ਗੁਰਿੰਦਰ ਸਿੰਘ

ਲੁਧਿਆਣਾ, 21 ਜੁਲਾਈ

ਮੁਸਲਿਮ ਭਾਈਚਾਰੇ ਵੱਲੋਂ ਅੱਜ ਫੀਲਡ ਗੰਜ ਚੌਕ ਸਥਿਤ ਇਤਿਹਾਸਕ ਜਾਮਾ ਮਸਜਿਦ ਸਮੇਤ ਹੋਰ ਮਸਜਿਦਾਂ ਵਿੱਚ ਈਦ-ਉਲ-ਜੁਹਾ (ਬਕਰੀਦ) ਮਨਾ ਕੇ ਨਮਾਜ਼ ਅਦਾ ਕੀਤੀ ਗਈ। ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਅਗਵਾਈ ਹੇਠ ਜਾਮਾ ਮਸਜਿਦ ਵਿੱਚ ਹੋਏ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਦੀਨ-ਏ-ਇਸਲਾਮ ਦੀ ਪ੍ਰੇਰਨਾ ਨਾਲ ਭਾਰਤ ਦੇ ਮੁਸਲਮਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਨਾਲ ਟੱਕਰ ਲੈਂਦਿਆਂ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਸਨ ਅਤੇ ਅੱਜ ਵੀ ਜੇ ਦੇਸ਼ ਨੂੰ ਜ਼ਰੂਰਤ ਪਵੇ ਤਾਂ ਮੁਸਲਮਾਨ ਕੁਰਬਾਨੀ ਦੇਣ ਨੂੰ ਤਿਆਰ ਹਨ।  ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਰਕਤ ਅਤੇ ਰਹਿਮਤ ਵਾਲਾ ਹੈ। ਉਨ੍ਹਾਂ ਨਮਾਜ਼ੀਆਂ ਨੂੰ ਕਿਹਾ ਕਿ ਉਹ ਅੱਜ ਦੇ ਦਿਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣ ਕਿ ਕੋਈ ਵੀ ਗੁਆਂਢੀ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਭੁੱਖਾ ਨਾ ਰਹੇ। 

ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਧਰਮ ਦੇ ਤਿਉਹਾਰ ਇਬਾਦਤ ਅਤੇ ਨੇਕੀ ਦਾ ਰਾਹ ਦਿਖਾਉਂਦੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸਿੰਘ ਸੰਧੂ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਵਿਧਾਇਕ ਸੁਰਿੰਦਰ ਡਾਬਰ, ਰਾਕੇਸ਼ ਪਾਂਡੇ, ਸੰਜੈ ਤਲਵਾੜ, ਕੁਲਦੀਪ ਸਿੰਘ ਵੈਦ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਹੋਰਾਂ ਨੇ ਸ਼ਾਹੀ ਇਮਾਮ ਨੂੰ ਵਧਾਈ ਸੰਦੇਸ਼ ਭੇਜੇ। 

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂੰ): ਮੁਸਲਿਮ ਭਾਈਚਾਰੇ ਨੇ ਅੱਜ ਸਥਾਨਕ ਵੱਡੀ ਈਦਗਾਹ ਸਮੇਤ ਹੋਰਨਾਂ ਮਸਜਿਦਾਂ ਵਿੱਚ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ। ਵੱਡੀ ਈਦਗਾਹ ਵਿੱਚ ਮੁਫ਼ਤੀ-ਏ-ਆਜ਼ਮ ਪੰਜਾਬ ਜਨਾਬ ਮੁਫ਼ਤੀ ਇਰਤਕਾ ਉਲ ਹਸਨ ਕਾਂਧਲਵੀ ਨੇ ਨਮਾਜ਼ ਅਦਾ ਕਰਵਾਈ। ਈਦ ਦੀਆਂ ਮੁਬਾਰਕਾਂ ਦੇਣ ਲਈ ਪ੍ਰਸ਼ਾਸਨ ਵੱਲੋਂ ਏਡੀਸੀ (ਜਨਰਲ) ਰਾਜੇਸ਼ ਤ੍ਰਿਪਾਠੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹਏ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਗ਼ੁਲਾਮ ਹੁਸੈਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।   

ਬੀਐੱਸਐੱਫ ਤੇ ਪਾਕਿਸਤਾਨੀ ਰੇਜਰਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ 

ਅਟਾਰੀ (ਦਿਲਬਾਗ ਸਿੰਘ ਗਿੱਲ): ਜੰਮੂ ਕਸ਼ਮੀਰ ’ਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਅੱਜ ਪਹਿਲੀ ਵਾਰ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਅਟਾਰੀ-ਵਾਹਗਾ ਹੱਦ ਦੀ ਸਾਂਝੀ ਜਾਂਚ ਚੌਕੀ ਵਿੱਚ ਈਦ-ਉਲ-ਜੁਹਾ ਮੌਕੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਅੰਜਨ ਭੋਲਾ ਅਤੇ ਪਾਕਿਸਤਾਨੀ ਰੇਂਜਰਾਂ ਦੇ ਕਰਨਲ ਹਸਨ ਨੇ ਇੱਕ-ਦੂਜੇ ਨੂੰ ਈਦ ਦੀਆਂ ਵਧਾਈਆਂ ਅਤੇ ਮਠਿਆਈਆਂ ਦਿੱਤੀਆਂ। ਇਸ ਤੋਂ ਪਹਿਲਾਂ ਅਗਸਤ 2019 ਦੀਆਂ ਘਟਨਾਵਾਂ ਤੋਂ ਬਾਅਦ ਸੀਮਾ ਸੁਰੱਖਿਆ ਬਲ ਨੇ ਮਠਿਆਈਆਂ ਦੇ ਆਦਾਨ-ਪ੍ਰਦਾਨ ਦੀ ਪੇਸ਼ਕਸ਼ ਕੀਤੀ ਸੀ ਪਰ ਪਾਕਿਸਤਾਨੀ ਰੇਂਜਰਾਂ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਸਾਂਝੀ ਜਾਂਚ ਚੌਕੀ ’ਤੇ ਤਾਇਨਾਤ ਸੀਮਾ ਸੁਰੱਖਆ ਬਲ ਅਤੇ ਪਾਕਿਸਤਾਨ ਰੇਂਜਰਜ਼ ਦੇ ਅਧਿਕਾਰੀਆਂ ਵੱਲੋਂ ਦੀਵਾਲੀ, ਈਦ, ਗਣਤੰਤਰ ਦਿਵਸ, ਸੁਤੰਤਰਤਾ ਦਿਵਸ, ਪਹਿਲੀ ਦਸੰਬਰ ਨੂੰ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਵਸ ਅਤੇ 14 ਅਗਸਤ ਨੂੰ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਵਰਗੇ ਮੌਕਿਆਂ ’ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। 

ਵੱਡੀ ਈਦਗਾਹ ਲਈ ਸਿੱਧੂ ਵੱਲੋਂ ਐਲਾਨੀ ਗ੍ਰਾਂਟ ਨਾ ਮਿਲਣ ’ਤੇ ਰੋਸ 

ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਈਦ ਦੀ ਨਮਾਜ਼ ਅਦਾ ਕਰਨ ਮਗਰੋਂ ਅੱਜ ਜਦੋਂ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਈਦਗਾਹ ਤੋਂ ਬਾਹਰ ਆ ਰਹੇ ਸਨ ਤਾਂ ਸਾਬਕਾ ਕੌਂਸਲਰ ਇਲ‌ਿਆਸ ਜ਼ੁਬੈਰੀ ਤੇ ਚੌਧਰੀ ਸ਼ਮਸੂਦੀਨ ਨੇ ਆਪਣੇ ਕੁਝ ਸਮਰਥਕਾਂ ਨਾਲ ਕਾਲੇ ਕੱਪੜੇ ਪਹਿਨ ਕੇ ਅਤੇ ਹੱਥਾਂ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਲਿਖੀਆਂ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਜ਼ੁਬੈਰੀ ਅਤੇ ਸ਼ਮਸੂਦੀਨ ਨੇ ਕਿਹਾ ਕਿ  ਨਵਜੋਤ ਸਿੰਘ ਸਿੱਧੂ ਨੇ 2017 ’ਚ ਈਦ ਮੌਕੇ ਵੱਡੀ ਈਦਗਾਹ ਅਤੇ ਬਾਬਾ ਹੈਦਰ ਸ਼ੇਖ ਦੀ ਦਰਗਾਹ ਦੇ ਆਲੇ-ਦੁਆਲੇ ਦੇ ਵਿਕਾਸ ਲਈ ਗ੍ਰਾਂਟ ਦਾ ਐਲਾਨ ਕੀਤਾ ਸੀ, ਜੋ ਅੱਜ ਤੱਕ ਜਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਗ੍ਰਾਂਟਾਂ ਦਾ ਐਲਾਨ ਕਰ ਕੇ ਮੁਸਲਿਮ ਭਾਈਚਾਰੇ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨੀ ਦੇਰ ਤੱਕ ਸਿੱਧੂ ਵੱਲੋਂ ਇਹ ਗ੍ਰਾਂਟ ਜਾਰੀ ਨਹੀਂ ਕੀਤੀ ਜਾਂਦੀ, ਓਦੋਂ ਤੱਕ ਸਿੱਧੂ ਦਾ ਡਟ ਕੇ ਵਿਰੋਧ ਕੀਤਾ ਜਾਵੇ। 

LEAVE A REPLY

Please enter your comment!
Please enter your name here