨੇ ਮਿਲਖਾ ਸਿੰਘ ਦੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਅਫ਼ਵਾਹਾਂ ਨੂੰ ਖਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਸੀ। ਉਧਰ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ (82) ਦਾ ਮੁਹਾਲੀ ਦੇ ਫੋਰਟਿਸ ਹਸਪਤਾਲ ’ਚ ਕਰੋਨਾ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਆਈਸੀਯੂ ’ਚ ਦਾਖ਼ਲ ਹਨ। ਪਰਿਵਾਰ ਨੇ ਕਿਹਾ ਕਿ ਉਹ ਕਰੋਨਾ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ। -ਪੀਟੀਆਈ

LEAVE A REPLY

Please enter your comment!
Please enter your name here