ਸਰਬਜੋਤ ਸਿੰਘ ਦੁੱਗਲ

ਕੁਰੂਕਸ਼ੇਤਰ, 2 ਮਈ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਫੋਕਸ ਸੂਬੇ ਵਿਚ ਕਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਇਲਾਜ ਦੇ ਕੇ ਉਨ੍ਹਾਂ ਦੀ ਜਾਨ ਬਚਾਉਣਾ ਹੈ। ਸਰਕਾਰ ਨੇ ਆਕਸੀਜਨ ਦੀ ਵੰਡ ਦਾ ਵਿਸ਼ੇਸ਼ ਪ੍ਰਬੰਧਨ ਕੀਤਾ ਹੈ ਤਾਂ ਜੋ ਸਾਰੇ ਹਸਪਤਾਲਾਂ ਨੂੰ ਨਿਰਧਾਰਿਤ ਕੋਟੇ ਅਨੁਸਾਰ ਆਕਸੀਜਨ ਦੀ ਸਪਲਾਈ ਕਰਵਾਈ ਜਾ ਸਕੇ। ਇੰਨਾ ਹੀ ਨਹੀਂ ਸਰਕਾਰ ਨੇ ਕਰੋਨਾ ਦੇ ਇਲਾਜ ਵਿਚ ਵਰਤੋਂ ਆਉਣ ਵਾਲੇ ਯੰਤਰਾਂ ਅਤੇ ਆਕਸੀਜਨ ਪਲਾਂਟ ਆਦਿ ਸਥਾਪਿਤ ਕਰਨ ਲਈ ਆਰਥਿਕ ਮਦਦ ਮੁਹੱਈਆ ਕਰਵਾਉਣ ਲਈ 500 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਵੀ ਬਣਾਇਆ ਹੈ। ਇਸ ਫੰਡ ਨਾਲ ਕੋਵਿਡ-19 ਤੋਂ ਬਚਾਓ ਦੀਆਂ ਚੀਜਾਂ ਦੇ ਕਿਸੇ ਵੀ ਉਦਯੋਗ ‘ਤੇ ਇਕ ਸਾਲ ਲਈ ਮੁਫਤ ਵਿਆਜ ‘ਤੇ ਕਰਜ਼ਾ ਵੀ ਦਿੱਤਾ ਜਾਵੇਗਾ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਵਿਚ ਕੋਰੋਨਾ ਤੋਂ ਬਚਾਓ ਦੀਆਂ ਤਿਆਰੀਆਂ ਨਾਲ ਸਬੰਧਤ ਮੀਟਿੰਗ ਵਿਚ ਅਧਿਕਾਰੀਆਂ ਨੂੰ ਸੰਬੋਧਤ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਕੁਰੂਕਸ਼ੇਤਰ ਦਾ ਆਕਸੀਜਨ ਕੋਟਾ 4 ਮੀਟ੍ਰਿਕ ਟਨ ਤੋਂ ਵੱਧ ਕੇ 6 ਮੀਟ੍ਰਿਕ ਟਨ ਕਰ ਦਿੱਤਾ ਗਿਆ ਹੈ ਅਤੇ ਲੋੜ ਪੈਣ ਤਾਂ ਇਸ ਕੋਟੇ ਵਿਚ ਹੋਰ ਵਾਧਾ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪ੍ਰਧਾਨ ਸਕੱਤਰ ਜੀ.ਅਨੂਪਮਾ ਤੇ ਡਿਪਟੀ ਕਮਿਸ਼ਨਰ ਸ਼ਰਣਦੀਪ ਕੌਰ ਬਰਾੜ ਤੋਂ ਆਦੇਸ਼ ਮੈਡੀਕਲ ਕਾਲਜ, ਆਰੋਗਯ ਹਸਪਤਾਲ, ਬੀਐਸ ਹਾਰਟ ਕੇਅਰ, ਐਲਐਨਜੇਪੀ ਸਮੇਤ ਪੋਟਰਲ ‘ਤੇ ਰਜਿਸਟਰਡ 13 ਹਸਪਤਾਲਾਂ ਵਿਚ ਕਰੋਨਾ ਮਰੀਜਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ, ਆਕਸੀਜਨ ਗੈਸ, ਹਸਪਤਾਲਾਂ ਵਿਚ ਬੈਡ ਦੇ ਨਾਲ-ਨਾਲ ਕੋਵਿਡ 19 ਨਾਲ ਸਬੰਧਤ ਇਕ-ਇਕ ਵਿਵਸਥਾ ‘ਤੇ ਫੀਡਬੈਕ ਰਿਪੋਰਟ ਲਈ।

LEAVE A REPLY

Please enter your comment!
Please enter your name here