ਗੁਰਨਾਮ ਸਿੰਘ ਚੌਹਾਨ
ਪਾਤੜਾਂ, 20 ਜੁਲਾਈ

ਭਾਰੀ ਮੀਂਹ ਮਗਰੋਂ ਪਿੰਡ ਮਤੋਲੀ ਵਿੱਚ ਬੀਤੀ ਰਾਤ ਇੱਕ ਘਰ ਦੀ ਛੱਤ ਡਿੱਗਣ ਕਾਰਨ ਪਿਤਾ, ਪੁੱਤਰ ਤੇ ਦੋ ਧੀਆਂ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੁਲੀਸ ਚੌਂਕੀ ਠਰੂਆ ਦੇ ਇੰਚਾਰਜ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਲਬੇ ਵਿੱਚ ਦੱਬੀਆਂ ਲਾਸ਼ਾਂ ਨੂੰ ਕੱਢਿਆ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਈ ਸੁਰਿੰਦਰ ਕੌਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੇ ਕਈ ਘੰਟੇ ਬੀਤੇ ਜਾਣ ਦੇ ਬਾਵਜੂਦ ਕਿਸੇ ਸਿਵਲ ਅਧਿਕਾਰੀ ਜਾਂ ਰਾਜਨੀਤਕ ਆਗੂ ਦੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਵਿਚ ਰੋਸ ਹੈ। ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਮੁਖਤਿਆਰ ਸਿੰਘ ਆਪਣੇ ਪਰਿਵਾਰ ਸਮੇਤ ਘਰ ਦੇ ਵਰਾਂਡੇ ਵਿਚ ਸੁੱਤਾ ਹੋਇਆ ਸੀ ਕਿ ਅਚਾਨਕ ਰਾਤ ਲਗਪਗ 10.30 ਮਕਾਨ ਦੀ ਛੱਤ ਡਿੱਗ ਗਈ। ਹਾਦਸੇ ਵਿੱਚ ਮੁਖਤਿਆਰ ਸਿੰਘ (40), ਉਸ ਦਾ ਪੁੱਤਰ ਵੰਸ਼ਦੀਪ ਸਿੰਘ (15), ਧੀਆਂ ਸਿਮਰਨਜੀਤ ਕੌਰ (13) ਅਤੇ ਕਮਲਜੀਤ ਕੌਰ (10) ਦੀ ਮੌਤ ਹੋ ਗਈ, ਜਦੋਂਕਿ ਉਸਦੀ ਪਤਨੀ ਸੁਰਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ। ਉਸ ਨੂੰ ਖਨੌਰੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਮੁਖਤਿਆਰ ਸਿੰਘ ਦੀ ਮਾਂ ਅਤੇ ਭੈਣ ਵਾਲ ਵਾਲ ਬਚ ਗਈਆਂ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ, ਮੁਖਤਿਆਰ ਸਿੰਘ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਅਤੇ ਕਈ ਸਾਲ ਪੁਰਾਣੇ ਮਕਾਨ ਵਿੱਚ ਰਹਿੰਦਾ ਸੀ। ਮਕਾਨ ਦੀ ਹਾਲਤ ਕਾਫ਼ੀ ਖ਼ਸਤਾ ਸੀ। ਪੋਸਟਮਾਰਟਮ ਕਰਨ ਮਗਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਥਾਣੇ ਦੀ ਕੰਧ ਡਿੱਗਣ ਕਾਰਨ ਪਿਓ ਦੀ ਮੌਤ, ਪੁੱਤਰ ਜ਼ਖਮੀ

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਵੇਰੇ ਆਏ ਤੇਜ਼ ਝੱਖੜ ਨਾਲ ਸ਼ਹਿਰ ਦੇ ਬਿਲਕੁਲ ਵਿਚਕਾਰ ਸਥਿਤ ਥਾਣਾ ਸਿਟੀ ਦੀ ਕੰਧ ਡਿੱਗਣ ਕਾਰਨ ਅੱਜ ਇੱਥੇ ਪਿਓ ਦੀ ਮੌਤ ਹੋ ਗਈ, ਜਦੋਂਕਿ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਇਨ੍ਹਾਂ ਤੋਂ ਇਲਾਵਾ ਇੱਕ ਹੋਰ ਦੁਕਾਨਦਾਰ ਵਿਜੈ ਟਾਈਪਿਸਟ ਵੀ ਜ਼ਖ਼ਮੀ ਹੋਇਆ ਹੈ। ਦੋਵੇਂ ਪਿਓ-ਪੁੱਤ ਕੰਧ ਨੇੜੇ ਚੁੰਨੀਆਂ ਰੰਗਣ ਦਾ ਕੰਮ ਕਰਦੇ ਸਨ। ਮ੍ਰਿਤਕ ਦੀ ਪਛਾਣ ਅਨਵਰ ਅਲੀ (65) ਵਾਸੀ ਟਿੱਬੀ ਸਾਹਿਬ ਰੋਡ ਮੁਕਤਸਰ ਸਾਹਿਬ ਵਜੋਂ ਹੋਈ ਹੈ, ਜਦੋਂਕਿ ਉਸ ਦਾ ਪੁੱਤਰ ਲਵਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ।

LEAVE A REPLY

Please enter your comment!
Please enter your name here