ਮੋਗਾ ਵਿੱਚ ਕਿਸਾਨਾਂ ਵੱਲੋਂ ਵਿਜੈ ਸਾਂਪਲਾ ਦਾ ਵਿਰੋਧ

0


ਮਹਿੰਦਰ ਸਿੰਘ ਰੱਤੀਆਂ

ਮੋਗਾ, 19 ਸਤੰਬਰ  

ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਕਿਸਾਨਾਂ ਦੇ ਵਿਰੋਧ ਕਾਰਨ ਅੱਜ ਇੱਥੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਗੈਸਟ ਹਾਊਸ ਨਹੀਂ ਪਹੁੰਚ ਸਕੇ। ਇੱਥੇ ਗੈਸਟ-ਹਾਊਸ ਵਿੱਚ ਦੁਪਹਿਰ ਦੋ ਵਜੇ ਪ੍ਰੋਗਰਾਮ ਸੀ, ਜਿਸ ਵਿੱਚ ਵਿਜੈ ਸਾਂਪਲਾ ਨੇ ਸ਼ਮੂਲੀਅਤ ਕਰਨੀ ਸੀ। ਕਿਸਾਨਾਂ ਨੂੰ ਉਨ੍ਹਾਂ ਦੇ ਆਉਣ ਬਾਰੇ ਭਿਣਕ ਪੈ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਤੇ ਬੀਬੀਆਂ ਵਿਸ਼ਰਾਮ ਘਰ ਮੂਹਰੇ ਪਹੁੰਚ ਗਏ। ਇਸ ਮੌਕੇ ਭਾਰੀ ਗਿਣਤੀ ’ਚ ਪੁਲੀਸ ਵੀ ਤਾਇਨਾਤ ਕੀਤੀ ਗਈ ਸੀ। ਕਿਸਾਨਾਂ ਦੇ ਸ਼ਾਮ ਤੱਕ ਡਟੇ ਰਹਿਣ ਕਾਰਨ ਭਾਜਪਾ ਆਗੂ ਗੈਸਟ ਹਾਊਸ ਨਾ ਪਹੁੰਚ ਸਕੇ। 

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਨੇ ਕਿਹਾ ਕਿ ਸ੍ਰੀ ਸਾਂਪਲਾ ਕਿਸਾਨਾਂ ਦੇ ਵਿਰੋਧ ਕਾਰਨ ਗੈਸਟ ਹਾਊਸ ਨਹੀਂ ਆਏ ਅਤੇ ਉਹ ਬਾਹਰ ਬਾਈਪਾਸ ’ਤੇ ਹੀ ਉਨ੍ਹਾਂ ਨੂੰ ਮਿਲ ਕੇ ਵਾਪਸ ਚਲੇ ਗਏ। ਗੈਸਟ ਹਾਊਸ ਅੱਗੇ ਡਟੇ ਕਿਸਾਨਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ  ਮੋਦੀ ਸਰਕਾਰ ਵੱਲੋਂ ਲਿਆਂਦੇ  ਕਾਲੇ ਖੇਤੀ ਕਾਨੂੰਨਾਂ ਕਾਰਨ ਖੂਨ ਪਸੀਨਾ ਵਹਾ ਕੇ ਬਣਾਈਆਂ ਪਿਤਾ ਪੁਰਖੀ ਪੈਲ਼ੀਆਂ ਸੰਕਟ ’ਚ ਹਨ। ਜਦੋਂਕਿ ਸਿਆਸਤਦਾਨ ਸਿਆਸੀ ਰੋਟੀਆਂ ਸੇਕ ਰਹੇ ਹਨ।  ਉਨ੍ਹਾਂ ਕਿਹਾ ਕਿ ਭਾਜਪਾ ਦੇ ਕਿਸੇ ਵੀ ਵਜ਼ੀਰ ਜਾਂ ਆਗੂ ਨੂੰ ਕੋਈ ਵੀ ਸਮਾਗਮ ਜਾਂ ਮੀਟਿੰਗ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਇਹ ਕਾਲੇ  ਖੇਤੀ ਕਾਨੂੰਨ ਲਿਆਂਦੇ ਹਨ।  

ਕਿਸਾਨ ਜਥੇਬੰਦੀਆਂ ਵੱਲੋਂ ਬਸਪਾ ਦੇ ਸਮਾਗਮ ਦਾ ਵਿਰੋਧ

ਬੋਹਾ (ਪੱਤਰ ਪ੍ਰੇਰਕ): ਬਹੁਜਨ ਸਮਾਜ ਪਾਰਟੀ ਵੱਲੋਂ ਇਥੇ ਮਨਾਏ ਜਾ ਰਹੇ ਸ਼ਹੀਦ ਬਾਬਾ ਜੀਵਨ ਸਿੰਘ ਉਰਫ਼ ਭਾਈ ਜੈਤਾ  ਜੀ ਦੇ ਜਨਮ ਦਿਹਾੜੇ ਦੇ ਸਮਾਗਮ ਮੌਕੇ ਕਿਸਾਨ ਜਥੇਬੰਦੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਇਸ ਮੌਕੇ ਪਾਰਟੀ ਆਗੂਆਂ ’ਤੇ ਸਿਆਸੀ ਸਮਾਗਮ ਕਰਨ ਦਾ ਦੋਸ਼ ਲਾਉਂਦਿਆਂ ਹਾਲ ਦੇ ਬਾਹਰ ਧਰਨਾ ਲਾਇਆ। ਇਸ ਧਰਨੇ ਵਿਚ ਕਿਸਾਨ ਆਗੂ ਅਵਤਾਰ ਸਿੰਘ ਗਾਦੜਪੱਤੀ, ਚੇਤ ਸਿੰਘ, ਹਰੀ ਸਿੰਘ ਮੰਡੇਰ ਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਲੰਘੇ ਨੂੰ ਕਈ ਦਿਨ ਹੋ ਚੁੱਕੇ ਹਨ, ਪਰ  ਬਹੁਜਨ ਸਮਾਜ ਪਾਰਟੀ ਹੁਣ  ਉਨ੍ਹਾਂ ਦੇ ਜਨਮ ਦਿਹਾੜੇ ਦੇ ਨਾਂ ਹੇਠ ਸਿਆਸੀ ਇਕੱਠ ਕਰ ਰਹੀ ਹੈ।  ਉਨ੍ਹਾਂ  ਕਿਹਾ ਕਿ ਉਹ ਬਾਬਾ ਜੀਵਨ ਸਿੰਘ ਦਾ ਪੂਰਾ ਸਤਿਕਾਰ ਕਰਦੇ ਹਨ, ਪਰ ਉਨ੍ਹਾਂ  ਦੇ ਨਾਂ ’ਤੇ ਹੋਣ ਵਾਲੀ ਸਿਅਸਤ ਦੇ ਸਖ਼ਤ ਵਿਰੋਧੀ ਹਨ।  ਇਸ ਸਮਾਗਮ ਨੂੰ ਸੰਬੋਧਨ ਕਰਨ ਲਈ ਬਸਪਾ ਪੰਜਾਬ ਦੇ ਸੂਬਾਈ ਜਨਰਲ  ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ  ਵੀ ਪਹੁੰਚੇ ਸਨ, ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਸੰਬੋਧਨ ਨਹੀਂ ਕੀਤਾ। 


Leave a Reply