ਮੋਤੀ ਮਹਿਲ ਦਾ ਰਾਹ ਛੱਡ ਸਿੱਧੂ ਦੀ ਕੋਠੀ ਵੱਲ ਵਧੇ ਠੇਕਾ ਮੁਲਾਜ਼ਮ

1


ਸਰਬਜੀਤ ਸਿੰਘ ਭੰਗੂ

ਪਟਿਆਲਾ, 19 ਸਤੰਬਰ

‘ਮਾਣ-ਭੱਤਾ, ਕੱਚਾ ਤੇ ਕੰਟਰੈਕਟ ਮੁਲਾਜ਼ਮ ਮੋਰਚਾ’ ਵੱਲੋਂ ਇੱਥੇ ਪੁੱੱਡਾ ਗਰਾਊਂਡ ਵਿੱਚ ਲਾਏ ਗਏ ਤਿੰਨ ਰੋਜ਼ਾ ਧਰਨੇ ਦੇ ਅੰਤਲੇ ਦਿਨ ਐਤਵਾਰ ਨੂੰ ਇੱਥੇ ਯਾਦਵਿੰਦਰਾ ਕਲੋਨੀ ’ਚ ਸਥਿਤ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਮੁਲਾਜ਼ਮਾਂ ਦੇ ਇਸ ਕਾਫਲੇ ਨੂੰ ਕੋਠੀ ਤੋਂ ਰਤਾ ਕੁ ਪਿੱਛੇ ਮਾਲ ਰੋਡ ’ਤੇ ਹੀ ਰੋਕ ਲਿਆ। ਇਸ ਦੌਰਾਨ ਮੁਲਾਜ਼ਮਾਂ ਨੇ ਇੱਥੇ ਬੈਠ ਕੇ ਹੀ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਉਂਜ ਪਹਿਲਾਂ ਕੈਪਟਨ ਅਮਰਿੰਦਰ ਸਿੰੰਘ ਦੀ ਰਿਹਾਇਸ਼ ਦਾ ਘਿਰਾਓ ਕੀਤੇ ਜਾਣ ਦਾ ਪ੍ਰੋਗਰਾਮ ਸੀ ਪਰ ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਮਗਰੋਂ ਮੁਲਾਜ਼ਮਾਂ ਨੇ ਪ੍ਰੋਗਰਾਮ ’ਚ ਤਬਦੀਲੀ ਕਰਕੇ ਸਿੱਧੂ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ। ਜ਼ਿਕਰਯੋਗ ਹੈ ਕਿ ਇਸ ਮੁਲਾਜ਼ਮ ਜਥੇਬੰਦੀ ’ਚ ਆਂਗਨਵਾੜੀ, ਆਸ਼ਾ ਵਰਕਰ, ਸਟਾਫ ਨਰਸ, ਸਿੱਖਿਆ ਵਿਭਾਗ ਸਮੇਤ ਕਈ ਹੋਰ ਵਿਭਾਗਾਂ ਨਾਲ ਸਬੰਧਿਤ ਮੁਲਾਜ਼ਮ ਸ਼ਾਮਲ ਹਨ। ਧਰਨੇ ਨੂੰ ਮੋਰਚੇ ਦੇ ਆਗੂਆਂ, ਪਰਮਜੀਤ ਕੌਰ ਮਾਨ, ਬਲਵੀਰ ਸਿਵੀਆ, ਪਰਵੀਨ ਸ਼ਰਮਾ, ਪਰਮਜੀਤ ਕੌਰ ਮਾਨ, ਲਖਵਿੰਦਰ ਕੌਰ ਫਰੀਦਕੋਟ, ਰਛਪਾਲ ਜੋਧਾਨਗਰੀ, ਜਸਵਿੰਦਰ ਕੌਰ, ਕਿਰਨਜੀਤ ਕੌਰ ਮੁਹਾਲੀ ਅਤੇ ਕਿਰਨਪਾਲ ਕੌਰ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ। ਸਰਕਾਰ ’ਤੇ ਮੁਲਾਜ਼ਮਾਂ ਦਾ ਸੋਸ਼ਣ ਕਰਨ ਦਾ ਦੋਸ਼ ਲਾਉਂਦਿਆਂ, ਬੁਲਾਰਿਆਂ ਕਿਹਾ ਕਿ ਨਿਗੂਣੀਆਂ ਤਨਖ਼ਾਹਾਂ ਅਤੇ ਤੁੱਛ ਜਿਹਾ ਮਾਣਭੱਤਾ ਦੇ ਕੇ ਵੀ ਕਈ ਕਈ ਘੰਟੇ ਵੱਧ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਠੇਕਾ ਆਧਾਰਿਤ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਮਾਣ-ਭੱਤੇ ਵਾਲੇ ਵਰਕਰਾਂ ’ਤੇ ਘੱਟੋ-ਘੱਟੋ ਉਜਰਤ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ। ਬੁਲਾਰਿਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਸਮੇਤ ਹੋਰਨਾਂ ਵਰਗਾਂ ਦੀਆਂ ਮੰਗਾਂ, ਮਸਲਿਆਂ ਅਤੇ ਮੁਸ਼ਕਲਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੀ ਦੁਰਦਸ਼ਾ ਦਾ ਸਾਹਮਣਾ ਕਰਨਾ ਪਿਆ ਹੈ।

ਉਨ੍ਹਾਂ ਤਾੜਨਾ ਕੀਤੀ ਕਿ ਸਰਕਾਰ ਦੀ ਵਾਗਡੋਰ ਸੰਭਾਲਣ ਵਾਲੀ ਨਵੀਂ ਟੀਮ ਨੇ ਵੀ ਜੇ ਸਬਕ ਨਾ ਲਿਆ, ਤਾਂ ਹਸ਼ਰ ਮਾੜਾ ਹੋਵੇਗਾ। ਇਸ ਮੌਕੇ ਮਮਤਾ ਸ਼ਰਮਾ, ਅਮਰਜੀਤ ਕੌਰ ਕੰਮੇਆਣਾ, ਸਰਬਜੀਤ ਕੌਰ ਜਲੰਧਰ, ਕਮਲਜੀਤ ਪੱਤੀ, ਸਰਬਜੀਤ ਕੌਰ ਮਚਾਕੀ, ਹਰਜੀਤ ਕੌਰ ਸਮਰਾਲਾ, ਪਿੰਕੀ ਰਾਣੀ ਖਰਾਬਗੜ੍ਹ, ਚਮਕੌਰ ਸਿੰਘ, ਸੰਜੂ ਸਿੰਘ ਮੂਣਕ ਅਤੇ ਜਗਦੇਵ ਸਿੰਘ, ਜਰਮਨਜੀਤ ਸਿੰਘ, ਹਰਦੀਪ ਟੋਡਰਪੁਰ, ਹਰਿੰਦਰ ਦੁਸਾਂਝ, ਗੁਰਜੀਤ ਘੱਗਾ, ਵਿਕਰਮਦੇਵ ਸਿੰਘ, ਮੁਕੇਸ਼ ਗੁਜਰਾਤੀ ਅਤੇ ਕਸ਼ਮੀਰ ਸਿੰਘ ਬਿੱਲਾ ਆਦਿ ਨੇ ਸ਼ਿਰਕਤ ਕੀਤੀ। ਪਰਵੀਨ ਸ਼ਰਮਾ ਨੇ ਦੱਸਿਆ ਕਿ 24 ਸਤੰਬਰ ਲਈ ਨਵਜੋਤ ਸਿੱਧੂ ਨਾਲ਼ ਮੀਟਿੰਗ ਤੈਅ ਹੋਣ ’ਤੇ ਧਰਨਾ ਸਮਾਪਤ ਕਰ ਦਿੱਤਾ ਗਿਆ।


Leave a Reply