ਗਗਨਦੀਪ ਅਰੋੜਾ

ਲੁਧਿਆਣਾ, 9 ਜੂਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਜ ਲਈ ਪੈਸੇ ਮੁਹੱਈਆ ਕਰਵਾਉਣ ਦੀ ਅਪੀਲ ਕਰਨ ਵਾਲੇ ਡੀਐੱਸਪੀ ਹਰਜਿੰਦਰ ਸਿੰਘ ਦੀ ਆਖ਼ਰਕਾਰ ਅੱਜ ਲੁਧਿਆਣਾ ਵਿਚ ਮੌਤ ਹੋ ਗਈ। ਕਰੋਨਾਵਾਇਰਸ ਪਾਜ਼ੇਟਿਵ ਹੋਣ ਤੋਂ ਬਾਅਦ ਉਹ 6 ਅਪਰੈਲ ਤੋਂ ਲੁਧਿਆਣਾ ਦੇ ਐੱਸਪੀਐੱਸ ਹਸਪਤਾਲ ਵਿਚ ਭਰਤੀ ਸਨ। ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਸਾਫ਼ ਕਹਿਣਾ ਸੀ ਕਿ ਉਨ੍ਹਾਂ ਦੇ ਫੇਫੜਿਆਂ ਦਾ ਟਰਾਂਸਪਲਾਂਟ ਕਰਵਾਉਣ ਦੀ ਲੋੜ ਹੈ, ਇਸ ਲਈ ਕਰੀਬ 80 ਲੱਖ ਰੁਪਏ ਦਾ ਖਰਚਾ ਆਉਣਾ ਹੈ। ਪੈਸਾ ਨਾ ਹੋਣ ਕਾਰਨ ਡੀਐੱਸਪੀ ਹਰਜਿੰਦਰ ਸਿੰਘ ਨੇ ਹਸਪਤਾਲ ਤੋਂ ਖ਼ੁਦ ਇੱਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਸੀ। ਇਸ ਵੀਡੀਓ ਵਿਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਸਰਕਾਰ ਉਨ੍ਹਾਂ ਦੇ ਪਰਿਵਾਰ ਨੂੰ ਜੋ ਮਦਦ ਦੇਵੇਗੀ, ਜੇਕਰ ਉਹ ਪੈਸਾ ਹੁਣੇ ਦੇ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਬੱਚੇ ਅਨਾਥ ਹੋਣ ਤੋਂ ਬਚ ਜਾਣਗੇ। ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੁੱਖ ਮੰਤਰੀ ਦੇ ਘਰ ਵੀ ਗਏ ਸਨ, ਜਿਸ ਮਗਰੋਂ ਕੁਝ ਕਾਗ਼ਜ਼ੀ ਕਾਰਵਾਈ ਸ਼ੁਰੂ ਹੋ ਗਈ ਸੀ ਪਰ ਇਸੇ ਦੌਰਾਨ ਅੱਜ ਉਨ੍ਹਾਂ ਦੀ ਮੌਤ ਹੋ ਗਈ। ਡੀਐੱਸਪੀ ਹਰਜਿੰਦਰ ਸਿੰਘ ਇਸ ਵੇਲੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਬਤੌਰ ਸਹਾਇਕ ਸੁਪਰਡੈਂਟ ਤਾਇਨਾਤ ਸਨ। ਡੀਐੱਸਪੀ ਹਰਜਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਲਿਖਿਆ ਸੀ, ‘‘ਕੋਵਿਡ-19 ਪਾਜ਼ੇਟਿਵ ਹੋਣ ਤੋਂ ਬਾਅਦ ਮੈਂ 6 ਅਪਰੈਲ ਤੋਂ ਲੁਧਿਆਣਾ ਦੇ ਐੱਸਪੀਐੱਸ ਹਸਪਤਾਲ ਵਿਚ ਭਰਤੀ ਹਾਂ। ਮੈਂ 28 ਸਾਲ ਬੇਦਾਗ ਨੌਕਰੀ ਕੀਤੀ ਹੈ ਅਤੇ ਮੇਰੇ ਕੋਲ ਇਲਾਜ ਲਈ ਲੱਖਾਂ ਰੁਪਏ ਨਹੀਂ ਹਨ। ਇਸ ਲਈ ਬੇਨਤੀ ਹੈ ਕਿ ਮੇਰਾ ਇਲਾਜ ਕਰਵਾਇਆ ਜਾਵੇ ਤਾਂ ਜੋ ਮੇਰੇ ਬੱਚੇ ਅਨਾਥ ਨਾ ਹੋਣ।’’

LEAVE A REPLY

Please enter your comment!
Please enter your name here