ਪ੍ਰਭੂ ਦਿਆਲ

ਸਿਰਸਾ, 21 ਜੁਲਾਈ

ਦੇਸ਼ਧ੍ਰੋਹ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਕਿਸਾਨਾਂ ਨੂੰ ਰਿਹਾਅ ਕਰਵਾਉਣ ਲਈ ਪ੍ਰਸ਼ਾਸਨ ਨਾਲ ਤਿੰਨ ਦੌਰ ਦੀ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਅੱਜ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਦਿਆਂ ਨੈਸ਼ਨਲ ਹਾਈ ਵੇਅ ਨੌਂ ਨੂੰ ਦੋ ਘੰਟਿਆਂ ਲਈ ਜਾਮ ਕੀਤਾ। ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈ ਵੇਅ ਨੌਂ ’ਤੇ ਸਥਿਤ ਟੌਲ ਪਲਾਜ਼ਾ ਭਾਵਦੀਨ, ਖੁਈਆਂ ਮਲਕਾਣਾ ਤੋਂ ਇਲਾਵਾ ਪੰਜੂਆਣਾ ਪਿੰਡ ਨੇੜੇ ਜਾਮ ਲਾਇਆ ਗਿਆ। ਜਾਮ ਸਵੇਰੇ 9 ਤੋਂ 11 ਵਜੇ ਲਾਇਆ ਗਿਆ। ਅਚਨਚੇਤ ਲਾਏ ਗਏ ਜਾਮ ਕਾਰਨ ਸੜਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਈ ਮੁਸਾਫ਼ਰਾਂ ਨੂੰ ਕਈ ਕਿਲੋਮੀਟਰ ਪੈਦਲ ਤੁਰਨਾ ਪਿਆ। ਜਾਮ ਦੌਰਾਨ ਐਂਬੂਲੈਂਸ ਤੇ ਮਿਲਟਰੀ ਦੇ ਵਾਹਨਾਂ ਨੂੰ ਛੋਟ ਦਿੱਤੀ ਗਈ ਸੀ। ਮਿੰਨੀ ਸਕੱਤਰੇਤ ਦੇ ਬਾਹਰ ਮੁੱਖ ਗੇਟ ’ਤੇ ਕਿਸਾਨਾਂ ਦਾ ਧਰਨਾ ਪੰਜਵੇ ਦਿਨ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਬਲਦੇਵ ਸਿੰਘ ਸਿਰਸਾ ਦਾ ਅੱਜ ਸਿਹਤ ਵਿਭਾਗ ਦੀ ਟੀਮ ਜਾਂਚ ਕੀਤੀ ਗਈ। ਉਨ੍ਹਾਂ ਦੇ ਭਾਰ ਵਿੱਚ ਉਤਰਾਅ ਚੜ੍ਹਾਅ ਦੱਸਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਚੜ੍ਹਦੀ ਕਲਾ ਵਿੱਚ ਹਨ। ‘ਜਾਂ ਤਾਂ ਕਿਸਾਨ ਕਿਸਾਨਾਂ ਨੂੰ ਰਿਹਾਅ ਕਰੇਗੀ ਜਾਂ ਇਥੋਂ ਮੇਰੀ ਲਾਸ਼ ਉੱਠੇਗੀ।’ ਉਨ੍ਹਾਂ ਨੇ ਕਿਹਾ ਕਿ ਜੇ ਮੈਨੂੰ ਕੁਝ ਹੁੰਦਾ ਹੈ ਤਾਂ ਇਸੇ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀ ਮੰਤਰੀ ਨਰਿੰਦਰ ਤੋਮਰ ਦੀ ਹੋਵੇਗੀ। ਕਿਸਾਨ ਆਗੂ ਲੱਖਵਿੰਦਰ ਸਿੰਘ ਲੱਖਾ, ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਹੈ ਕਿ ਹਾਲੇ ਤੱਕ ਸਰਕਾਰ ਦੇ ਕੰਨਾਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਜੂੰ ਨਹੀਂ ਸਰਕ ਰਹੀ ਹੈ। ਉਹ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ।

LEAVE A REPLY

Please enter your comment!
Please enter your name here