ਸਰਬਜੀਤ ਗਿੱਲ
ਫਿਲੌਰ, 24 ਅਗਸਤ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਨੂੰ ਦਿੱਤੀ ਗਈ ਮੀਟਿੰਗ ਵਾਰ ਵਾਰ ਰੱਦ ਕਰਨ, ਮੁਲਾਜ਼ਮ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਤੋਂ ਵਾਰ ਵਾਰ ਪਾਸਾ ਵੱਟਣ ਦੇ ਰੋਸ ਵਜੋਂ ਇੱਥੇ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਸਾਂਝਾ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਪਹਿਲੀ ਜੁਲਾਈ ਨੂੰ ਫਗਵਾੜਾ ਵਿੱਚ ਸਾਂਝਾ ਫਰੰਟ ਦੇ ਸੂਬਾਈ ਆਗੂਆਂ ਨਾਲ ਮੀਟਿੰਗ ਕਰ ਕੇ 25 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ, ਫਿਰ 2 ਅਗਸਤ ਤੇ ਫਿਰ 22 ਅਗਸਤ ਅਤੇ ਹੁਣ 12 ਸਤੰਬਰ ਦੀ ਮੀਟਿੰਗ ਕਰਨ ਦੀ ਤਰੀਕ ਪਾ ਦਿੱਤੀ ਗਈ ਹੈ। ਆਗੂਆਂ ਕਿਹਾ ਕਿ ਮੁੱਖ ਮੰਤਰੀ ’ਤੇ ਹੁਣ ਕੋਈ ਵੀ ਭਰੋਸਾ ਨਹੀਂ ਰਿਹਾ ਕਿ ਉਹ 12 ਸਤੰਬਰ ਨੂੰ ਸਾਂਝਾ ਫਰੰਟ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਦਾ ਕੋਈ ਐਲਾਨ ਕਰਨਗੇ। ਆਗੂਆਂ ਕਿਹਾ ਕਿ ਵਾਰ- ਵਾਰ ਮੀਟਿੰਗ ਦਾ ਸਮਾਂ ਦੇ ਕੇ ਹਾਕਮ ਧਿਰ ਆਪਣਾ 2027 ਦੀਆਂ ਚੋਣਾਂ ਤੱਕ ਦਾ ਸਮਾਂ ਲੰਘਾਉਣਾ ਚਾਹੁੰਦੀ ਹੈ। ਆਗੂਆਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕਰਦਿਆਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਮੰਨਣ ਅਤੇ ਲਾਗੂ ਕਰਨ ਦਾ ਤੁਰੰਤ ਐਲਾਨ ਕਰਨ। ਇਸ ਮੌਕੇ ਸੁਰਿੰਦਰ ਪੁਆਰੀ, ਤੀਰਥ ਸਿੰਘ ਬਾਸੀ, ਹਰਕਮਾਲ ਸਿੰਘ ਸੰਧੂ, ਗੋਪਾਲ ਸਿੰਘ, ਕੁਲਦੀਪ ਕੌੜਾ, ਬੂਟਾ ਮਾਸਣੀ, ਸਤਵਿੰਦਰ ਸਿੰਘ, ਜਸਪਾਲ ਸੰਧੂ, ਕੁਲਦੀਪ ਵਾਲੀਆ, ਰਾਜਿੰਦਰ ਸ਼ਰਮਾ, ਤਰਸੇਮ ਮਾਧੋਪੁਰੀ, ਰਾਜਿੰਦਰ ਕੁਮਾਰ ਤੇ ਸੁਖਵਿੰਦਰ ਰਾਮ ਹਾਜ਼ਰ ਹੋਏ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਬਲਾਕ ਗੜ੍ਹਸ਼ੰਕਰ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਮੱਖਣ ਸਿੰਘ ਵਾਹਿਦ ਪੁਰੀ , ਮੁਕੇਸ਼ ਕੁਮਾਰ, ਅਮਰੀਕ ਸਿੰਘ, ਸ਼ਾਮ ਸੁੰਦਰ ਕਪੂਰ, ਸਰੂਪ ਚੰਦ, ਸੁਖਦੇਵ ਡਾਨਸੀਵਾਲ, ਅਸ਼ਵਨੀ ਰਾਣਾ ਤੇ ਸੰਦੀਪ ਗਿੱਲ ਦੀ ਅਗਵਾਈ ਵਿੱਚ ਗਾਂਧੀ ਪਾਰਕ ਗੜ੍ਹਸ਼ੰਕਰ ’ਚ ਰੈਲੀ ਕੀਤੀ। ਇਸ ਮਗਰੋਂ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੂਠੇ ਲਾਰਿਆਂ ਦੀ ਪੰਡ ਫੂਕੀ ਗਈ।
ਬੁਲਾਰਿਆਂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੌਥੀ ਵਾਰ ਮੀਟਿੰਗ ਅਤੇ ਗੱਲਬਾਤ ਤੋਂ ਭੱਜ ਕੇ ਪੰਜਾਬ ਦਾ ਸਭ ਤੋਂ ਝੂਠਾ ਅਤੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਮੁੱਖ ਮੰਤਰੀ ਹੋਣ ਦਾ ਸਬੂਤ ਦੇ ਦਿੱਤਾ ਹੈ।