ਆਤਿਸ਼ ਗੁਪਤਾ

ਚੰਡੀਗੜ੍ਹ, 20 ਜੁਲਾਈ

ਮੌਨਸੂਨ ਦੀ ਆਮਦ ਕਰਕੇ ਪੰਜਾਬ ਅਤੇ ਹਰਿਆਣਾ ਦਾ ਤਾਪਮਾਨ ਆਮ ਨਾਲੋਂ ਡਿੱਗ ਗਿਆ ਹੈ। ਇਸ ਨਾਲ ਝੋਨਾ ਉਤਪਾਦਕ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਦੂਜੇ ਪਾਸੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਸੂਬਿਆਂ ਦੀ ਸਰਕਾਰਾਂ ਵੱਲੋਂ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਨ ਸ਼ਹਿਰੀ ਇਲਾਕਿਆਂ ਵਿੱਚ ਪਾਣੀ ਭਰਿਆ ਪਿਆ ਹੈ, ਜਿਸ ਕਾਰਨ ਲੋਕ ਡਾਢੇ ਤੰਗ ਨਜ਼ਰ ਆ ਰਹੇ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦੋ-ਤਿੰਨ ਦਿਨ ਹੋਰ ਬੱਦਲਵਾਈ ਦੀ ਪੇਸ਼ੀਨਗੋਈ ਕੀਤੀ ਹੈ। 

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦੇਰ ਰਾਤ ਤੱਕ 20 ਐਮਐਮ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੇ ਪਟਿਆਲਾ ਵਿੱਚ ਸਭ ਤੋਂ ਵੱਧ 61 ਐਮਐਮ ਮੀਂਹ ਪਿਆ। ਬਠਿੰਡਾ ’ਚ 42 ਐਮਐਮ, ਲੁਧਿਆਣਾ ’ਚ 36 ਐਮਐਮ, ਪਠਾਨਕੋਟ ’ਚ 27 ਐਮਐਮ, ਅੰਮ੍ਰਿਤਸਰ ’ਚ 24 ਐਮਐਮ, ਆਦਮਪੁਰ ’ਚ 14 ਐਮਐਮ ਮੀਂਹ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ’ਚ 45 ਐਮਐਮ, ਕਰਨਾਲ ’ਚ 16 ਐਮਐਮ, ਰੋਹਤਕ ’ਚ 14 ਐਮਐਮ ਤੇ ਗੁਰੂਗ੍ਰਾਮ ’ਚ ਤਿੰਨ ਐਮਐਮ ਮੀਂਹ ਦਰਜ ਹੋਇਆ। ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 26.2 ਡਿਗਰੀ ਸੈਲਸੀਅਸ ਸੀ, ਜੋ ਕਿ ਆਮ ਨਾਲੋਂ ਸੱਤ ਡਿਗਰੀ ਘੱਟ ਹੈ। ਅੰਮ੍ਰਿਤਸਰ ਦਾ 27.8 ਡਿਗਰੀ ਸੈਲਸੀਅਸ, ਜੋ ਆਮ ਨਾਲੋਂ ਛੇ ਡਿਗਰੀ ਘੱਟ ਹੈ। ਇਸੇ ਤਰ੍ਹਾਂ ਪਟਿਆਲਾ, ਬਠਿੰਡਾ, ਮੁਹਾਲੀ ਅਤੇ ਹੋਰਨਾਂ ਇਲਾਕਿਆਂ ਦਾ ਤਾਪਮਾਨ ਵੀ ਹੇਠਾਂ ਆਇਆ ਹੈ। ਹਰਿਆਣਾ ਦੇ ਅੰਬਾਲਾ, ਕਰਨਾਲ, ਰੋਹਤਕ, ਜੀਂਦ ਵਿੱਚ ਔਸਤਨ ਦੋ ਡਿਗਰੀ ਸੈਲਸੀਅਸ ਤਾਪਮਾਨ ਹੇਠਾਂ ਆਇਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ-ਤਿੰਨ ਦਿਨ ਬੱਦਲਵਾਈ ਨਾਲ ਕਿਣਮਿਣ ਹੋ ਸਕਦੀ ਹੈ। ਮੀਂਹ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।

ਭਾਖੜਾ ਡੈਮ ਦੇ ਪਾਣੀ ਦਾ ਪੱਧਰ ਵਧਿਆ

ਨੰਗਲ (ਰਾਕੇਸ਼ ਸੈਣੀ): ਹਿਮਸ਼ਿਖਰਾਂ ’ਤੇ ਪੈ ਰਹੇ ਮੀਂਹ ਕਾਰਨ ਅੱਜ ਭਾਖੜਾ ਡੈਮ ਦੇ ਨਾਲ ਲੱਗਦੀ ਗੋਬਿੰਦ ਸਾਗਰ ਝੀਲ ਦੇ ਪਾਣੀ ਦੇ ਪੱਧਰ ਵਿੱਚ ਵਾਧਾ ਦਰਜ ਕੀਤਾ ਗਿਆ ਹੈ।  ਅੱਜ ਸਵੇਰੇ ਝੀਲ ਦੇ ਪਾਣੀ ਦਾ ਪੱਧਰ 1558.08 ਫੁੱਟ ਦਰਜ ਕੀਤਾ ਗਿਆ,  ਜੋ ਪਿਛਲੇ ਸਾਲ ਦੇ ਮੁਕਾਬਲੇ 47.77 ਫੁੱਟ ਘੱਟ ਹੈ। ਪਿਛਲੇ ਸਾਲ ਇਸੇ ਦਿਨ  ਝੀਲ ਵਿਚ ਪਾਣੀ ਦਾ ਪੱਧਰ 1605.85 ਫੁੱਟ ਸੀ। ਅੱਜ ਸਵੇਰੇ  ਝੀਲ ਵਿਚ  53950 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ ਜਦੋਂਕਿ ਬਿਜਲੀ ੳਤਪਾਦਨ ਅਤੇ ਸਿੰਜਾਈ ਲਈ  ਭਾਖੜਾ ਡੈਮ ਤੋਂ 22064 ਕਿਊਸਿਕ ਪਾਣੀ ਛੱਡਿਆ ਗਿਆ।   

LEAVE A REPLY

Please enter your comment!
Please enter your name here